ਨੇਪਾਲ ਹੜ੍ਹਾਂ ਦੌਰਾਨ ਤਰਨਤਾਰਨ ਦੇ ਪਿੰਡ ਰੱਤੋਕੇ ਦਾ ਵਸਨੀਕ ਆਪਣੇ ਦੋ ਰਿਸਤੇਦਾਰਾਂ ਸਮੇਤ ਲਾਪਤਾ
25 ਅਗਸਤ ਨੂੰ ਹੋਈ ਸੀ ਆਖਰੀ ਵਾਰ ਗੱਲ,ਪਰਿਵਾਰ ਨੇ ਡੀਸੀ ਨੂੰ ਪੱਤਰ ਲਿਖ ਕੇ ਭਾਰਤੀ ਦੂਤਾਵਾਸ ਰਾਹੀਂ ਭਾਲ ਦੀ ਕੀਤੀ ਮੰਗ
ਰਾਕੇਸ਼ ਨਈਅਰ/ Babushahi Network
ਚੋਹਲਾ ਸਾਹਿਬ/ਤਰਨਤਾਰਨ, 29 ਅਗਸਤ
ਨੇਪਾਲ ਵਿੱਚ ਆਏ ਹੜ੍ਹਾਂ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰੱਤੋਕੇ ਦੇ ਵਸਨੀਕ ਸ਼ਮਸ਼ੇਰ ਸਿੰਘ ਸੰਧੂ ਅਤੇ ਉਸਦੇ ਦੋ ਰਿਸ਼ਤੇਦਾਰਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਘਟਨਾ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਹ ਲਾਪਤਾ ਵਿਅਕਤੀਆਂ ਦੀ ਸੁਰੱਖਿਅਤ ਵਾਪਸੀ ਲਈ ਸਰਕਾਰ ਤੋਂ ਮਦਦ ਦੀ ਉਮੀਦ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਸੰਧੂ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਰੱਤੋਕੇ,ਨੇਪਾਲ ਵਿਖੇ ਐਨਡਰਿਟਜ਼ ਕੰਪਨੀ ਦੇ ਤ੍ਰਿਸ਼ੂਲ ਅੱਪਰ ਪਾਵਰ ਹਾਊਸ ਪ੍ਰਾਜੈਕਟ ਵਿੱਚ ਕਰੇਨ ਆਪਰੇਟਰ ਵਜੋਂ ਨੌਕਰੀ ਕਰਦਾ ਹੈ। ਉਸਦੇ ਨਾਲ ਉਸਦਾ ਸਾਲਾ ਭੁਪਿੰਦਰ ਸਿੰਘ ਅਤੇ ਇੱਕ ਹੋਰ ਸਾਲੇ ਦਾ ਲੜਕਾ ਰਸ਼ਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵੀ ਉੱਥੇ ਰਹਿੰਦੇ ਸਨ।
ਪਰਿਵਾਰਕ ਮੈਂਬਰਾਂ ਅਨੁਸਾਰ ਨੇਪਾਲ ਵਿੱਚ ਆਏ ਹੜ੍ਹਾਂ ਤੋਂ ਬਾਅਦ ਤਿੰਨਾਂ ਨਾਲ ਸੰਪਰਕ ਟੁੱਟ ਗਿਆ।ਪਰਿਵਾਰਕ ਮੈਂਬਰ ਗੁਰਜੰਟ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਸੰਧੂ ਨਾਲ 25 ਅਗਸਤ ਨੂੰ ਵਟਸਐਪ ਕਾਲ ਰਾਹੀਂ ਆਖਰੀ ਵਾਰ ਗੱਲ ਹੋਈ ਸੀ।ਇਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ,ਜਿਸ ਕਾਰਨ ਪਰਿਵਾਰ ਦੀ ਚਿੰਤਾ ਹੋਰ ਵਧ ਗਈ ਹੈ।
-ਪੰਚਾਇਤ ਨੇ ਡੀਸੀ ਤਰਨਤਾਰਨ ਨੂੰ ਲਿਖਿਆ ਪੱਤਰ-
ਇਸ ਮਾਮਲੇ ਨੂੰ ਲੈ ਕੇ ਪਿੰਡ ਦੀ ਸਰਪੰਚ ਸ਼ੋਭਾ ਕੁਮਾਰੀ ਨੇ ਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਪੱਤਰ ਲਿਖਿਆ ਹੈ।ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਨਾਲ ਤੁਰੰਤ ਸੰਪਰਕ ਕਰਕੇ ਨੇਪਾਲ ਵਿੱਚ ਚੱਲ ਰਹੇ ਬਚਾਅ ਕਾਰਜਾਂ ਰਾਹੀਂ ਲਾਪਤਾ ਵਿਅਕਤੀਆਂ ਦੀ ਸੁਰੱਖਿਆ ਅਤੇ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ।
ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੇਪਾਲੀ ਅਧਿਕਾਰੀਆਂ ਅਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਲਾਪਤਾ ਵਿਅਕਤੀਆਂ ਦੀ ਭਾਲ ਲਈ ਹਰ ਸੰਭਵ ਯਤਨ ਕੀਤੇ ਜਾਣ।
- Download Babushahi App
-
-