ਤਰਨ ਤਾਰਨ : ਦਿਨ-ਦਿਹਾੜੇ ਲੁੱਟ ਤੋਂ ਬਾਅਦ ਔਰਤ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਸਨਸਨੀ
ਬਾਬੂਸ਼ਾਹੀ ਬਿਊਰੋ
ਪੱਟੀ/ਤਰਨ ਤਾਰਨ (ਬਲਜੀਤ ਸਿੰਘ): ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮਾਲੀਆ ਕਲਾਂ ਵਿਖੇ ਦਿਨ-ਦਿਹਾੜੇ ਲੁੱਟ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਦੋ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਵੱਲੋਂ ਔਰਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ 38 ਸਾਲਾ ਕੁਲਦੀਪ ਕੌਰ ਪਤਨੀ ਲਖਵਿੰਦਰ ਸਿੰਘ (ਸਾਬਕਾ ਫੌਜੀ) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਘਟਨਾ ਉਸ ਵੇਲੇ ਵਾਪਰੀ ਜਦੋਂ ਰੱਖੜੀ ਦੇ ਪਵਿੱਤਰ ਤਿਉਹਾਰ ਦੌਰਾਨ ਮ੍ਰਿਤਕਾ ਦਾ ਪੁੱਤਰ ਸਕੂਲ ਗਿਆ ਹੋਇਆ ਸੀ। ਸਵੇਰੇ ਕਰੀਬ 10:52 ਵਜੇ ਮੋਟਰਸਾਈਕਲ 'ਤੇ ਆਏ ਦੋ ਨਕਾਬਪੋਸ਼ਾਂ ਨੇ ਘਰ 'ਚ ਦਾਖਲ ਹੋ ਕੇ ਲੁੱਟ-ਖੋਹ ਕੀਤੀ ਅਤੇ ਔਰਤ ਦਾ ਕਤਲ ਕਰਕੇ ਕਰੀਬ 11:20 ਵਜੇ ਫਰਾਰ ਹੋ ਗਏ। ਪਰਿਵਾਰ ਅਨੁਸਾਰ ਲੁਟੇਰੇ ਘਰ ਵਿੱਚੋਂ ਕਰੀਬ 70 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੀਆਂ ਵਾਲੀਆਂ, ਚੇਨੀ ਅਤੇ ਅੰਗੂਠੀ ਲੈ ਕੇ ਫਰਾਰ ਹੋ ਗਏ।
ਇਸ ਘਟਨਾ ਕਾਰਨ ਪੂਰੇ ਪਰਿਵਾਰ 'ਚ ਮਾਤਮ ਛਾ ਗਿਆ ਹੈ। ਮ੍ਰਿਤਕਾ ਦਾ ਭਰਾ ਜੋ ਇੰਗਲੈਂਡ ਵਿਖੇ ਰਹਿੰਦਾ ਹੈ, ਆਪਣੀ ਭੈਣ ਤੋਂ ਰੱਖੜੀ ਬਨਵਾਉਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਭੈਣ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਹ ਸਦਮੇ ਵਿੱਚ ਆ ਗਿਆ ਅਤੇ ਭਾਰਤ ਲਈ ਰਵਾਨਾ ਹੋ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਇਨਵੈਸਟੀਗੇਸ਼ਨ ਸ਼ਿਵ ਦਰਸ਼ਨ ਸਿੰਘ ਅਤੇ ਥਾਣਾ ਸਿਟੀ ਮੁੱਖੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
- Download Babushahi App
-
-