ਗੁਰਸਿੱਖ ਨੂੰ ਇਨਸਾਫ ਦਿਵਾਉਣ ਲਈ ਸਾਲਾਂ ਤੱਕ ਲੜੇ ਵਿਧਾਇਕ ਗਿਆਸਪੁਰਾ, ਹੁਣ ਅਦਾਲਤੀ ਫੈਸਲੇ ਨਾਲ ਸੱਚ ਦੀ ਹੋਈ ਜਿੱਤ
ਗੁਰਸਿੱਖ ਨੂੰ ਇਨਸਾਫ ਦਿਵਾਉਣ ਲਈ ਸਾਲਾਂ ਤੱਕ ਲੜੇ ਆਪ ਵਿਧਾਇਕ ਗਿਆਸਪੁਰਾ, ਹੁਣ ਅਦਾਲਤੀ ਫੈਸਲੇ ਨਾਲ ਸੱਚ ਦੀ ਹੋਈ ਜਿੱਤ
ਸਦਰ ਥਾਣੇ ’ਚ ਕੁੱਟਮਾਰ ਮਾਮਲੇ ’ਚ ਤਤਕਾਲੀ ਐਸਐਚਓ ਨੂੰ 3 ਸਾਲ ਦੀ ਸਜ਼ਾ, ਗਿਆਸਪੁਰਾ ਨੇ ਕੀਤਾ ਫੈਸਲੇ ਦਾ ਸਵਾਗਤ
ਰਵਿੰਦਰ ਸਿੰਘ ਢਿੱਲੋਂ, ਖੰਨਾ
ਖੰਨਾ ਦੇ ਸਦਰ ਥਾਣੇ ਵਿੱਚ ਸਾਲ 2019 ਦੌਰਾਨ ਇੱਕ ਗੁਰਸਿੱਖ ਵਿਅਕਤੀ ਜਗਪਾਲ ਸਿੰਘ ਜੋਗੀ, ਉਸਦੇ ਪੁੱਤ ਅਤੇ ਸਾਥੀ ਨੂੰ ਨੰਗਾ ਕਰਕੇ ਕੁੱਟਣ ਅਤੇ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਤਤਕਾਲੀ ਐਸਐਚਓ ਬਲਜਿੰਦਰ ਸਿੰਘ ਨੂੰ ਅਦਾਲਤ ਵੱਲੋਂ ਤਿੰਨ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਸ ਮਾਮਲੇ ਵਿੱਚ ਲੰਬਾ ਸੰਘਰਸ਼ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਮੌਕੇ ਗਿਆਸਪੁਰਾ ਨੂੰ ਉਨ੍ਹਾਂ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੀਤੇ ਸੰਘਰਸ਼ ਲਈ ਸਨਮਾਨਿਤ ਵੀ ਕੀਤਾ ਗਿਆ।
ਖੰਨਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਹ ਸਿਰਫ਼ ਇੱਕ ਪਰਿਵਾਰ ਦਾ ਮਾਮਲਾ ਨਹੀਂ ਸੀ, ਸਗੋਂ ਪੁਲਿਸ ਹਿਰਾਸਤ ਵਿੱਚ ਮਨੁੱਖੀ ਅਧਿਕਾਰਾਂ ਅਤੇ ਇਨਸਾਫ ਨਾਲ ਜੁੜਿਆ ਗੰਭੀਰ ਮਾਮਲਾ ਸੀ। ਉਨ੍ਹਾਂ ਕਿਹਾ ਕਿ ਜਦੋਂ ਸਾਲ 2019 ਵਿੱਚ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਪੀੜਤ ਪਰਿਵਾਰ ਕੋਲ ਇਨਸਾਫ ਲਈ ਲੜਨ ਵਾਸਤੇ ਲੋੜੀਂਦੇ ਸਬੂਤ ਵੀ ਨਹੀਂ ਸਨ।
ਗਿਆਸਪੁਰਾ ਨੇ ਦੱਸਿਆ ਕਿ ਕੁਝ ਮਹੀਨਿਆਂ ਬਾਅਦ ਜਦੋਂ ਕੁੱਟਮਾਰ ਦੀ ਵੀਡੀਓ ਉਨ੍ਹਾਂ ਦੇ ਹੱਥ ਲੱਗੀ ਤਾਂ ਉਨ੍ਹਾਂ ਨੇ ਪੀੜਤ ਪਰਿਵਾਰ ਦੇ ਨਾਲ ਖੜ੍ਹਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਇਨਸਾਫ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਸ਼ੁਰੂ ਕੀਤਾ ਗਿਆ। ਥਾਣਿਆਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ, ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ਲਗਾਏ ਗਏ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਲਗਾਤਾਰ ਸੰਘਰਸ਼ ਦੇ ਬਾਵਜੂਦ ਇਨਸਾਫ ਦੀ ਰਾਹ ਆਸਾਨ ਨਹੀਂ ਸੀ। ਆਖਰਕਾਰ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ। ਐਸਆਈਟੀ ਦੀ ਜਾਂਚ ਤੋਂ ਬਾਅਦ ਕਰੀਬ ਇੱਕ ਸਾਲ ਇੱਕ ਮਹੀਨੇ ਦੀ ਲੰਬੀ ਜੱਦੋਜਹਿਦ ਮਗਰੋਂ ਸਾਲ 2020 ਵਿੱਚ ਤਤਕਾਲੀ ਐਸਐਚਓ ਬਲਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਹੋ ਸਕਿਆ।
ਗਿਆਸਪੁਰਾ ਨੇ ਕਿਹਾ ਕਿ ਕੇਸ ਦਰਜ ਹੋਣ ਤੋਂ ਬਾਅਦ ਵੀ ਲੜਾਈ ਖਤਮ ਨਹੀਂ ਹੋਈ। ਉਨ੍ਹਾਂ ਦੇ ਸਾਥੀ ਸਰਬਜੀਤ ਸਿੰਘ ਕੰਗ ਵੱਲੋਂ ਮਾਮਲੇ ਦੀ ਲਗਾਤਾਰ ਪੈਰਵੀ ਕੀਤੀ ਗਈ ਅਤੇ ਪੀੜਤ ਪਰਿਵਾਰ ਨੂੰ ਹਰ ਪੱਧਰ ’ਤੇ ਕਾਨੂੰਨੀ ਸਹਾਇਤਾ ਅਤੇ ਹੌਸਲਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਬਾਅਦ ਹੁਣ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਪੀੜਤ ਪਰਿਵਾਰ ਅਤੇ ਉਨ੍ਹਾਂ ਸਾਰੇ ਲੋਕਾਂ ਲਈ ਵੱਡੀ ਜਿੱਤ ਹੈ, ਜਿਨ੍ਹਾਂ ਨੇ ਇਨਸਾਫ ਲਈ ਆਵਾਜ਼ ਬੁਲੰਦ ਕੀਤੀ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਉਹ ਅਦਾਲਤ ਵੱਲੋਂ ਸੁਣਾਈ ਗਈ ਤਿੰਨ ਸਾਲ ਦੀ ਸਜ਼ਾ ਦਾ ਸਵਾਗਤ ਕਰਦੇ ਹਨ, ਪਰ ਇਸ ਘਿਨਾਉਣੀ ਹਰਕਤ ਦੇ ਮੁਕਾਬਲੇ ਇਹ ਸਜ਼ਾ ਘੱਟ ਹੈ। ਉਨ੍ਹਾਂ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਗੱਲਬਾਤ ਕਰਕੇ ਸਜ਼ਾ ਵਧਾਉਣ ਲਈ ਹਾਈਕੋਰਟ ਦਾ ਰੁਖ ਕਰਨਗੇ ਅਤੇ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਉਣ ਲਈ ਹਰ ਸੰਭਵ ਕਾਨੂੰਨੀ ਕੋਸ਼ਿਸ਼ ਕੀਤੀ ਜਾਵੇਗੀ।
ਗਿਆਸਪੁਰਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨਾਲ ਅਜਿਹਾ ਵਿਵਹਾਰ ਕਰਨ ਵਾਲੇ ਅਧਿਕਾਰੀਆਂ ਲਈ ਕੋਈ ਰਿਆਇਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਜਿਹੇ ਅਧਿਕਾਰੀਆਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੋਈ ਥਾਂ ਨਹੀਂ ਹੈ। ਉਹ ਤਤਕਾਲੀ ਐਸਐਚਓ ਬਲਜਿੰਦਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੂੰ ਵੀ ਪੱਤਰ ਲਿਖਣਗੇ।
- Download Babushahi App
-
-