Nepal ਵਿੱਚ ਭੋਟੇਕੋਸ਼ੀ ਨਦੀ ਦਾ ਪਾਣੀ ਵਧਣ ਨਾਲ ਫਿਰ ਵੱਧਿਆ ਹੜ੍ਹ ਦਾ ਖ਼ਤਰਾ, ਪ੍ਰਸ਼ਾਸਨ ਅਲਰਟ 'ਤੇ
ਬਾਬੂਸ਼ਾਹੀ ਬਿਊਰੋ
ਨੇਪਾਲ 30 ਅਗਸਤ, 2026: ਨੇਪਾਲ ਵਿੱਚ 26 ਅਗਸਤ ਦੇ ਭਿਆਨਕ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਹੁਣ ਭੋਟੇਕੋਸ਼ੀ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵਧਣ ਨਾਲ ਨਵੇਂ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਵੇਰੇ 3 ਵਜੇ ਦੇ ਕਰੀਬ ਨਦੀ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਰਾਸੁਵਾ, ਨੁਵਾਕੋਟ, ਧਾਡਿੰਗ ਅਤੇ ਚਿਤਵਾਨ ਦੇ ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ ਦਿੱਤੀ ਹੈ। ਹਾਲਾਂਕਿ ਹੁਣ ਪਾਣੀ ਦਾ ਪੱਧਰ ਹੌਲੀ-ਹੌਲੀ ਘਟ ਰਿਹਾ ਹੈ ਅਤੇ ਹੜ੍ਹ ਪੂਰਵ ਅਨੁਮਾਨ ਵਿਭਾਗ ਮੁਤਾਬਕ ਵੱਡੇ ਖ਼ਤਰੇ ਦੀ ਸੰਭਾਵਨਾ ਘੱਟ ਹੈ, ਫਿਰ ਵੀ ਪ੍ਰਸ਼ਾਸਨ ਸਥਿਤੀ 'ਤੇ ਪੂਰੀ ਨਜ਼ਰ ਰੱਖ ਰਿਹਾ ਹੈ।
26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਵਿੱਚ ਹੁਣ ਤੱਕ 675 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,400 ਤੋਂ ਵੱਧ ਲੋਕ ਲਾਪਤਾ ਹਨ। ਇਸ ਆਫ਼ਤ ਕਾਰਨ ਰਸੁਵਾ ਵਿੱਚ ਇੱਕ ਸੁਰੰਗ ਦੇ ਅੰਦਰ ਲਗਭਗ 600 ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਲੋੜੀਂਦੇ ਉਪਕਰਣਾਂ ਅਤੇ ਮਾਹਰਾਂ ਦੀ ਘਾਟ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤਬਾਹੀ ਵਿੱਚ ਭਾਰਤੀ ਨਾਗਰਿਕ ਵੀ ਪ੍ਰਭਾਵਿਤ ਹੋਏ ਹਨ। ਰਿਪੋਰਟਾਂ ਅਨੁਸਾਰ 275 ਤੋਂ ਵੱਧ ਭਾਰਤੀ ਅਜੇ ਵੀ ਲਾਪਤਾ ਹਨ, ਜਦੋਂ ਕਿ 108 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਚੀਨ ਦੇ ਰਸਤੇ 598 ਭਾਰਤੀ ਨਾਗਰਿਕ ਨੇਪਾਲ ਪਹੁੰਚ ਚੁੱਕੇ ਹਨ ਅਤੇ ਚੀਨ ਵਿੱਚ ਮੌਜੂਦ ਲਗਭਗ 900 ਭਾਰਤੀ ਸੁਰੱਖਿਅਤ ਹਨ। ਭਾਰਤੀ ਅਧਿਕਾਰੀ ਲਾਪਤਾ ਲੋਕਾਂ ਨੂੰ ਲੱਭਣ ਅਤੇ ਫਸੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਲਗਾਤਾਰ ਯਤਨ ਕਰ ਰਹੇ ਹਨ।
- Download Babushahi App
-
-