ਜਰਨੈਲ ਸਿੰਘ ਢਿੱਲੋਂ: ਭਾਰਤੀ ਫੁੱਟਬਾਲ ਦਾ ਨਿਡਰ ਡਿਫੈਂਡਰ, ਜਿਸ ਨੇ ਸਿਰ 'ਤੇ ਸੱਟ ਲੱਗਣ ਦੇ ਬਾਵਜੂਦ ਦੇਸ਼ ਨੂੰ ਦਿਵਾਇਆ ਏਸ਼ੀਆਈ ਗੋਲਡ ਮੈਡਲ
ਸੁਖਮਿੰਦਰ ਭੰਗੂ
ਭਾਰਤੀ ਫੁੱਟਬਾਲ ਦੇ ਸੁਨਹਿਰੀ ਦੌਰ ਦੇ ਮਹਾਨ ਖਿਡਾਰੀਆਂ ਵਿੱਚ ਜਰਨੈਲ ਸਿੰਘ ਢਿੱਲੋਂ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਇੱਕ ਸ਼ਾਨਦਾਰ ਸੈਂਟਰ ਬੈਕ (Centre-back), ਨਿਡਰ ਡਿਫੈਂਡਰ ਅਤੇ ਬਹੁਪੱਖੀ ਖਿਡਾਰੀ, ਜਿਨ੍ਹਾਂ ਨੇ ਆਪਣੀ ਖੇਡ, ਦਲੇਰੀ ਅਤੇ ਅਦਭੁੱਤ ਸਰੀਰਕ ਸਮਰੱਥਾ ਨਾਲ ਭਾਰਤੀ ਫੁੱਟਬਾਲ ਵਿੱਚ ਵਿਸ਼ੇਸ਼ ਪਛਾਣ ਬਣਾਈ। 1962 ਦੀਆਂ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਫੁੱਟਬਾਲ ਦਾ ਗੋਲਡ ਮੈਡਲ ਦਿਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਇਤਿਹਾਸਕ ਰਹੀ।
ਜਰਨੈਲ ਸਿੰਘ ਢਿੱਲੋਂ ਦਾ ਜਨਮ 20 ਫਰਵਰੀ 1936 ਨੂੰ ਅਣਵੰਡੇ ਪੰਜਾਬ ਦੇ ਲਾਇਲਪੁਰ (ਮੌਜੂਦਾ ਫੈਸਲਾਬਾਦ, ਪਾਕਿਸਤਾਨ) ਵਿੱਚ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪੰਜਾਬ ਆ ਗਿਆ ਅਤੇ ਉਹ ਫਗਵਾੜਾ ਵਿਖੇ ਰਹਿਣ ਲੱਗੇ। ਉਨ੍ਹਾਂ ਨੇ ਫੁੱਟਬਾਲ ਦੇ ਖੇਤਰ ਵਿੱਚ ਆਪਣੀ ਪਛਾਣ ਖਾਲਸਾ ਕਾਲਜ, ਮਾਹਿਲਪੁਰ ਦੀ ਟੀਮ ਤੋਂ ਖੇਡਦਿਆਂ ਬਣਾਈ। ਇਸ ਤੋਂ ਬਾਅਦ ਉਹ ਖਾਲਸਾ ਸਪੋਰਟਿੰਗ ਕਲੱਬ ਨਾਲ ਜੁੜੇ ਅਤੇ ਕੋਲਕਾਤਾ ਦੇ ਰਾਜਸਥਾਨ ਕਲੱਬ ਵੱਲੋਂ ਵੀ ਖੇਡੇ। 1959 ਵਿੱਚ ਉਹ ਮਸ਼ਹੂਰ ਮੋਹਨ ਬਾਗਾਨ ਫੁੱਟਬਾਲ ਕਲੱਬ ਨਾਲ ਜੁੜ ਗਏ ਅਤੇ ਲਗਭਗ ਇੱਕ ਦਹਾਕੇ ਤੱਕ ਇਸ ਕਲੱਬ ਦੀ ਨੁਮਾਇੰਦਗੀ ਕਰਦਿਆਂ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ।
ਉਨ੍ਹਾਂ ਦੀ ਖੇਡ ਦਾ ਸਭ ਤੋਂ ਮਜ਼ਬੂਤ ਪੱਖ ਵਿਰੋਧੀ ਟੀਮ ਦੇ ਹਮਲਿਆਂ ਨੂੰ ਰੋਕਣਾ, ਸਿਰ ਨਾਲ ਗੇਂਦ ਨੂੰ ਕਲੀਅਰ ਕਰਨਾ ਅਤੇ ਮੈਦਾਨ ਵਿੱਚ ਦਬਾਅ ਦੇ ਬਾਵਜੂਦ ਸੰਤੁਲਨ ਬਣਾਈ ਰੱਖਣਾ ਸੀ। ਇੱਕ ਸੈਂਟਰ ਬੈਕ ਵਜੋਂ ਉਨ੍ਹਾਂ ਦੀ ਪਛਾਣ ਇੰਨੀ ਮਜ਼ਬੂਤ ਸੀ ਕਿ 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ ਵੀ ਉਨ੍ਹਾਂ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਉਹ 1961 ਦੇ ਮਰਡੇਕਾ ਟੂਰਨਾਮੈਂਟ ਅਤੇ ਹੋਰ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਵੱਲੋਂ ਖੇਡੇ।
1962 ਦੀਆਂ ਜਕਾਰਤਾ ਏਸ਼ੀਆਈ ਖੇਡਾਂ ਉਨ੍ਹਾਂ ਦੇ ਫੁੱਟਬਾਲ ਕਰੀਅਰ ਦਾ ਸਭ ਤੋਂ ਯਾਦਗਾਰ ਅਧਿਆਇ ਸਾਬਤ ਹੋਈਆਂ। ਭਾਰਤੀ ਟੀਮ ਨੇ ਮੁੱਖ ਕੋਚ ਸਈਦ ਅਬਦੁਲ ਰਹੀਮ ਦੀ ਅਗਵਾਈ ਹੇਠ ਦੱਖਣੀ ਕੋਰੀਆ ਨੂੰ ਫਾਈਨਲ ਵਿੱਚ 2-1 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਇਸ ਫਾਈਨਲ ਵਿੱਚ ਜਰਨੈਲ ਸਿੰਘ ਨੇ ਸੱਟ ਦੇ ਬਾਵਜੂਦ ਸ਼ਾਨਦਾਰ ਖੇਡ ਦਿਖਾਈ ਅਤੇ ਭਾਰਤ ਵੱਲੋਂ ਦੂਜਾ ਗੋਲ ਕੀਤਾ। ਇਸ ਤੋਂ ਪਹਿਲਾਂ ਥਾਈਲੈਂਡ ਵਿਰੁੱਧ ਮੈਚ ਦੌਰਾਨ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਨ੍ਹਾਂ ਦੇ ਮੱਥੇ 'ਤੇ ਟਾਂਕੇ ਲਗਾਉਣੇ ਪਏ ਸਨ। ਡਿਫੈਂਸ ਵਿੱਚ ਖੇਡਣਾ ਮੁਸ਼ਕਲ ਹੋਣ ਕਰਕੇ ਕੋਚ ਨੇ ਉਨ੍ਹਾਂ ਨੂੰ ਸੈਮੀਫਾਈਨਲ ਅਤੇ ਫਾਈਨਲ ਵਿੱਚ ਫਾਰਵਰਡ ਵਜੋਂ ਮੈਦਾਨ ਵਿੱਚ ਉਤਾਰਿਆ। ਉਨ੍ਹਾਂ ਨੇ ਦੋਵਾਂ ਮੁਕਾਬਲਿਆਂ ਵਿੱਚ ਗੋਲ ਕਰਕੇ ਆਪਣੀ ਬਹੁਪੱਖੀ ਖੇਡ ਅਤੇ ਜਜ਼ਬੇ ਦਾ ਸਬੂਤ ਦਿੱਤਾ। ਇਹ ਪ੍ਰਦਰਸ਼ਨ ਉਨ੍ਹਾਂ ਨੂੰ ਭਾਰਤੀ ਫੁੱਟਬਾਲ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਦਿਵਾਉਣ ਵਾਲਾ ਬਣਿਆ।
1964 ਵਿੱਚ ਇਜ਼ਰਾਈਲ ਵਿਖੇ ਹੋਏ ਏਐਫਸੀ ਏਸ਼ੀਅਨ ਕੱਪ ਵਿੱਚ ਵੀ ਜਰਨੈਲ ਸਿੰਘ ਨੇ ਭਾਰਤੀ ਟੀਮ ਦੀ ਸਫਲਤਾ ਵਿੱਚ ਅਹਿਮ ਯੋਗਦਾਨ ਪਾਇਆ। ਭਾਰਤ ਨੇ ਇਸ ਮੁਕਾਬਲੇ ਵਿੱਚ ਉਪ ਜੇਤੂ ਸਥਾਨ ਹਾਸਲ ਕੀਤਾ। 1965 ਤੋਂ 1967 ਤੱਕ ਉਨ੍ਹਾਂ ਨੇ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਵੀ ਕੀਤੀ। ਉਹ ਏਸ਼ੀਅਨ ਆਲ ਸਟਾਰ ਫੁੱਟਬਾਲ ਟੀਮ ਵਿੱਚ ਚੁਣੇ ਜਾਣ ਵਾਲੇ ਭਾਰਤ ਦੇ ਪ੍ਰਮੁੱਖ ਖਿਡਾਰੀਆਂ ਵਿੱਚੋਂ ਸਨ ਅਤੇ 1966 ਵਿੱਚ ਇਸ ਟੀਮ ਦੀ ਕਪਤਾਨੀ ਕਰਨ ਵਾਲੇ ਇਕਲੌਤੇ ਭਾਰਤੀ ਫੁੱਟਬਾਲਰ ਵਜੋਂ ਵੀ ਉਨ੍ਹਾਂ ਦੀ ਵਿਸ਼ੇਸ਼ ਪ੍ਰਾਪਤੀ ਦਰਜ ਹੈ।
ਖੇਡਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਦੇਖਦਿਆਂ ਭਾਰਤ ਸਰਕਾਰ ਨੇ 1964 ਵਿੱਚ ਉਨ੍ਹਾਂ ਨੂੰ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 1960 ਵਿੱਚ ਇੱਕ ਅਖ਼ਬਾਰ ਵੱਲੋਂ ਕਰਵਾਏ ਗਏ ਲੋਕਪ੍ਰਿਯ ਖਿਡਾਰੀ ਦੇ ਸਰਵੇਖਣ ਵਿੱਚ ਉਹ ਭਾਰਤ ਦੇ ਸਭ ਤੋਂ ਪਸੰਦੀਦਾ ਖਿਡਾਰੀਆਂ ਵਿੱਚ ਸ਼ਾਮਲ ਰਹੇ।
ਖੇਡ ਮੈਦਾਨ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਜਰਨੈਲ ਸਿੰਘ ਫੁੱਟਬਾਲ ਨਾਲ ਜੁੜੇ ਰਹੇ। ਉਨ੍ਹਾਂ ਨੇ ਕੋਚ ਵਜੋਂ ਭਾਰਤੀ ਟੀਮ ਅਤੇ ਪੰਜਾਬ ਦੀ ਟੀਮ ਦੀ ਸੇਵਾ ਕੀਤੀ। ਉਨ੍ਹਾਂ ਦੀ ਕੋਚਿੰਗ ਅਤੇ ਅਗਵਾਈ ਹੇਠ ਪੰਜਾਬ ਨੇ 1970-71 ਵਿੱਚ ਪਹਿਲੀ ਵਾਰ ਸੰਤੋਸ਼ ਟਰਾਫੀ ਜਿੱਤਣ ਦਾ ਮਾਣ ਹਾਸਲ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਪੰਜਾਬ ਦੇ ਖੇਡ ਵਿਭਾਗ ਵਿੱਚ ਵੀ ਅਹਿਮ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਡਾਇਰੈਕਟਰ ਆਫ਼ ਸਪੋਰਟਸ ਦੇ ਅਹੁਦੇ ਤੱਕ ਪਹੁੰਚੇ।
ਭਾਰਤੀ ਫੁੱਟਬਾਲ ਦੇ ਇਸ ਮਹਾਨ ਸਿਤਾਰੇ ਦਾ 13 ਅਕਤੂਬਰ 2000 ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦਿੰਦਿਆਂ ਮੋਹਨ ਬਾਗਾਨ ਕਲੱਬ ਨੇ 2012 ਵਿੱਚ ਉਨ੍ਹਾਂ ਨੂੰ ਮਰਨ ਉਪਰੰਤ 'ਮੋਹਨ ਬਾਗਾਨ ਰਤਨ' ਨਾਲ ਸਨਮਾਨਿਤ ਕੀਤਾ।
ਜਰਨੈਲ ਸਿੰਘ ਢਿੱਲੋਂ ਸਿਰਫ਼ ਇੱਕ ਮਹਾਨ ਡਿਫੈਂਡਰ ਹੀ ਨਹੀਂ ਸਨ, ਸਗੋਂ ਉਹ ਹਿੰਮਤ, ਸਮਰਪਣ ਅਤੇ ਦੇਸ਼ ਲਈ ਖੇਡਣ ਦੇ ਜਜ਼ਬੇ ਦੀ ਮਿਸਾਲ ਸਨ। ਸਿਰ 'ਤੇ ਗੰਭੀਰ ਸੱਟ ਲੱਗਣ ਦੇ ਬਾਵਜੂਦ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਗੋਲ ਕਰਕੇ ਉਨ੍ਹਾਂ ਨੇ ਸਾਬਤ ਕੀਤਾ ਕਿ ਇੱਕ ਮਹਾਨ ਖਿਡਾਰੀ ਦੀ ਪਛਾਣ ਸਿਰਫ਼ ਉਸ ਦੀ ਖੇਡ ਨਾਲ ਨਹੀਂ, ਸਗੋਂ ਮੁਸ਼ਕਲ ਸਮੇਂ ਵਿੱਚ ਦਿਖਾਏ ਜਾਂਦੇ ਹੌਸਲੇ ਨਾਲ ਵੀ ਹੁੰਦੀ ਹੈ। ਭਾਰਤੀ ਫੁੱਟਬਾਲ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।

-
ਸੁਖਮਿੰਦਰ ਭੰਗੂ , writer
bhangoo1164@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.