ਨੇਪਾਲ ਹੜ੍ਹ: ਸਾੜੀਆਂ ਦੀ ਰੱਸੀ ਬਣਾ ਕੇ ਤਾਮਿਲਨਾਡੂ ਦੇ ਸ਼ਰਧਾਲੂਆਂ ਨੇ ਬਚਾਈਆਂ 21 ਜਾਨਾਂ
ਬਾਬੂਸ਼ਾਹੀ ਬਿਊਰੋ
ਕਾਠਮੰਡੂ/ਚੇਨਈ 30 ਅਗਸਤ, 2026 — ਨੇਪਾਲ-ਤਿੱਬਤ ਸਰਹੱਦ 'ਤੇ ਸਿਆਫਰੂਬੇਸੀ ਅਤੇ ਕੇਰੁੰਗ ਵਿਚਕਾਰ ਆਏ ਭਿਆਨਕ ਅਚਾਨਕ ਹੜ੍ਹ ਅਤੇ ਤਬਾਹੀ ਦੌਰਾਨ ਤਾਮਿਲਨਾਡੂ ਦੇ ਸ਼ਰਧਾਲੂਆਂ ਦੀ ਅਜਿੱਤ ਹਿੰਮਤ ਨੇ 21 ਲੋਕਾਂ ਨੂੰ ਮੌਤ ਦੇ ਮੂੰਹੋਂ ਬਾਹਰ ਕੱਢ ਲਿਆ। ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਗਿਆ ਇਹ ਸਮੂਹ ਉਸ ਵੇਲੇ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚਿਆ ਜਦੋਂ ਉਨ੍ਹਾਂ ਦੀ ਗੱਡੀ ਭਾਰਤੀ ਦੂਤਾਵਾਸ ਚੌਕੀ ਦੇ ਨੇੜੇ ਹੜ੍ਹ ਦੇ ਤੇਜ਼ ਬਹਾਅ ਵਿੱਚ ਫਸ ਗਈ।
ਯਾਤਰਾ ਦੌਰਾਨ ਸ਼ਾਮਲ ਟੀਮ ਮੈਂਬਰ ਸ਼ਿਵਰੰਜਨੀ ਨੇ ਚੇਨਈ ਵਾਪਸ ਆ ਕੇ ਆਪਣੀ ਹੱਡ-ਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਜੇਕਰ ਉਨ੍ਹਾਂ ਦੀ ਕਾਰ ਪੰਜ ਫੁੱਟ ਵੀ ਇੱਧਰ-ਉੱਧਰ ਹੁੰਦੀ ਤਾਂ ਸਾਰੇ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ੍ਹ ਜਾਂਦੇ। ਭਗਵਾਨ ਸ਼ਿਵ ਦੀ ਕਿਰਪਾ ਨਾਲ ਕਾਰ ਇੱਕ ਤੰਗ ਮੋੜ 'ਤੇ ਅਟਕ ਗਈ, ਜਿਸ ਤੋਂ ਬਾਅਦ ਸਾਰੇ ਯਾਤਰੀ ਡਰਾਈਵਰ ਵਾਲੇ ਦਰਵਾਜ਼ੇ ਰਾਹੀਂ ਸਮੇਂ ਸਿਰ ਬਾਹਰ ਨਿਕਲਣ ਵਿੱਚ ਸਫਲ ਹੋ ਗਏ।
ਗੱਡੀ ਵਿੱਚੋਂ ਬਾਹਰ ਨਿਕਲ ਕੇ ਜਦੋਂ ਸਾਰੇ ਚਿੱਕੜ ਅਤੇ ਮਲਬੇ ਵਿੱਚੋਂ ਲੰਘਦੇ ਹੋਏ ਉੱਚੀ ਢਲਾਣ ਵੱਲ ਭੱਜੇ, ਤਾਂ ਤਿਲਕਣ ਜ਼ਿਆਦਾ ਹੋਣ ਕਰਕੇ ਸਮੂਹ ਦੀਆਂ ਔਰਤਾਂ ਲਈ ਉੱਪਰ ਚੜ੍ਹਨਾ ਅਸੰਭਵ ਹੋ ਗਿਆ। ਇਸ ਮੁਸ਼ਕਲ ਘੜੀ ਵਿੱਚ ਮਾਇਆਵਰਮ ਦੇ ਰਹਿਣ ਵਾਲੇ ਰਤਨਕੁਮਾਰ ਅਤੇ ਉਸਦੀ ਪਤਨੀ ਪੁੰਗੁਜ਼ਾਲੀ ਨੇ ਅਦਭੁਤ ਸਮਝਦਾਰੀ ਦਿਖਾਈ। ਪਹਿਲਾਂ ਹੀ ਸੁਰੱਖਿਅਤ ਉਚਾਈ 'ਤੇ ਪਹੁੰਚ ਚੁੱਕੇ ਇਸ ਜੋੜੇ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਹੇਠਾਂ ਫਸੀਆਂ ਔਰਤਾਂ ਨੂੰ ਬਚਾਉਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਆਪਣੀਆਂ ਸਾੜੀਆਂ ਨੂੰ ਆਪਸ ਵਿੱਚ ਕੱਸ ਕੇ ਬੰਨ੍ਹਿਆ ਅਤੇ ਇੱਕ ਮਜ਼ਬੂਤ ਅਸਥਾਈ ਰੱਸੀ ਤਿਆਰ ਕੀਤੀ। ਰਤਨਾਕੁਮਾਰ ਨੇ ਹੇਠਾਂ ਰਹਿ ਕੇ ਔਰਤਾਂ ਨੂੰ ਇੱਕ-ਇੱਕ ਕਰਕੇ ਚੁੱਕਿਆ, ਜਦੋਂ ਕਿ ਉਸਦੀ ਪਤਨੀ ਪੁੰਗੁਜ਼ਾਲੀ ਨੇ ਉੱਪਰੋਂ ਸਾੜੀ ਦੀ ਰੱਸੀ ਖਿੱਚ ਕੇ ਸਾਰੀਆਂ ਔਰਤਾਂ ਨੂੰ ਸੁਰੱਖਿਅਤ ਢਲਾਣ ਤੋਂ ਉੱਪਰ ਪਹੁੰਚਾਇਆ।
ਇਸ ਬਚਾਅ ਤੋਂ ਬਾਅਦ ਵੀ ਸ਼ਰਧਾਲੂਆਂ ਦੀ ਪ੍ਰੀਖਿਆ ਖਤਮ ਨਹੀਂ ਹੋਈ। ਸਮੂਹ ਨੇ ਬਹੁਤ ਘੱਟ ਪਾਣੀ ਅਤੇ ਖਾਣ-ਪੀਣ ਦੇ ਸਨੈਕਸ ਦੇ ਸਹਾਰੇ ਪਹਾੜਾਂ ਦੀ ਕਠੋਰ ਠੰਡ ਵਿੱਚ 48 ਘੰਟੇ ਬਿਤਾਏ। ਇਸ ਦੌਰਾਨ ਭਾਰਤੀ ਦੂਤਾਵਾਸ ਦੇ ਅਧਿਕਾਰੀ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਰਹੇ। ਤਾਮਿਲਨਾਡੂ ਸਰਕਾਰ ਦੇ ਮੰਤਰੀਆਂ ਅਤੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦੇ ਆਪਸੀ ਤਾਲਮੇਲ ਨਾਲ, ਸਾਰੇ 21 ਤਾਮਿਲ ਸ਼ਰਧਾਲੂਆਂ ਨੂੰ ਕਾਠਮੰਡੂ ਦੇ ਰਸਤੇ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ।
- Download Babushahi App
-
-