ਇੱਕ ਥਾਂ, ਚਾਰ ਨਜ਼ਰੀਏ: ਇਸ ਨਵੰਬਰ, ਚਾਰ ਨਾਮਵਰ ਕਲਾਕਾਰ ਕੈਨਵਸ ’ਤੇ ਸਾਕਾਰ ਕਰਨਗੇ ਅਣਗਿਣਤ ਕਹਾਣੀਆਂ
ਚੰਡੀਗੜ੍ਹ
ਇਸ ਨਵੰਬਰ ਕਲਾ ਜਗਤ ਵਿੱਚ ਖ਼ਾਸ ਰੌਣਕ ਦੇਖਣ ਨੂੰ ਮਿਲੇਗੀ, ਜਦੋਂ AIM Gallery ਚਾਰ ਮੋਹਰੀ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨੂੰ ਇੱਕੋ ਛੱਤ ਹੇਠ ਪੇਸ਼ ਕਰੇਗੀ। ਚੰਡੀਗੜ੍ਹ ਦੇ ਪ੍ਰਦੀਪ ਸਿੰਘ ਅਤੇ ਗੌਰਵੀ ਸ਼ਰਮਾ, ਅਤੇ ਹੈਦਰਾਬਾਦ ਦੇ ਬੋਲਗੁਮ ਸਾਈ ਆਦਿੱਤਿਆ ਤੇ ਮਾਨਸ ਭੋਲਾ ਇਸ ਪ੍ਰਦਰਸ਼ਨੀ ਵਿੱਚ ਆਪਣੀਆਂ ਚਾਰ ਵੱਖਰੀਆਂ ਕਲਾਤਮਕ ਆਵਾਜ਼ਾਂ ਨਾਲ ਸ਼ਾਮਲ ਹੋਣਗੇ। ‘ਚਤੁਰਥ’ ਸਿਰਲੇਖ ਹੇਠ ਹੋਣ ਵਾਲੀ ਇਹ ਪ੍ਰਦਰਸ਼ਨੀ ਦੁਨੀਆ ਨੂੰ ਦੇਖਣ, ਸਮਝਣ ਅਤੇ ਉਸ ਨਾਲ ਜੁੜਨ ਦੇ ਚਾਰ ਵਿਲੱਖਣ ਨਜ਼ਰੀਏ ਪੇਸ਼ ਕਰੇਗੀ।
ਆਰਟ.ਇੰਕ.ਮਿਊਜ਼ਿੰਗਜ਼ ਗੈਲਰੀ (AIM Gallery) ਦੀ ਸਹਿ-ਸੰਸਥਾਪਕ ਗੁਰਪ੍ਰੀਤ ਜੌਹਰ ਕਹਿੰਦੀ ਹੈ, “ਇਹ ਪ੍ਰਦਰਸ਼ਨੀ ਇਨ੍ਹਾਂ ਚਾਰ ਕਲਾਕਾਰਾਂ ਦੀਆਂ ਸਿਰਜਣਾਤਮਕ ਅਭਿਵਿਅਕਤੀਆਂ ਦਾ ਇੱਕ ਸੁੰਦਰ ਸੰਗਮ ਹੈ ਅਤੇ ਇਸ ਲਈ ‘ਚਤੁਰਥ’ ਤੋਂ ਵਧੀਆ ਨਾਂ ਸਾਨੂੰ ਹੋਰ ਕੋਈ ਨਹੀਂ ਲੱਗਿਆ। ਹਰ ਕਲਾਕਾਰ ਆਪਣੇ ਨਾਲ ਇੱਕ ਨਵਾਂ ਨਜ਼ਰੀਆ, ਸੰਵੇਦਨਸ਼ੀਲਤਾ ਅਤੇ ਕਲਾਤਮਕ ਅਭਿਵਿਅਕਤੀ ਲੈ ਕੇ ਆਇਆ ਹੈ। ਹਰ ਇੱਕ ਦੀ ਆਪਣੀ ਵਿਲੱਖਣ ਦ੍ਰਿਸ਼ਟੀਗਤ ਭਾਸ਼ਾ ਹੈ, ਜੋ ਉਸ ਦੇ ਨਿੱਜੀ ਤਜਰਬਿਆਂ, ਨਿਰੀਖਣਾਂ ਅਤੇ ਕਲਾ ਦੇ ਰੂਪ, ਮਾਧਿਅਮ ਤੇ ਅਰਥ ਦੀ ਲਗਾਤਾਰ ਖੋਜ ਵਿੱਚੋਂ ਉੱਭਰਦੀ ਹੈ।”
30 ਨਵੰਬਰ ਤੱਕ ਚੱਲਣ ਵਾਲੀ ‘ਚਤੁਰਥ’ ਪ੍ਰਦਰਸ਼ਨੀ ਕਿਸੇ ਇੱਕ ਵਿਚਾਰ ਜਾਂ ਅਭਿਵਿਅਕਤੀ ਤੱਕ ਸੀਮਤ ਨਹੀਂ ਰਹਿੰਦੀ। ਇਸ ਦੀ ਬਜਾਏ, ਇਹ ਕਲਾਤਮਕ ਪ੍ਰਗਟਾਵੇ ਦੀ ਵਿਭਿੰਨਤਾ ਅਤੇ ਉਨ੍ਹਾਂ ਸੰਭਾਵਨਾਵਾਂ ਦਾ ਜਸ਼ਨ ਮਨਾਉਂਦੀ ਹੈ, ਜੋ ਵੱਖ-ਵੱਖ ਕਲਾਕਾਰਾਂ ਦੀਆਂ ਸਿਰਜਣਾਤਮਕ ਯਾਤਰਾਵਾਂ ਦੇ ਇੱਕ ਸਾਂਝੇ ਮੰਚ ’ਤੇ ਮਿਲਣ ਨਾਲ ਪੈਦਾ ਹੁੰਦੀਆਂ ਹਨ।
ਜਿੱਥੇ ਪ੍ਰਦੀਪ ਦੀਆਂ ਕਲਾਕ੍ਰਿਤੀਆਂ ਦੇ ਕੇਂਦਰ ਵਿੱਚ ਕੁਦਰਤ ਹੈ, ਉੱਥੇ ਗੌਰਵੀ ਆਪਣੀ ਕਲਾ ਰਾਹੀਂ ਇੱਕ ਔਰਤ ਹੋਣ ਦੇ ਅਨੁਭਵ ਅਤੇ ਇਸ ਨਾਲ ਜੁੜੀਆਂ ਗੁੰਝਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਬੋਲਗੁਮ ਦੀਆਂ ਕਲਾਕ੍ਰਿਤੀਆਂ ਵਿੱਚ ਭਾਰਤੀ ਮਿਥਿਹਾਸ ਦੀ ਡੂੰਘੀ ਛਾਪ ਨਜ਼ਰ ਆਉਂਦੀ ਹੈ, ਜਦਕਿ ਮਾਨਸ ਨੂੰ ਮਨੁੱਖ ਅਤੇ ਜਾਨਵਰਾਂ ਵਿਚਕਾਰ ਟਕਰਾਅ ਅਤੇ ਵਾਤਾਵਰਣਕ ਚੁਣੌਤੀਆਂ ਦੇ ਦਰਮਿਆਨ ਕੁਦਰਤ ਦੀ ਸਹਿਣਸ਼ੀਲਤਾ ਤੇ ਜੀਵਨ-ਸ਼ਕਤੀ ਕਲਾ ਵੱਲ ਖਿੱਚਦੀ ਹੈ।
AIM Gallery ਦੇ ਸਹਿ-ਸੰਸਥਾਪਕ ਮੁਨੀਸ਼ ਜੌਹਰ ਕਹਿੰਦੇ ਹਨ, “ਕਲਾ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਇਸ ਵਿੱਚ ਕਈ ਕਹਾਣੀਆਂ ਅਤੇ ਵਿਚਾਰ ਇਕੱਠੇ ਮੌਜੂਦ ਹੋ ਸਕਦੇ ਹਨ। ਇਹ ਸਾਨੂੰ ਸੰਵਾਦ ਸ਼ੁਰੂ ਕਰਨ, ਇੱਕ-ਦੂਜੇ ਨਾਲ ਜੁੜਨ ਅਤੇ ਆਮ ਦਾਇਰੇ ਤੋਂ ਅੱਗੇ ਵਧ ਕੇ ਗੱਲਬਾਤ ਕਰਨ ਲਈ ਪ੍ਰੇਰਿਤ ਕਰਦੇ ਹਨ।”
ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਕਲਾ ਅਜਿਹੇ ਮੌਕੇ ਪੈਦਾ ਕਰਦੀ ਹੈ, ਜਿੱਥੇ ਵੱਖ-ਵੱਖ ਵਿਚਾਰਾਂ ਅਤੇ ਦੁਨੀਆਂ ਦਾ ਆਪਸ ਵਿੱਚ ਮਿਲਾਪ ਹੁੰਦਾ ਹੈ, ਉਹ ਇੱਕ-ਦੂਜੇ ਨਾਲ ਜੁੜਦੇ ਹਨ ਅਤੇ ਪ੍ਰੇਰਣਾ ਦਾ ਸਰੋਤ ਬਣਦੇ ਹਨ।