ਪ੍ਰਤਿਮਾਨ ਸਾਹਿਤਕ ਮੰਚ ਵੱਲੋਂ ਪ੍ਰਵਾਸੀ ਲੇਖਕ ਪ੍ਰੇਮ ਮਾਨ ਦਾ ਰੂਬਰੂ ਅਤੇ ਪੁਸਤਕ ਰਿਲੀਜ਼
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 15 ਨਵੰਬਰ ( ) ਪ੍ਰਤਿਮਾਨ ਸਾਹਿਤਕ ਮੰਚ, ਪਟਿਆਲਾ ਵੱਲੋਂ ਪੰਜਾਬੀ ਦੇ ਉੱਘੇ ਪ੍ਰਵਾਸੀ ਲੇਖਕ ਡਾ. ਪ੍ਰੇਮ ਮਾਨ ਦਾ ਰੂਬਰੂ ਅਤੇ ਸਨਮਾਨ ਸਮਾਰੋਹ ਢਿੱਲੋਂ ਰੈਜ਼ੀਡੈਂਸੀ, ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਡਾ. ਅਮਰਜੀਤ ਕੌਂਕੇ ਵੱਲੋਂ ਉਹਨਾਂ ਦੀ ਕਿਤਾਬ 'ਅੱਜ ਧੁੱਪ ਨਿੱਘੀ ਨਹੀਂ' ਦਾ ਹਿੰਦੀ ਅਨੁਵਾਦ 'ਆਜ ਧੂਪ ਗੁਨਗੁਨੀ ਨਹੀਂ' ਰਿਲੀਜ਼ ਕੀਤੀ ਗਈ। ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਡਾ. ਗੁਰਵਿੰਦਰ ਅਮਨ ਨੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦਸਦਿਆਂ ਪ੍ਰਤਿਮਾਨ ਸਾਹਿਤਕ ਮੰਚ ਦੇ ਸੰਚਾਲਕ ਡਾ. ਅਮਰਜੀਤ ਕੌਕੇ ਨੂੰ ਆਏ ਦੋਸਤਾਂ ਨੂੰ ਜੀ ਆਇਆਂ ਆਖਣ ਲਈ ਮੰਚ ਤੇ ਸੱਦਾ ਦਿੱਤਾ। ਅਮਰਜੀਤ ਕੌਂਕੇ ਨੇ ਆਏ ਦੋਸਤਾਂ ਨੂੰ ਜੀ ਆਇਆਂ ਆਖਦਿਆਂ ਪ੍ਰੇਮ ਮਾਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰੇਮ ਮਾਨ ਲੰਬੇ ਅਰਸੇ ਤੋਂ ਕਵਿਤਾ, ਕਹਾਣੀ ਅਤੇ ਵਾਰਤਕ ਦੇ ਖੇਤਰ ਦੇ ਵਿੱਚ ਸਰਗਰਮ ਹਨ। ਉਹਨਾਂ ਨੇ ਪ੍ਰਵਾਸੀ ਜੀਵਨ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਕਹਾਣੀਆਂ ਦੀ ਰਚਨਾ ਕੀਤੀ। ਅਮਰਜੀਤ ਕੌਕੇ ਨੇ ਇਹਨਾਂ ਕਹਾਣੀਆਂ ਵਿਚਲੀ ਅਪਰੋਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰੇਮ ਮਾਨ ਨੇ ਬਹੁਤ ਹੀ ਖੁੱਲ੍ਹਦਿਲੀ ਅਤੇ ਸਾਹਸਿਕ ਤਰੀਕੇ ਨਾਲ ਉਥੋਂ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕੀਤਾ ਹੈ। ਉਹਨਾਂ ਨੇ ਪ੍ਰੇਮ ਮਾਨ ਦੀ ਸ਼ਖਸ਼ੀਅਤ ਬਾਰੇ ਵੀ ਬਹੁਤ ਖੁੱਲ੍ਹ ਕੇ ਚਾਨਣਾ ਪਾਇਆ। ਇਸ ਤੋਂ ਬਾਅਦ ਸੰਗਰੂਰ ਤੋਂ ਆਏ ਲੇਖਕ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਪ੍ਰੇਮ ਮਾਨ ਸਿਰਫ਼ ਪੰਜਾਬੀ ਦੇ ਲੇਖਕ ਹੀ ਨਹੀਂ ਸਗੋਂ ਉਹਨਾਂ ਦਾ ਅਮਰੀਕਾ ਦੇ ਅਰਥਸ਼ਾਸਤਰ ਦੇ ਖੇਤਰ ਵਿੱਚ ਵੀ ਵੱਡਾ ਨਾਮ ਹੈ। ਉਹਨਾਂ ਨੇ ਪੁਰਾਣੇ ਦਿਨਾਂ ਦੇ ਵਿੱਚ ਆਪਣੇ ਅਤੇ ਪ੍ਰੇਮ ਮਾਨ ਦੇ ਸੰਬੰਧਾਂ ਬਾਰੇ ਵੀ ਚਰਚਾ ਕੀਤੀ। ਇਸ ਉਪਰੰਤ ਡਾ. ਪਸ਼ਵਿੰਦਰ ਕੌਰ ਨੇ ਕਿਹਾ ਕਿ ਪ੍ਰੇਮ ਮਾਨ ਨੂੰ ਅਧਿਆਪਨ ਦੇ ਖੇਤਰ ਵਿੱਚ ਇੱਕ ਲੰਬਾ ਤਜਰਬਾ ਹੈ, ਉਨਾਂ ਨੇ ਆਪਣੇ ਜੀਵਨ ਦੇ ਕੱਢੇ ਸਿੱਟਿਆਂ ਨੂੰ ਆਪਣੀ ਲੇਖਣੀ ਵਿੱਚ ਇਕੱਠਾ ਕਰਕੇ ਪੰਜਾਬੀ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਉਹਨਾਂ ਨੇ ਪ੍ਰੇਮ ਮਾਨ ਦੁਆਰਾ ਲਿਖੇ ਰੇਖਾ ਚਿੱਤਰਾਂ ਵਿਚਲੀ ਬੈਲੇਂਸ ਪਹੁੰਚ ਬਾਰੇ ਵੀ ਗੱਲ ਕੀਤੀ। ਪੈਰਿਸ ਤੋਂ ਆਈ ਹੋਈ ਲੇਖਕਾ ਅੰਜੂ ਕੈਂਥ ਨੇ ਕਿਹਾ ਕਿ ਆਮ ਤੌਰ ਤੇ ਲੇਖਕ ਦੀ ਸ਼ਖਸ਼ੀਅਤ ਅਤੇ ਉਸ ਦੀ ਲੇਖਣੀ ਵਿੱਚ ਵੱਡਾ ਅੰਤਰ ਹੁੰਦਾ ਹੈ ਪਰ ਪ੍ਰੇਮ ਮਾਨ ਦੀ ਸ਼ਖ਼ਸੀਅਤ ਅਤੇ ਲੇਖਣੀ ਵਿੱਚ ਇੱਕਸੁਰਤਾ ਦੇਖਣ ਨੂੰ ਮਿਲਦੀ ਹੈ। ਡਾ. ਅਮਰਜੀਤ ਸਿੰਘ ਕਾਵਿ- ਸ਼ਾਸਤਰ ਨੇ ਕਿਹਾ ਕਿ ਬਹੁਤੇ ਪ੍ਰਵਾਸੀ ਲੇਖਕ ਆਪਣੇ ਪ੍ਰਵਾਸ ਨੂੰ ਆਪਣੀ ਰਚਨਾ ਵਿੱਚ ਪ੍ਰਮਾਣਿਤ ਨਹੀਂ ਕਰਦੇ ਪਰ ਪ੍ਰੇਮ ਮਾਨ ਦੀ ਰਚਨਾ ਪ੍ਰਵਾਸ ਨੂੰ ਆਪਣੇ ਅੰਦਰ ਸਮੋ ਕੇ ਉਸਨੂੰ ਆਪਣੀ ਰਚਨਾ ਦੇ ਵਿੱਚ ਪ੍ਰਮਾਣਿਤ ਕਰਦੀ ਹੈ। ਬਰਨਾਲੇ ਤੋਂ ਆਏ ਕਹਾਣੀਕਾਰ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਡਾ. ਪ੍ਰੇਮ ਮਾਨ ਅਮਰੀਕਾ ਦੀ ਧਰਤੀ ਤੇ ਰਹਿ ਕੇ ਪੰਜਾਬੀ ਵਿੱਚ ਜਿਹੜੀ ਸਿਰਜਣਾ ਕਰ ਰਹੇ ਹਨ ਉਹ ਬਹੁਤ ਹੀ ਮਹੱਤਵਪੂਰਨ ਹੈ। ਉਹਨਾਂ ਪ੍ਰੇਮ ਮਾਨ ਦੀਆਂ ਕਹਾਣੀਆਂ ਬਾਰੇ ਕਈ ਨੁਕਤੇ ਉਭਾਰੇ। ਡਾ. ਰਵੀ ਦਿੱਤ ਨੇ ਕਿਹਾ ਕਿ ਭਾਸ਼ਾ ਅਤੇ ਕਲਚਰ ਦਾ ਕੋਈ ਖੇਤਰ ਨਹੀਂ ਹੁੰਦਾ। ਪ੍ਰੇਮ ਮਾਨ ਨੇ ਅਮਰੀਕਾ ਵਿੱਚ ਰਹਿੰਦਿਆਂ ਉਥੋਂ ਦੀ ਭਾਸ਼ਾ ਅਤੇ ਉਥੋਂ ਦੇ ਕਲਚਰ ਨੂੰ ਆਪਣੀਆਂ ਲਿਖਤਾਂ ਵਿੱਚ ਪੇਸ਼ ਕਰਕੇ ਪੰਜਾਬੀ ਪਾਠਕਾਂ ਲਈ ਇੱਕ ਵੱਡੀ ਜਾਣਕਾਰੀ ਪ੍ਰਦਾਨ ਕੀਤੀ ਹੈ। ਉਪਰੋਕਤ ਤੋਂ ਇਲਾਵਾ ਹਰਪਾਲ ਸਿੰਘ ਪਾਲ, ਆਰ ਪੀ ਸਿੰਘ, ਗਗਨਦੀਪ, ਰਾਜਵਿੰਦਰ ਕੌਰ ਜਟਾਣਾ, ਨਿਰਮਲ ਸਿੰਘ ਆਦਿ ਨੇ ਵੀ ਪ੍ਰੇਮ ਮਾਨ ਦੀ ਸ਼ਖਸ਼ੀਅਤ ਅਤੇ ਉਹਨਾਂ ਦੀਆਂ ਲਿਖਤਾਂ ਦੇ ਬਾਰੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਉੱਘੇ ਲੇਖਕ ਕਿਰਪਾਲ ਕਜ਼ਾਕ ਨੇ ਕਿਹਾ ਕਿ ਪ੍ਰਵਾਸੀ ਲੇਖਕਾਂ ਦੇ ਵਿੱਚ ਆਪਣੀ ਵਿਰਾਸਤ ਦਾ ਜਿਹੜਾ ਜਮੂਦ ਪ੍ਰਵਾਸ ਵਿੱਚ ਜਾ ਕੇ ਵੀ ਬਣਿਆ ਰਹਿੰਦਾ ਹੈ, ਪ੍ਰੇਮ ਮਾਨ ਨੇ ਉਸ ਜਮੂਦ ਨੂੰ ਤੋੜਿਆ ਹੈ। ਉਹਨਾਂ ਦੀਆਂ ਕਹਾਣੀਆਂ ਵਿੱਚ ਬੋਲਡਨੈਸ ਹੈ ਪਰ ਲਾਊਡਨੈਸ ਨਹੀਂ। ਉਹਨਾਂ ਦੀਆਂ ਕਹਾਣੀਆਂ ਵਿੱਚ ਕਿਤੇ ਵੀ ਝੋਲ ਨਹੀਂ ਪੈਂਦੀ। ਵਾਰਤਕ ਲਿਖਣ ਵਾਲੇ ਲੇਖਕਾਂ ਦੀ ਭਾਸ਼ਾ ਵਿੱਚ ਆਮ ਤੌਰ ਤੇ ਪੱਤਰਕਾਰਤਾ ਦਾ ਅੰਸ਼ ਰਲ ਜਾਂਦਾ ਹੈ ਪਰ ਪ੍ਰੇਮ ਮਾਨ ਨੇ ਆਪਣੀਆਂ ਵਾਰਤਕ ਲਿਖਤਾਂ ਵਿੱਚ ਉਸ ਪੱਤਰਕਾਰਤਾ ਦੇ ਅੰਸ਼ ਨੂੰ ਪ੍ਰਵੇਸ਼ ਕਰਨ ਤੋਂ ਗੁਰੇਜ਼ ਕੀਤਾ ਹੈ। ਉਹਨਾਂ ਇਹਨਾਂ ਕਹਾਣੀਆਂ ਵਿਚਲੀ ਸੰਜਮਤਾ ਦੀ ਵੀ ਸਰਾਹਨਾ ਕੀਤੀ। ਕਿਰਪਾਲ ਕਜ਼ਾਕ ਤੋਂ ਬਾਅਦ ਡਾ. ਨਰਿੰਦਰ ਸਿੰਘ ਕਪੂਰ ਨੇ ਇਸ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਇਸ ਛੋਟੀ ਜਿਹੀ ਮੀਟਿੰਗ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਹੋਈਆਂ ਹਨ। ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਲੇਖਕ ਲਿਖਦਾ ਰਹਿੰਦਾ ਹੈ, ਉਨਾ ਚਿਰ ਉਹ ਜਿਉਂਦਾ ਰਹਿੰਦਾ ਹੈ। ਉਹਨਾਂ ਡਾ. ਪ੍ਰੇਮ ਮਾਨ ਦੀਆਂ ਕਹਾਣੀਆਂ ਵਿੱਚ ਬੋਲਡ ਵਿਸ਼ਿਆਂ ਨੂੰ ਬਹੁਤ ਹੀ ਸਹਿਜਤਾ ਨਾਲ ਪੇਸ਼ ਕਰਨ ਲਈ ਉਹਨਾਂ ਦੀ ਤਾਰੀਫ਼ ਕੀਤੀ। ਅੰਤ ਤੇ ਨੌਜਵਾਨ ਸ਼ਾਇਰ ਯੁਵੀ ਯੁਵਰਾਜ ਵੱਲੋਂ ਆਏ ਦੋਸਤਾਂ ਦਾ ਧੰਨਵਾਦ ਕੀਤਾ ਗਿਆ। ਪ੍ਰਤਿਮਾਨ ਸਾਹਿਤਕ ਮੰਚ ਦੇ ਸੰਚਾਲਕ ਡਾ. ਅਮਰਜੀਤ ਕੌਂਕੇ ਅਤੇ ਉਹਨਾਂ ਦੀ ਟੀਮ ਵੱਲੋਂ ਡਾ. ਪ੍ਰੇਮ ਮਾਨ ਨੂੰ ਇੱਕ ਖ਼ੂਬਸੂਰਤ ਫੁਲਕਾਰੀ ਅਤੇ ਮੋਮੈਂਟੋ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਵਿੰਦਰ ਅਮਨ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਸਮੁੱਚੇ ਰੂਪ ਵਿੱਚ ਇਹ ਫੰਕਸ਼ਨ ਇੱਕ ਯਾਦਗਾਰੀ ਫੰਕਸ਼ਨ ਹੋ ਨਿਬੜਿਆ ਜਿਸ ਦੀ ਯਾਦ ਚੇਤਿਆਂ ਵਿੱਚ ਦੇਰ ਤੱਕ ਬਣੀ ਰਹੇਗੀ।