ਏਸ਼ੀਆਈ ਖੇਡਾਂ 2026 ਲਈ ਭਾਰਤੀ ਅਥਲੈਟਿਕਸ ਦਾ ਦਮਦਾਰ ਦਸਤਾ ਤਿਆਰ
---ਨੀਰਜ ਚੋਪੜਾ ਦੀ ਅਗਵਾਈ ’ਚ 73 ਅਥਲੀਟ ਮੈਦਾਨ ’ਚ ਉਤਰਨਗੇ, ਪਾਰੁਲ ਚੌਧਰੀ ਸਮੇਤ 5 ਪਿਛਲੇ ਚੈਂਪੀਅਨ ਖ਼ਿਤਾਬ ਬਚਾਉਣ ਲਈ ਤਿਆਰ
ਸੁਖਮਿੰਦਰ ਭੰਗੂ
ਜਾਪਾਨ ਦੇ ਆਇਚੀ-ਨਾਗੋਆ ਵਿੱਚ 19 ਸਤੰਬਰ ਤੋਂ 4 ਅਕਤੂਬਰ 2026 ਤੱਕ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤ ਨੇ ਅਥਲੈਟਿਕਸ ਵਿੱਚ ਆਪਣਾ ਵੱਡਾ ਅਤੇ ਤਜਰਬੇਕਾਰ ਦਸਤਾ ਤਿਆਰ ਕਰ ਲਿਆ ਹੈ। ਭਾਰਤੀ ਖੇਡ ਮੰਤਰਾਲੇ ਵੱਲੋਂ ਮਨਜ਼ੂਰ ਕੀਤੇ 492 ਮੈਂਬਰੀ ਭਾਰਤੀ ਦਲ ਵਿੱਚ ਅਥਲੈਟਿਕਸ ਸਭ ਤੋਂ ਵੱਡਾ ਖੇਡ ਦਸਤਾ ਹੈ, ਜਿਸ ਵਿੱਚ 73 ਅਥਲੀਟ—35 ਪੁਰਸ਼ ਅਤੇ 38 ਮਹਿਲਾਵਾਂ ਸ਼ਾਮਲ ਹਨ।
ਇਸ ਦਸਤੇ ਦੀ ਸਭ ਤੋਂ ਵੱਡੀ ਉਮੀਦ ਨੀਰਜ ਚੋਪੜਾ ਹਨ। ਜੈਵਲਿਨ ਥ੍ਰੋ ਦੇ ਓਲੰਪਿਕ ਤਮਗਾ ਜੇਤੂ ਨੀਰਜ ਏਸ਼ੀਆਈ ਖੇਡਾਂ ਵਿੱਚ ਲਗਾਤਾਰ ਤੀਜਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਦੇ ਇਰਾਦੇ ਨਾਲ ਉਤਰਣਗੇ। ਉਨ੍ਹਾਂ ਨੇ 2018 ਅਤੇ 2022 ਵਿੱਚ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜਿੱਤਿਆ ਸੀ।
ਨੀਰਜ ਤੋਂ ਹੈਟ੍ਰਿਕ ਦੀ ਉਮੀਦ
ਜੈਵਲਿਨ ਵਿੱਚ ਨੀਰਜ ਦੇ ਨਾਲ ਰੋਹਿਤ ਯਾਦਵ ਵੀ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। ਰੋਹਿਤ ਨੇ ਹਾਲ ਹੀ ਵਿੱਚ 87.68 ਮੀਟਰ ਦਾ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਭਾਰਤੀ ਜੈਵਲਿਨ ਦਸਤੇ ਦੀ ਤਾਕਤ ਹੋਰ ਵਧੀ ਹੈ।
ਪਾਰੁਲ ਚੌਧਰੀ—ਭਾਰਤ ਦੀ ਲੰਬੀ ਦੌੜ ਦੀ ਵੱਡੀ ਉਮੀਦ
ਮਹਿਲਾ ਵਰਗ ਵਿੱਚ ਪਾਰੁਲ ਚੌਧਰੀ ਭਾਰਤ ਦੀਆਂ ਪ੍ਰਮੁੱਖ ਤਮਗਾ ਉਮੀਦਾਂ ਵਿੱਚੋਂ ਇੱਕ ਹਨ। ਉਹ 1500 ਮੀਟਰ, 5000 ਮੀਟਰ ਅਤੇ 3000 ਮੀਟਰ ਸਟੀਪਲਚੇਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੀਆਂ।
ਹਾਂਗਝੋ ਏਸ਼ੀਆਈ ਖੇਡਾਂ ਦੀ ਚੈਂਪੀਅਨ ਪਾਰੁਲ ਆਪਣੇ ਖ਼ਿਤਾਬ ਦਾ ਬਚਾਅ ਕਰਨ ਦੇ ਨਾਲ-ਨਾਲ ਕਈ ਈਵੈਂਟਾਂ ਵਿੱਚ ਭਾਰਤ ਲਈ ਤਮਗੇ ਜਿੱਤਣ ਦੀ ਕੋਸ਼ਿਸ਼ ਕਰੇਗੀ। 2026 ਵਿੱਚ ਵੀ ਉਨ੍ਹਾਂ ਨੇ 5000 ਮੀਟਰ ਵਿੱਚ ਭਾਰਤੀ ਰਿਕਾਰਡ ਨੂੰ ਹੋਰ ਬਿਹਤਰ ਕੀਤਾ ਹੈ।
ਅਵਿਨਾਸ਼ ਸਾਬਲੇ ਦੀ ਵਾਪਸੀ ਵੀ ਖ਼ਾਸ
ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਅਵਿਨਾਸ਼ ਸਾਬਲੇ ਭਾਰਤ ਦੀ ਵੱਡੀ ਉਮੀਦ ਹੋਣਗੇ। ਹਾਂਗਝੋ ਵਿੱਚ ਸੋਨ ਤਮਗਾ ਜਿੱਤਣ ਵਾਲੇ ਸਾਬਲੇ ਲਈ 2026 ਦਾ ਸਫ਼ਰ ਖ਼ਾਸ ਹੈ, ਕਿਉਂਕਿ ਉਹ ਸੱਟਾਂ ਕਾਰਨ ਪ੍ਰਭਾਵਿਤ ਦੌਰ ਤੋਂ ਬਾਅਦ ਵਾਪਸੀ ਕਰ ਰਹੇ ਹਨ। ਉਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੈ।
ਤਜਿੰਦਰ ਤੂਰ ਵੀ ਰਚ ਸਕਦੇ ਹਨ ਇਤਿਹਾਸ
ਸ਼ਾਟ ਪੁੱਟ ਵਿੱਚ ਤਜਿੰਦਰਪਾਲ ਸਿੰਘ ਤੂਰ ਦੀ ਨਜ਼ਰ ਵੀ ਲਗਾਤਾਰ ਤੀਜੇ ਏਸ਼ੀਆਈ ਖੇਡਾਂ ਦੇ ਸੋਨ ਤਮਗੇ ’ਤੇ ਹੋਵੇਗੀ। ਉਹ ਪਹਿਲਾਂ ਹੀ ਏਸ਼ੀਆਈ ਖੇਡਾਂ ਵਿੱਚ ਆਪਣਾ ਦਬਦਬਾ ਸਾਬਤ ਕਰ ਚੁੱਕੇ ਹਨ ਅਤੇ ਇਸ ਵਾਰ ਵੀ ਭਾਰਤ ਦੀਆਂ ਸਭ ਤੋਂ ਮਜ਼ਬੂਤ ਤਮਗਾ ਉਮੀਦਾਂ ਵਿੱਚ ਸ਼ਾਮਲ ਹਨ।
ਮਹਿਲਾ ਟੀਮ ਵਿੱਚ ਜੋਤੀ ਯਾਰਾਜੀ ਤੋਂ ਵੱਡੀਆਂ ਉਮੀਦਾਂ
100 ਮੀਟਰ ਹਰਡਲਜ਼ ਵਿੱਚ ਜੋਤੀ ਯਾਰਾਜੀ ਭਾਰਤ ਦੀ ਅਹਿਮ ਉਮੀਦ ਹਨ। ਉਨ੍ਹਾਂ ਦੇ ਨਾਲ ਨੰਧਿਨੀ ਕੇ. ਵੀ ਮੈਦਾਨ ਵਿੱਚ ਹੋਣਗੀਆਂ। 400 ਮੀਟਰ ਹਰਡਲਜ਼ ਵਿੱਚ ਵਿਥਿਆ ਰਾਮਰਾਜ ਅਤੇ ਅਨੂ ਰਾਘਵਨ ਭਾਰਤੀ ਚੁਣੌਤੀ ਪੇਸ਼ ਕਰਨਗੀਆਂ।
ਲੰਬੀ ਦੌੜ ਵਿੱਚ ਪਾਰੁਲ ਦੇ ਨਾਲ ਸੀਮਾ ਅਤੇ ਅੰਕਿਤਾ ਧਿਆਨੀ ਵਰਗੀਆਂ ਅਥਲੀਟਾਂ ਵੀ ਭਾਰਤ ਦੇ ਦਾਅਵੇ ਨੂੰ ਮਜ਼ਬੂਤ ਕਰਨਗੀਆਂ।
ਜੰਪ ਅਤੇ ਥ੍ਰੋ ਇਵੈਂਟਾਂ ਵਿੱਚ ਵੀ ਮਜ਼ਬੂਤ ਦਾਅਵਾ
ਭਾਰਤੀ ਦਸਤੇ ਵਿੱਚ ਜੰਪ ਅਤੇ ਥ੍ਰੋ ਈਵੈਂਟਾਂ ਦੇ ਕਈ ਪ੍ਰਮੁੱਖ ਨਾਮ ਸ਼ਾਮਲ ਹਨ। ਪੁਰਸ਼ਾਂ ਵਿੱਚ ਮੁਰਲੀ ਸ੍ਰੀਸ਼ੰਕਰ, ਸ਼ਾਹਨਵਾਜ਼ ਖ਼ਾਨ, ਪ੍ਰਵੀਣ ਚਿਤਰਵੇਲ, ਕਾਰਤਿਕ ਉਨਿਕ੍ਰਿਸ਼ਨਨ, ਸਰਵੇਸ਼ ਕੁਸ਼ਾਰੇ, ਆਦਰਸ਼ ਰਾਮ, ਦੇਵ ਮੀਨਾ ਅਤੇ ਕੁਲਦੀਪ ਕੁਮਾਰ ਤੋਂ ਉਮੀਦਾਂ ਹਨ।
ਥ੍ਰੋ ਈਵੈਂਟਾਂ ਵਿੱਚ ਤਜਿੰਦਰਪਾਲ ਸਿੰਘ ਤੂਰ, ਕਰਨਵੀਰ ਸਿੰਘ, ਦਮਨੀਤ ਸਿੰਘ, ਨੀਰਜ ਚੋਪੜਾ ਅਤੇ ਰੋਹਿਤ ਯਾਦਵ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।
ਮਹਿਲਾ ਵਰਗ ਵਿੱਚ ਐਂਸੀ ਸੋਜਨ, ਸ਼ੈਲੀ ਸਿੰਘ, ਨਿਹਾਰਿਕਾ ਵਸ਼ਿਸ਼ਠ, ਪੂਜਾ ਸਿੰਘ, ਸੁਪ੍ਰਿਆ, ਬਾਰਾਨਿਕਾ ਇਲਾਂਗੋਵਨ, ਮਨਪ੍ਰੀਤ ਕੌਰ, ਕ੍ਰਿਸ਼ਨਾ ਜਯਾਸੰਕਰ, ਸੀਮਾ ਕਾਲੀਰਾਮਨਾ, ਤਾਨਿਆ ਚੌਧਰੀ, ਅਨੁਸ਼ਕਾ ਯਾਦਵ ਅਤੇ ਅੰਨੂ ਰਾਣੀ ਵਰਗੇ ਨਾਮ ਸ਼ਾਮਲ ਹਨ।
ਰਿਲੇਅ ਟੀਮਾਂ ਵੀ ਕਰਨਗੀਆਂ ਤਮਗੇ ਲਈ ਦਾਅਵਾ
ਭਾਰਤ ਦੀ ਤਾਕਤ ਸਿਰਫ਼ ਵਿਅਕਤੀਗਤ ਈਵੈਂਟਾਂ ਤੱਕ ਸੀਮਿਤ ਨਹੀਂ। 4x100 ਮੀਟਰ, 4x400 ਮੀਟਰ ਅਤੇ ਮਿਕਸਡ ਰਿਲੇਅ ਵਿੱਚ ਵੀ ਭਾਰਤੀ ਅਥਲੀਟ ਤਮਗੇ ਲਈ ਦੌੜ ਲਗਾਉਣਗੇ।
ਪੁਰਸ਼ਾਂ ਦੀ 4x400 ਮੀਟਰ ਰਿਲੇਅ ਵਿੱਚ ਰਾਜੇਸ਼ ਰਮੇਸ਼, ਜੈ ਕੁਮਾਰ, ਮਨੂ ਟੀ.ਐੱਸ. ਸਮੇਤ ਕਈ ਜਾਣੇ-ਪਛਾਣੇ ਨਾਮ ਹਨ, ਜਦਕਿ ਮਹਿਲਾ ਰਿਲੇਅ ਟੀਮ ਵਿੱਚ ਸ੍ਰਾਬਣੀ ਨੰਦਾ, ਨਿਥਿਆ ਗਾਂਧੇ, ਅਬਿਨਾਇਆ ਰਾਜਰਾਜਨ, ਸਨੇਹਾ ਸਤਿਆਨਾਰਾਇਣ, ਸੁਦੇਸ਼ਨਾ ਸ਼ਿਵੰਕਰ, ਰਸ਼ਦੀਪ ਕੌਰ ਅਤੇ ਅਨਸਾ ਬਾਬੂ ਵਰਗੀਆਂ ਅਥਲੀਟਾਂ ਸ਼ਾਮਲ ਹਨ।
ਹਾਂਗਝੋ ਦੀ ਸਫਲਤਾ ਦੁਹਰਾਉਣ ਦਾ ਟੀਚਾ
ਭਾਰਤੀ ਅਥਲੈਟਿਕਸ ਲਈ ਪਿਛਲੀਆਂ ਏਸ਼ੀਆਈ ਖੇਡਾਂ ਬੇਹੱਦ ਸਫਲ ਰਹੀਆਂ ਸਨ। ਹਾਂਗਝੋ 2022 ਵਿੱਚ ਅਥਲੈਟਿਕਸ ਭਾਰਤ ਦਾ ਸਭ ਤੋਂ ਸਫਲ ਖੇਡ ਬਣਿਆ ਸੀ, ਜਿਸ ਨੇ ਕੁੱਲ 29 ਤਮਗੇ—6 ਸੋਨ, 14 ਚਾਂਦੀ ਅਤੇ 9 ਕਾਂਸੀ ਜਿੱਤੇ ਸਨ। ਇਸ ਵਾਰ ਵੀ ਟੀਮ ਤੋਂ ਵੱਡੀ ਗਿਣਤੀ ਵਿੱਚ ਤਮਗਿਆਂ ਦੀ ਉਮੀਦ ਕੀਤੀ ਜਾ ਰਹੀ ਹੈ।
ਨਜ਼ਰਾਂ ਨੀਰਜ ’ਤੇ, ਉਮੀਦਾਂ ਪੂਰੀ ਟੀਮ ਤੋਂ
ਨੀਰਜ ਚੋਪੜਾ, ਪਾਰੁਲ ਚੌਧਰੀ, ਅਵਿਨਾਸ਼ ਸਾਬਲੇ, ਤਜਿੰਦਰਪਾਲ ਸਿੰਘ ਤੂਰ ਅਤੇ ਅੰਨੂ ਰਾਣੀ ਵਰਗੇ ਪਿਛਲੇ ਏਸ਼ੀਆਈ ਚੈਂਪੀਅਨ ਭਾਰਤ ਦੇ ਤਮਗਾ ਅਭਿਆਨ ਦੀ ਅਗਵਾਈ ਕਰਨਗੇ। ਇਨ੍ਹਾਂ ਦੇ ਨਾਲ ਨੌਜਵਾਨ ਅਤੇ ਉਭਰਦੇ ਅਥਲੀਟਾਂ ਦਾ ਮਜ਼ਬੂਤ ਸਮੂਹ ਵੀ ਮੌਜੂਦ ਹੈ।
19 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਅਥਲੈਟਿਕਸ ਦਾ ਟੀਚਾ ਸਪੱਸ਼ਟ ਹੈ—ਹਾਂਗਝੋ ਦੀ ਚਮਕ ਨੂੰ ਨਾਗੋਆ ਵਿੱਚ ਹੋਰ ਵੀ ਉੱਚਾ ਕਰਨਾ।

-
ਸੁਖਮਿੰਦਰ ਭੰਗੂ , writer
bhangoo1164@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.