ਉਦੇਸ਼: ਮਹਾਮਾਰੀ ਰੋਕਥਾਮ ਵਾਇਆ ‘ਏਅਰ ਸੁਵਿਧਾ 2.0’
ਇਬੋਲਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਭਾਰਤ ਯਾਤਰਾ ਤੋਂ ਪਹਿਲਾਂ ਏਅਰ ਸੁਵਿਧਾ 2.0 ਫਾਰਮ ਭਰਨਾ ਲਾਜ਼ਮੀ
-ਐੱਨ.ਆਰ.ਆਈ., ਓ.ਸੀ.ਆਈ. ਅਤੇ ਨਿਊਜ਼ੀਲੈਂਡ ਪੀ.ਆਰ. ਧਾਰਕਾਂ ਲਈ ਨਵੇਂ ਅਧਿਕਾਰਤ ਨਿਯਮ ਜਾਰੀ
ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 29 ਅਗਸਤ 2026: - ਭਾਰਤ ਸਰਕਾਰ ਦੇ ਸਿਹਤ ਸੇਵਾਵਾਂ ਡਾਇਰੈਕਟੋਰੇਟ ਜਨਰਲ, ਸਿਹਤ ਮੰਤਰਾਲੇ ਅਤੇ ਨਾਗਰਿਕ ਉੱਡਣ ਮੰਤਰਾਲੇ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਲਈ ‘ਏਅਰ ਸੁਵਿਧਾ 2.0’ (Air Suvidha 2.0) ਸੈਲਫ-ਡੈਕਲੇਰੇਸ਼ਨ ਫਾਰਮ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਹੋਏ ਹਨ। ਇਸ ਰਾਹੀਂ ਅਧਿਕਾਰਤ ਪੁੱਛਗਿੱਛ ਪਹੁੰਚਣ ਤੋਂ ਪਹਿਲਾਂ ਭਰਨੀ ਲਾਜ਼ਮੀ ਹੋਵੇਗੀ। ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਪਾਸਪੋਰਟ ਧਾਰਕਾਂ, ਐੱਨ.ਆਰ.ਆਈ., ਓ.ਸੀ.ਆਈ. ਕਾਰਡ ਧਾਰਕਾਂ ਅਤੇ ਨਿਊਜ਼ੀਲੈਂਡ ਦੀ ਪੱਕੀ ਰਿਹਾਇਸ਼ ਰੱਖਣ ਵਾਲੇ ਭਾਰਤੀਆਂ ਲਈ ਭਾਰਤ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਗਈ ਹੈ। ਇਬੋਲਾ ਬੀਮਾਰੀ (Ebola Disease) ਦੇ ਵਿਸ਼ਵਵਿਆਪੀ ਖਤਰੇ ਨੂੰ ਦੇਖਦਿਆਂ ਐਪੀਡੇਮਿਕ ਡਿਜ਼ੀਜ਼ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਇਹ ਸਿਹਤ ਘੋਸ਼ਣਾ ਫਾਰਮ ਭਰਨਾ ਹਰ ਯਾਤਰੀ ਲਈ ਜ਼ਰੂਰੀ ਹੈ।
ਭਾਰਤ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਫਲਾਈਟ ਦੀ ਬੋਰਡਿੰਗ ਜਾਂ ਵੈੱਬ ਚੈੱਕ-ਇਨ ਸਮੇਂ ਅਤੇ ਭਾਰਤ ਪਹੁੰਚਣ ਤੋਂ 72 ਘੰਟੇ ਪਹਿਲਾਂ ਸਰਕਾਰੀ ਪੋਰਟਲ (airsuvidha.civilaviation.gov.in) ’ਤੇ ਜਾ ਕੇ ਆਨਲਾਈਨ ਫਾਰਮ ਭਰਨਾ ਪਵੇਗਾ। ਫਾਰਮ ਭਰਨ ਲਈ ਵੈਧ ਪਾਸਪੋਰਟ, ਭਾਰਤੀ ਵੀਜ਼ਾ (ਜੇਕਰ ਲਾਗੂ ਹੋਵੇ), ਫਲਾਈਟ ਟਿਕਟ, ਭਾਰਤ ਵਿੱਚ ਠਹਿਰਨ ਦਾ ਪੂਰਾ ਪਤਾ, ਪਿਛਲੇ 21 ਦਿਨਾਂ ਦੀ ਯਾਤਰਾ ਦਾ ਵੇਰਵਾ ਅਤੇ ਓ.ਟੀ.ਪੀ. ਪ੍ਰਾਪਤ ਕਰਨ ਲਈ ਚੱਲਦਾ ਮੋਬਾਈਲ ਨੰਬਰ ਤੇ ਈਮੇਲ ਆਈ.ਡੀ. ਹੋਣਾ ਜ਼ਰੂਰੀ ਹੈ।
ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਅਰ ਸੁਵਿਧਾ ਫਾਰਮ ਭਰਨਾ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਕਿਸੇ ਵੀ ਵਿਚੋਲੇ ਜਾਂ ਜਾਅਲੀ ਵੈੱਬਸਾਈਟ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਭਾਰਤ ਤੋਂ ਬਾਹਰ ਜਾਣ ਵਾਲੇ (Departing) ਯਾਤਰੀਆਂ ਲਈ ਇਹ ਫਾਰਮ ਭਰਨਾ ਲਾਜ਼ਮੀ ਨਹੀਂ ਹੈ। ਇੱਕ ਫਾਰਮ ਵਿੱਚ ਇੱਕੋ ਪਰਿਵਾਰ ਦੇ ਵੱਧ ਤੋਂ ਵੱਧ 4 ਮੈਂਬਰਾਂ ਦੇ ਵੇਰਵੇ ਜੋੜੇ ਜਾ ਸਕਦੇ ਹਨ। ਜੇਕਰ ਕਿਸੇ ਯਾਤਰੀ ਕੋਲ ਨਿਊਜ਼ੀਲੈਂਡ ਦੀ ਪੀ.ਆਰ. ਜਾਂ ਓ.ਸੀ.ਆਈ. ਕਾਰਡ ਹੈ, ਤਾਂ ਵੀ ਉਸ ਨੂੰ ਬਾਕੀ ਅੰਤਰਰਾਸ਼ਟਰੀ ਯਾਤਰੀਆਂ ਵਾਂਗ ਹੀ ਆਪਣਾ ਵੇਰਵਾ ਦਰਜ ਕਰਨਾ ਪਵੇਗਾ।
ਸਰਕਾਰੀ ਨਿਯਮਾਂ ਅਨੁਸਾਰ ਜੇਕਰ ਕਿਸੇ ਯਾਤਰੀ ਨੇ ਪਿਛਲੇ 21 ਦਿਨਾਂ ਵਿੱਚ ਇਬੋਲਾ ਪ੍ਰਭਾਵਿਤ ਦੇਸ਼ਾਂ (ਜਿਵੇਂ ਕਾਂਗੋ, ਯੂਗਾਂਡਾ, ਦੱਖਣੀ ਸੁਡਾਨ) ਦੀ ਯਾਤਰਾ ਕੀਤੀ ਹੈ ਜਾਂ ਏਅਰਪੋਰਟ ਟ੍ਰਾਂਜ਼ਿਟ ਕੀਤਾ ਹੈ, ਤਾਂ ਉਸ ਦਾ ਵੇਰਵਾ ਦੇਣਾ ਲਾਜ਼ਮੀ ਹੋਵੇਗਾ। ਜੇਕਰ ਕਿਸੇ ਹੋਰ ਦੇਸ਼ ਦੀ ਯਾਤਰਾ ਨਹੀਂ ਕੀਤੀ ਤਾਂ ਫਾਰਮ ਵਿੱਚ None of the above ਚੁਣਿਆ ਜਾ ਸਕਦਾ ਹੈ। ਭਾਰਤ ਉਤਰਨ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਏਅਰਪੋਰਟ ਹੈਲਥ ਆਫਿਸ (APHO) ਡੈਸਕ ’ਤੇ ਏਅਰ ਸੁਵਿਧਾ ਰਜਿਸਟਰੇਸ਼ਨ ਨੰਬਰ ਜਾਂ ਡਾਊਨਲੋਡ ਕੀਤੀ ਕਾਪੀ ਦਿਖਾਉਣੀ ਪਵੇਗੀ।
ਸਿਹਤ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਪਹੁੰਚਣ ਤੋਂ ਬਾਅਦ 21 ਦਿਨਾਂ ਦੇ ਅੰਦਰ ਯਾਤਰੀ ਨੂੰ ਬੁਖ਼ਾਰ, ਉਲਟੀ, ਸਰੀਰ ’ਤੇ ਦਾਣੇ ਜਾਂ ਖੂਨ ਵਹਿਣ ਵਰਗੇ ਲੱਛਣ ਦਿਖਾਈ ਦਿੰਦੇ ਹਨ, ਤਾਂ ਉਹ ਤੁਰੰਤ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 1075 ’ਤੇ ਸੰਪਰਕ ਕਰੇ। ਫਾਰਮ ਵਿੱਚ ਗਲਤ ਜਾਣਕਾਰੀ ਦੇਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਹਵਾਈ ਅੱਡਿਆਂ ’ਤੇ ਬਿਨਾਂ ਖੱਜਲ-ਖੁਆਰੀ ਤੋਂ ਆਸਾਨੀ ਨਾਲ ਨਿਕਲਣ ਲਈ ਯਾਤਰੀਆਂ ਨੂੰ ਆਪਣਾ ਫਾਰਮ ਸਮੇਂ ਸਿਰ ਭਰਨ ਦੀ ਅਪੀਲ ਕੀਤੀ ਗਈ ਹੈ।
ਕੀ ਹੈ ਇਬੋਲਾ ਬੀਮਾਰੀ ਇਬੋਲਾ ਬੀਮਾਰੀ ਇੱਕ ਗੰਭੀਰ, ਦੁਰਲੱਭ ਅਤੇ ਅਕਸਰ ਜਾਨਲੇਵਾ ਵਾਇਰਲ ਬੀਮਾਰੀ ਹੈ ਜੋ ਇਬੋਲਾ ਵਾਇਰਸ ਕਾਰਨ ਫੈਲਦੀ ਹੈ। ਇਹ ਸਭ ਤੋਂ ਪਹਿਲਾਂ 1976 ਵਿੱਚ ਮੱਧ ਅਫਰੀਕਾ ਵਿੱਚ ਇਬੋਲਾ ਨਦੀ ਦੇ ਨੇੜੇ ਪਛਾਣੀ ਗਈ ਸੀ।
ਇਹ ਕਿਵੇਂ ਫੈਲਦੀ ਹੈ?
-
ਸਰੀਰਕ ਤਰਲ ਪਦਾਰਥ (Body fluids): ਇਹ ਬੀਮਾਰੀ ਮਰੀਜ਼ ਦੇ ਖੂਨ, ਪਸੀਨੇ, ਥੁੱਕ, ਉਲਟੀ, ਜਾਂ ਪਿਸ਼ਾਬ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ।
-
ਦੂਸ਼ਿਤ ਵਸਤੂਆਂ: ਸੰਕਰਮਿਤ ਵਿਅਕਤੀ ਦੀ ਵਰਤੋਂ ਕੀਤੀ ਕੱਪੜੇ, ਬਿਸਤਰੇ ਜਾਂ ਸੂਈਆਂ ਨੂੰ ਛੂਹਣ ਨਾਲ।
-
ਜਾਨਵਰ: ਸੰਕਰਮਿਤ ਚਮਗਿੱਦੜਾਂ (Fruit bats) ਜਾਂ ਬਾਂਦਰਾਂ ਦੇ ਸੰਪਰਕ ਵਿੱਚ ਆਉਣ ਨਾਲ।
ਨੋਟ: ਇਹ ਬੀਮਾਰੀ ਹਵਾ, ਪਾਣੀ ਜਾਂ ਆਮ ਗੱਲਬਾਤ ਨਾਲ ਨਹੀਂ ਫੈਲਦੀ।
ਮੁੱਖ ਲੱਛਣ (Key Symptoms) ਲੱਛਣ ਆਮ ਤੌਰ ’ਤੇ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ 2 ਤੋਂ 21 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ:
-
ਸ਼ੁਰੂਆਤੀ ਲੱਛਣ: ਤੇਜ਼ ਬੁਖਾਰ, ਬਹੁਤ ਜ਼ਿਆਦਾ ਥਕਾਵਟ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ ਅਤੇ ਗਲੇ ਵਿੱਚ ਖਰਾਸ਼।
-
ਗੰਭੀਰ ਲੱਛਣ: ਉਲਟੀਆਂ, ਦਸਤ, ਪੇਟ ਦਰਦ, ਗੁਰਦੇ ਅਤੇ ਜਿਗਰ ਦਾ ਸਹੀ ਕੰਮ ਨਾ ਕਰਨਾ, ਅਤੇ ਕੁਝ ਮਾਮਲਿਆਂ ਵਿੱਚ ਸਰੀਰ ਦੇ ਅੰਦਰ ਜਾਂ ਬਾਹਰੋਂ ਖੂਨ ਵਗਣਾ (ਜਿਵੇਂ ਕਿ ਮਸੂੜਿਆਂ ਜਾਂ ਮਲ ਰਾਹੀਂ)।
ਇਲਾਜ ਅਤੇ ਬਚਾਅ
-
ਟੀਕਾਕਰਨ (Vaccine): ਇਬੋਲਾ ਦੇ ਨਿਸ਼ਚਿਤ ਸਟਰੇਨ ਤੋਂ ਬਚਾਅ ਲਈ ਐਰਵੇਬੋ (Ervebo) ਨਾਂ ਦੀ ਵੈਕਸੀਨ ਉਪਲਬਧ ਹੈ।
-
ਦਵਾਈਆਂ: ਮੋਨੋਕਲੋਨਲ ਐਂਟੀਬਾਡੀ ਦਵਾਈਆਂ (ਜਿਵੇਂ ਇਨਮਾਜ਼ੇਬ ਅਤੇ ਏਬੰਗਾ) ਦੇ ਸਮੇਂ ਸਿਰ ਇਸਤੇਮਾਲ ਨਾਲ ਮਰੀਜ਼ ਦੀ ਜਾਨ ਬਚਣ ਦੀ ਸੰਭਾਵਨਾ ਵਧ ਜਾਂਦੀ ਹੈ।
-
ਸਹਾਇਕ ਇਲਾਜ (Supportive Care): ਮਰੀਜ਼ ਨੂੰ ਸਮੇਂ ਸਿਰ ਡਰਿਪ (IV fluids), ਇਲੈਕਟਰੋਲਾਈਟਸ ਅਤੇ ਲੱਛਣਾਂ ਅਨੁਸਾਰ ਇਲਾਜ ਦੇਣਾ ਬਹੁਤ ਜ਼ਰੂਰੀ ਹੈ।
- Download Babushahi App
-
-