Crime Special- ਸਰਹੱਦੋਂ ਪਾਰ ਸਾਜਿਸ਼ : ਅੱਲ੍ਹੜ ਉਮਰ ਦੇ ਮੁੰਡਿਆਂ ਦੇ ਹੱਥਾਂ ’ਚ ਫੜਾਏ ਜਾ ਰਹੇ ਨੇ ਬੰਬ ਤੇ ਬਰੂਦ
ਅਸ਼ੋਕ ਵਰਮਾ
ਬਠਿੰਡਾ , 17 ਨਵੰਬਰ 2026: ਰਾਜਸਥਾਨ ਦੇ ਗੰਗਾਨਗਰ ਇਲਾਕੇ ’ਚ 3 ਨਵੰਬਰ ਨੂੰ ਹੋਏ ਰੇਲ ਟਰੈਕ ਧਮਾਕਾ ਮਾਮਲੇ ਵਿੱਚ ਰਾਜਸਥਾਨ ਪੁਲੀਸ ਨੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਚੌੜਾ ਕਲਾਂ ਤੋਂ ਨੌਜਵਾਨ ਦਵਿੰਦਰ ਸਿੰਘ (22) ਅਤੇ ਦੋਸਤਪੁਰ ਦੀ ਇੱਕ ਲੜਕੀ ਮਹਿਕਦੀਪ ਕੌਰ (21) ਦੀ ਗ੍ਰਿਫਤਾਰੀ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਕਰਵਾਉਣ ਲਈ ਨੌਜਵਾਨਾਂ ਨੂੰ ਭਰਮਾਉਣ ਵਿੱਚ ਪਾਕਿਸਤਾਨੀ ਬਦਨਾਮ ਖੁਫ਼ੀਆ ਏਜੰਸੀਆਂ ਅਤੇ ਸਰਹੱਦ ਪਾਰ ਬੈਠੇ ਹੈਂਡਲਰਾਂ ਦੀ ਭੂਮਿਕਾ ਵੱਲ ਧਿਆਨ ਖਿੱਚਿਆ ਹੈ। ਮਹਿਕਦੀਪ ਵੀ ਪਾਕਿਸਤਾਨੀ ਹੈਂਡਲਰ ਦੇ ਸੰਪਰਕ ’ਚ ਆਕੇ ਆਪਣੇ ਮੁਲਕ ਨਾਲ ਗਦਾਰੀ ਕਰ ਬੈਠੀ ਹੈ। ਖਾਸ ਤੌਰ ’ਤੇ ਜੇਕਰ ਮਾਮਲਾ ਦੇਸ਼ ਧਰੋਹ ਦਾ ਬਣ ਗਿਆ ਤਾਂ ਇਨ੍ਹਾਂ ਦੋਵਾਂ ਦੀ ਸਾਰੀ ਉਮਰ ਜੇਲ੍ਹ ’ਚ ਨਿਕਲਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਪੁਲੀਸ ਅਨੁਸਾਰ ਪਾਕਿਸਤਾਨ ਦੇ ਇਸ਼ਾਰੇ ’ਤੇ ਕੀਤੇ ਇਸ ਧਮਾਕੇ ’ਚ ਦੋਵਾਂ ਦੀ ਕਥਿਤ ਸ਼ਮੂਲੀਅਤ ਹੈ।
ਪੁਲਿਸ ਨੇ ਮੁਲਜਮਾਂ ਤੋਂ ਨਕਦੀ , ਦੋ ਵਿਦੇਸ਼ੀ ਪਿਸਤੌਲ ਅਤੇ 46 ਕਾਰਤੂਸ ਵੀ ਬਰਾਮਦ ਕੀਤੇ ਹਨ ਜਿੰਨ੍ਹਾਂ ’ਤੇ ਪਾਕਿਸਤਾਨ ਆਰਡੀਨੈਂਸ ਫੈਕਟਰੀ ਦੀ ਮੋਹਰ ਲੱਗੀ ਹੋਈ ਹੈ। ਮੁਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਹੈਂਡਲਰ ਮਹਿਕਦੀਪ ਨੂੰ ਵੀਡੀਓ ਕਾਲ ਰਾਹੀਂ ਬੰਬ ਪਲਾਂਟ ਕਰਨ ਦੀ ਜਾਣਕਾਰੀ ਦਿੰਦਾ ਸੀ। ਇਸ ਤੋਂ ਜਾਹਰ ਹੈ ਕਿ ਮਹਿਕਦੀਪ ਦੇਸ਼ ਵਿਰੋਧੀ ਗਤੀਵਿਧੀਆਂ ਲਈ ਟਰੇਂਡ ਕੀਤੀ ਗਈ ਸੀ। ਇਸ ਗੰਭੀਰ ਮਾਮਲੇ ਨੇ ਸਰਹੱਦੋਂ ਪਾਰ ਅੱਤਵਾਦ ਅਤੇ ਨਸ਼ਾ ਤਸਕਰੀ ਨਾਲ ਸਬੰਧਤ ਗਤੀਵਿਧੀਆਂ ਵਿੱਚ ਨੌਜਵਾਨਾਂ ਤੇ ਨਾਬਾਲਗਾਂ ਦੀ ਵਧ ਰਹੀ ਸ਼ਮੂਲੀਅਤ ਸਬੰਧੀ ਫਿਕਰ ਉਜਾਗਰ ਕੀਤੇ ਹਨ। ਪੁਲਿਸ ਰਿਕਾਰਡ ਦੀ ਪੁਣਛਾਣ ਕਰੀਏ ਤਾਂ ਪਤਾ ਲਗਦਾ ਹੈ ਕਿ ਇਹ ਕੋਈ ਕੱਲਾ ਕਾਹਰਾ ਮਾਮਲਾ ਨਹੀਂ ਬਲਕਿ ਅਜਿਹੇ ਹੋਰ ਵੀ ਕਈ ਕਾਫੀ ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ ’ਚ ਛੋਟੀ ਉਮਰ ਦੇ ਨੌਜਵਾਨਾਂ ਤੋਂ ਨਸ਼ਿਆਂ ਤੋਂ ਹੈਂਡ ਗਰਨੇਡ ਤੱਕ ਦੀ ਸਪਲਾਈ ਕਰਵਾਉਣਾ ਸ਼ਾਮਲ ਹੈ।
ਪੁਲਿਸ ਦਾ ਮੰਨਣਾ ਹੈ ਕਿ ਪਾਕਿਸਤਾਨੀ ਹੈਂਡਲਰ ਸੋਸ਼ਲ ਮੀਡੀਆ ਰਾਹੀਂ ਅੱਲ੍ਹੜ ਉਮਰ ਦੇ ਮੁੰਡਿਆਂ ਨੂੰ ਆਸਾਨੀ ਨਾਲ ਪੈਸਾ ਕਮਾਉਣ , ਸ਼ਾਨੋ ਸ਼ੌਕਤ ਭਰੀ ਜਿੰਦਗੀ ਜਿਉਣ ਅਤੇ ਵਿਦੇਸ਼ ਜਾਣ ਦਾ ਲਾਲਚ ਦੇਕੇ ਭਰਮਾਕੇ ਗੈਰ-ਕਾਨੂੰਨੀ ਕਾਰਵਾਈਆਂ ਲਈ ਵਰਤਦੇੇ ਹਨ। ਸੂਤਰਾਂ ਮੁਤਾਬਕ ਪਿਛਲੇ ਕੁੱਝ ਸਾਲਾਂ ਦੌਰਾਨ ਇੰਨ੍ਹਾਂ ਹੈਂਡਲਰਾਂ ਨੇ ਆਪਣੇ ਢੰਗ ਤਰੀਕਿਆਂ ਵਿੱਚ ਤਬਦੀਲੀ ਕਰਦਿਆਂ ਸਿਰਫ਼ ਪੁਰਾਣੇ ਤਸਕਰਾਂ ’ਤੇ ਨਿਰਭਰ ਰਹਿਣ ਦੀ ਬਜਾਏ ਪਹਿਲੇ ਅਪਰਾਧ ਕਰਨ ਵਾਲਿਆਂ , ਬੇਰੁਜ਼ਗਾਰਾਂ ਅਤੇ ਨਾਬਾਲਗਾਂ ਦੀ ਵਰਤੋਂ ਨੂੰ ਜਿਆਦਾ ਤਰਜੀਹ ਦਿੱਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ , ਡਰੋਨਾਂ ਰਾਹੀਂ ਸੁੱਟੀਆਂ ਖੇਪਾਂ ਚੁੱਕਣ, ਸੁਰੱਖਿਆ ਅਦਾਰਿਆਂ ਦੀ ਰੇਕੀ ਅਤੇ ਪੁਲਿਸ ਥਾਣਿਆ ਆਦਿ ’ਤੇ ਹਮਲਿਆਂ ਲਈ ਵਰਤਿਆ ਜਾ ਰਿਹਾ ਹੈ। ਇੰਨ੍ਹਾਂ ਨੌਜਵਾਨਾਂ ’ਤੇ ਪੁਲਿਸ ਘੱਟ ਸ਼ੱਕ ਕਰਦੀ ਹੈ ਅਤੇ ਉਨ੍ਹਾਂ ਨੂੰ ਪੈਸਿਆਂ ਦੇ ਲਾਲਚ ਰਾਹੀਂ ਆਸਾਨੀ ਨਾਲ ਆਪਣੇ ਜਾਲ ਵਿੱਚ ਫਸਾਇਆ ਵੀ ਜਾ ਸਕਦਾ ਹੈ।
ਸਰਹੱਦੋਂ ਪਾਰਲੇ ਹੈਂਡਲਰਾਂ ਦੀ ਨਵੀਂ ਰਣਨੀਤੀ ਨੂੰ ਦੇਖਦਿਆਂ ਪੁਲਿਸ ਨੇ ਵੀ ਆਪਣੇ ਕੰਮ ਕਾਜ ’ਚ ਅਹਿਮ ਬਦਲਾਅ ਕੀਤੇ ਹਨ। ਇੰਨ੍ਹਾਂ ਤਹਿਤ ਅਪਰੈਲ 2026 ’ਚ ਫਾਜ਼ਿਲਕਾ ਦੇ ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਜਦੋਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕਕੇ ਉਸ ਦੀ ਤਲਾਸ਼ੀ ਲਈ ਤਾਂ ਪਾਕਿਸਤਾਨੀ ਹੈਂਡ ਗ੍ਰਨੇਡ ਬਰਾਮਦ ਕਰਨ ’ਚ ਸਫਲਤਾ ਮਿਲੀ ਸੀ। ਪੁਲਿਸ ਦਾ ਕਹਿਣਾ ਸੀ ਕਿ ਗ੍ਰਨੇਡ ਕਾਫੀ ਉੱਚ ਵਿਸਫੋਟਕ ਦਾ ਸੀ ਜਿਸ ਦਾ ਧਮਾਕਾ ਦੂਰ ਦੂਰ ਤੱਕ ਤਬਾਹੀ ਮਚਾ ਸਕਦਾ ਸੀ। ਹੈਰਾਨੀ ਵਾਲੀ ਗੱਲ ਹੈ ਕਿ ਮੁਲਜਮ ਨੌਜਵਾਨ 12ਵੀਂ ਕਲਾਸ ਦਾ ਵਿਦਿਆਰਥੀ ਸੀ। ਨਾਬਾਲਿਗ ਹੋਣ ਕਾਰਨ ਪੁਲਿਸ ਨੇ ਉਸ ਖਿਲਾਫ ਬਾਲਗਾਂ ਵਾਲੀ ਕਾਰਵਾਈ ਤਾਂ ਨਹਂੀ ਕੀਤੀ ਪਰ ਪੜ੍ਹਾਈ ਕਰਨ ਦੇ ਦਿਨਾਂ ’ਚ ਉਹ ਪਾਕਿਸਤਾਨੀ ਹੈਂਡਲਰ ਦੇ ਹੱਥੇ ਚੜ੍ਹਕੇ ਅਪਰਾਧੀ ਜਰੂਰ ਬਣ ਗਿਆ। ਪੁਲਿਸ ਤਫਤੀਸ਼ ਅਨੁਸਾਰ ਮੁਲਜਮ ਦਾ ਗਰਨੇਡ ਸਪਲਾਈ ਕਰਨ ਵਾਲੇ ਨਾਲ ਸੰਪਰਕ ਇੰਸਟਗਰਾਮ ਰਾਹੀਂ ਹੋਇਆ ਸੀ।
ਜੁਲਾਈ ਮਹੀਨੇ ’ਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਫਾਜ਼ਿਲਕਾ ਜ਼ਿਲ੍ਹੇ ’ਚ 21 ਸਾਲਾ ਨੌਜਵਾਨ ਨੂੰ 12.10 ਕਿੱਲੋ ਚਿੱਟੇ ਸਮੇਤ ਫੜਿਆ ਸੀ ਜੋ ਇਲੈਕਟਰੀਕਲ ਇੰਜਨੀਅਰਿੰਗ ਦਾ ਵਿਦਿਆਰਥੀ ਸੀ। ਬਟਾਲਾ ਪੁਲਿਸ ਨੇ ਅਰਬਨ ਅਸਟੇਟ ਪੁਲਿਸ ਚੌਕੀ ਧਮਾਕਾ ਮਾਮਲੇ ’ਚ ਦੋ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਨਾਬਾਲਗ ਸਨ। ਫਾਜ਼ਿਲਕਾ ਪੁਲਿਸ ਨੇ ਤਿੰਨ ਅਜਿਹੇ ਨੌਜਵਾਨ ਨੂੰ ਫੜਿਆ ਸੀ ਜਿੰਨ੍ਹਾਂ ਚੋ ਇੱਕ ਨਿੱਜੀ ਆਰਕੀਟੈਕਟ ਦਾ ਸਹਾਇਕ ਸੀ ਅਤੇ ਬਾਕੀ ਦੋ ਆਈਟੀਆਈ ਦੇ ਵਿਦਿਆਰਥੀ ਸਨ। ਹੋਰ ਵੀ ਕਈ ਮਾਮਲੇ ਹਨ, ਜਿਨ੍ਹਾਂ ਵਿੱਚ 20 ਤੋਂ 25 ਸਾਲ ਦੇ ਨੌਜਵਾਨਾਂ ਨੂੰ ਕਥਿਤ ਲਾਲਚ ਦੇਕੇ ਨਸ਼ੀਲੇ ਪਦਾਰਥਾਂ , ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ ਕਰਨ ਲਈ ਵਰਤਿਆ ਗਿਆ। ਸੂਤਰਾਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅਜਿਹੀਆਂ ਗ੍ਰਿਫਤਾਰੀਆਂ ਦੀ ਗਿਣਤੀ ਵੱਡੀ ਹੈ। ਬਠਿੰਡਾ ਪੁਲਿਸ ਨੇ ਛੋਟੀ ਉਮਰ ਦੇ ਨੌਜਵਾਨ ਵੀ ਫੜੇ ਸਨ ਅਤੇ ਹੋਰਨੀਂ ਥਾਈਂ ਵੀ ਸਥਿਤੀ ਇਹੋ ਜਿਹੀ ਹੀ ਹੈ।
ਬੱਚਿਆਂ ’ਤੇ ਨਜ਼ਰ ਦੀ ਲੋੜ
ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਮਾੜੀ ਆਰਥਿਕ ਹਾਲਤ ਅਤੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਜਿਊਣ ਦੀ ਇੱਛਾ ਕਰਕੇ ਨੌਜਵਾਨ ਇੰਨ੍ਹਾਂ ਹੈਂਡਲਰਾਂ ਦੇ ਜਾਲ ’ਚ ਫਸ ਰਹੇ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਆਪਣੇ ਸੁਪਨੇ ਪੂਰੇ ਕਰਨ ਲਈ ਸਖਤ ਮਿਹਨਤ ਨਾਲ ਪੈਸਾ ਕਮਾਉਣ ਦੀ ਥਾਂ ਇਹ ਨੌਜਵਾਨ ਸਮਾਜ ਵਿਰੋਧੀ ਅਨਸਰਾਂ ਦੇ ਹੱਥ ਚੜ੍ਹ ਜਾਂਦੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ।
- Download Babushahi App
-
-