ਨਸ਼ਿਆਂ ਖਿਲਾਫ ਸੈਮੀਨਾਰ ਦੌਰਾਨ ਨਸ਼ੇ ਕਾਰਨ ਜਵਾਨੀ ਅਤੇ ਪਰਿਵਾਰਾਂ ਦੇ ਉਜਾੜੇ ਪ੍ਰਤੀ ਫਿਕਰ ਜਾਹਰ
ਅਸ਼ੋਕ ਵਰਮਾ
ਬਰਨਾਲਾ,30 ਅਗਸਤ 2026 :ਪੰਜਾਬ ਵਿੱਚ ਦਿਨੋ ਦਿਨ ਵਧ ਰਹੇ ਨਸ਼ਿਆਂ ਦੇ ਪ੍ਰਕੋਪ ਤੇ ਨਿੱਘਰ ਰਹੇ ਸਮਾਜਿਕ ਤਾਣੇ ਬਾਣੇ ਦੀਆਂ ਚਿੰਤਾਵਾਂ ਸਬੰਧੀ ਨੇੜਲੇ ਹਾਲਤਾਂ ਬਾਰੇ ਪਿੰਡ ਚੀਮਾ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਬੁਲਾਰਿਆਂ ਨੇ ਨਸ਼ੇ ਕਾਰਨ ਉਜੜ ਰਹੇ ਪਰਿਵਾਰਾਂ ਅਤੇ ਜਵਾਨੀ ਪ੍ਰਤੀ ਫਿਕਰ ਜਾਹਰ ਕੀਤੇ ਅਤੇ ਸਮੱਸਿਆ ਦੇ ਜੜ੍ਹੋਂ ਖਾਤਮੇ ਲਈ ਸਮਾਜਿਕ ਲਾਮਬੰਦੀ ਤੇ ਸਮੂਹਿਕ ਉਪਰਾਲਿਆਂ ਦੀ ਲੋੜ 'ਤੇ ਜ਼ੋਰ ਦਿੱਤਾ ।ਮੁੱਖ ਬੁਲਾਰੇ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੁੱਜੇ ਸਕਾਲਰ ਪ੍ਰਦੀਪ ਮੁਸਾਹਬ ਨੇ ਕਿਹਾ ਕਿ ਸਰਕਾਰਾਂ ਦੀ ਨਾਅਹਿਲੀਅਤ ਕਾਰਨ ਘਰ ਘਰ ਪਸਰੀ ਬੇਰੁਜ਼ਗਾਰੀ/ਨਿਰਾਸ਼ਾ ਅਤੇ ਹਾਕਮ ਜਮਾਤੀ ਸਿਆਸੀ, ਸਮਗਲਰ,ਪੁਲੀਸ ਤੇ ਗੈਂਗਸਟਰ ਨਾਪਾਕ ਗੱਠਜੋੜ ਦੀ ਪੈਸਾ ਤੇ ਪਾਵਰ ਦੀ ਹਵਸ ਦੇ ਸਿੱਟੇ ਵਜੋਂ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸ ਚੁੱਕੀ ਹੈ।
ਉਨ੍ਹਾਂ ਕਿਹਾ ਜਦੋਂ ਕੋਈ ਘਰ ਦਾ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਆਉਂਦਾ ਹੈ ਤਾਂ ਉਹ ਮਾਂ ਦੀ ਨੀਂਦ, ਬਾਪ ਦੀ ਕਮਾਈ, ਪਰਿਵਾਰ ਦੀ ਰੋਟੀ ਅਤੇ ਭੈਣ-ਭਰਾਵਾਂ ਦਾ ਭਰੋਸਾ ਖਾ ਜਾਂਦਾ ਹੈ। ਹਾਲਾਤ ਇਹ ਹਨ ਕਿ ਸੱਤਵੀਂ-ਅੱਠਵੀਂ ਜਮਾਤ ਦੇ ਸਕੂਲੀ ਅਤੇ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਗ੍ਰਸੀਆਂ ਜਾ ਰਹੀਆਂ ਹਨ। ਜੋ ਸਮਾਜ ਦੀ ਬਣਤਰ ਤੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈਉਨ੍ਹਾਂ ਇਸ ਸਭ ਲਈ ਰਾਜ ਪ੍ਰਬੰਧ ਨੂੰ ਮੁੱਖ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ।
ਸਮਾਜਿਕ ਕਾਰਕੁੰਨ ਹਰਪ੍ਰੀਤ ਸਿੰਘ ਨੇ ਹੱਲ ਸੁਝਾਉਦਿਆਂ ਕਿਹਾ ਕਿ ਪਿੰਡਾਂ ਦੇ ਕਲੱਬਾਂ,ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਸਮੇਂ ਸਮੇਂ ਪਿੰਡ ਪੱਧਰ 'ਤੇ ਜਾਗਰੂਕਤਾ ਸੈਮੀਨਾਰ/ਸੰਵਾਦ ਕਰਾਉਣੇ ਚਾਹੀਦੇ ਹਨ। ਉਨ੍ਹਾਂ ਪੀੜ੍ਹਤ ਨੌਜਵਾਨਾਂ ਨਾਲ ਤ੍ਰਿਸਕਾਰ ਦੀ ਥਾਂ ਬਿਮਾਰ ਸਮਝ ਮਾਹਰਾਂ ਦੀ ਸਲਾਹ ਨਾਲ ਮੈਡੀਕਲ ਤੇ ਸੋਸ਼ਲ ਥਰੈਪਿਕ ਉਪਰਾਲਿਆਂ ਦੀ ਲੋੜ 'ਤੇ ਜ਼ੋਰ ਦਿੱਤਾ। ਨਸ਼ੇ ਵੇਚਣ ਵਾਲਿਆਂ ਨਾਲ ਸਖ਼ਤੀ ਦਾ ਸੁਝਾਅ ਦਿੱਤਾ।ਇਨਕਲਾਬੀ ਕੇਂਦਰ ਪੰਜਾਬ ਆਗੂ ਜਸਪਾਲ ਸਿੰਘ ਚੀਮਾ ਨੇ ਨਸ਼ੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਹੱਲ ਲਈ ਹਰ ਸਰੋਤ ਦੀ ਤਰਜੀਹੀ ਵਰਤੋਂ ਦਾ ਸੁਨੇਹਾ ਦਿੱਤਾ।
ਪਿੰਡ ਦੇ ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਪੰਚਾਇਤ ਦੀ ਤਰਫੋਂ ਨਸ਼ਿਆਂ ਤੋਂ ਛੁਟਕਾਰੇ ਦੇ ਚਾਹਵਾਨ ਹਰ ਸ਼ਖ਼ਸ ਲਈ ਹਰ ਕਿਸਮ ਦੇ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।
ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ, ਜਗਮੀਤ ਸਿੰਘ ਬੱਲਮਗੜ੍ਹ, ਡਕੌਂਦਾ ਆਗੂ ਜਗਦੇਵ ਸਿੰਘ, ਮਲਕੀਤ ਸਿੰਘ, ਅਵਤਾਰ ਖਾਲਸਾ, ਮੇਜਰ ਸਿੰਘ ਭੰਗੂ, ਗੁਰਮੀਤ ਸਿੰਘ, ਡਾ. ਦਰਸ਼ਨ ਕੁਮਾਰ ਚੀਮਾ, ਇੰਦਰਜੀਤ ਸ਼ਰਮਾ, ਪ੍ਰੇਮ ਕੁਮਾਰ (ਪ੍ਰਧਾਨ ਦੋਧੀ ਯੂਨੀਅਨ), ਸੈਂਬਰ ਸਿੰਘ, ਲਖਵਿੰਦਰ ਸਿੰਘ ਪਟਵਾਰੀ ਅਵਤਾਰ ਸਿੰਘ ਚੀਮਾ, ਜਸਵਿੰਦਰ ਸਿੰਘ ਚੰਡੀਗੜ੍ਹੀਆ, ਗੁਰਪ੍ਰੀਤ ਸਿੰਘ ਕਾਲਾ, ਰਲਦੂ ਸਿੰਘ, ਦਰਸ਼ਨ ਸਿੰਘ, ਜਗਦੀਪ ਸਿੰਘ ਤੇ ਗੁਰੀ ਆਦਿ ਵੀ ਹਾਜ਼ਰ ਸਨ।
- Download Babushahi App
-
-