
ਅਮਰਬੀਰ ਚੀਮਾ ਦੀ ਪਲੇਠੀ ਪੁਸਤਕ 'ਸਫ਼ਰਾਂ ਦਾ ਸਰਮਾਇਆ' ਲੋਕ ਅਰਪਣ
-ਸਾਹਿਤ ਦੀ ਸਭ ਤੋਂ ਔਖੀ ਵਿਧੀ ਸਫ਼ਰਨਾਮਾ ਤੇ ਸਵੈਜੀਵਨੀ ਲਿਖਣ ਲਈ ਲੇਖਕ ਵਧਾਈ ਦਾ ਪਾਤਰ-ਜਗਤਾਰ ਭੁੱਲਰ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 16 ਨਵੰਬਰ 2026:- ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਲਿਖਾਰੀ ਸਭਾ, ਫ਼ਤਿਹਗੜ੍ਹ ਸਾਹਿਬ ਵੱਲੋਂ ਕਰਵਾਏ ਸਮਾਗਮ ਦੌਰਾਨ ਸਭਾ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ ਦੀ ਪਲੇਠੀ ਪੁਸਤਕ 'ਸਫ਼ਰਾਂ ਦਾ ਸਰਮਾਇਆ' ਲੋਕ ਅਰਪਣ ਕੀਤੀ ਗਈ। ਇਸ ਲੋਕ ਅਰਪਣ ਸਮਾਗਮ ਦੀ ਪ੍ਰਧਾਨਗੀ ਨਾਮਵਰ ਪੱਤਰਕਾਰ ਤੇ ਲੇਖਕ ਜਗਤਾਰ ਭੁੱਲਰ ਨੇ ਕੀਤੀ, ਜਦਕਿ ਮਿਊਂਸਿਪਲ ਕਮੇਟੀ ਸਰਹਿੰਦ ਦੇ ਪ੍ਰਧਾਨ ਮੈਡਮ ਆਸ਼ਾ ਰਾਣੀ ਮੁੱਖ ਮਹਿਮਾਨ ਵਜੋਂ, ਉੱਘੇ ਕਹਾਣੀਕਾਰ ਸਨੇਹਇੰਦਰ ਮੀਲੂ ਫਰੌਰ ਵਿਸ਼ੇਸ਼ ਮਹਿਮਾਨ ਤੇ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ। ਮੰਚ ਸੰਚਾਲਨ ਐਡ. ਗਗਨਦੀਪ ਸਿੰਘ ਗੁਰਾਇਆ ਤੇ ਬੀਬੀ ਸਰਹਿੰਦ ਨੇ ਸਾਂਝੇ ਤੌਰ 'ਤੇ ਕੀਤਾ। ਸਮਾਗਮ ਦੀ ਸ਼ੁਰੂਆਤ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਸਾਧੂ ਸਿੰਘ ਪਨਾਗ ਨੇ ਆਏ ਮਹਿਮਾਨਾਂ ਨੂੰ ਰਸਮੀ ਤੌਰ 'ਤੇ ਜੀ ਆਇਆਂ ਕਿਹਾ ਤੇ ਬੀਬੀ ਸਰਹਿੰਦ ਨੇ ਪੁਸਤਕ 'ਸਫ਼ਰਾਂ ਦਾ ਸਰਮਾਇਆ' ਦਾ ਪਰਚਾ ਪੜ੍ਹਿਆ। ਉਪਰੰਤ ਲੇਖਕ ਦੇ ਮਾਤਾ ਸ੍ਰੀਮਤੀ ਪਰਮਿੰਦਰ ਕੌਰ, ਬੇਟੀ ਰਸ਼ਮੀਤ ਕੌਰ, ਭਤੀਜਾ ਦੀਪਕੰਵਲ ਸਿੰਘ ਚੀਮਾ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਸਾਢੂ ਜਸਬੀਰ ਸਿੰਘ ਖਰੌੜ ਤੇ ਸਰਪ੍ਰਸਤ ਲਾਲ ਮਿਸਤਰੀ ਨੇ ਪੁਸਤਕ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਆਏ ਕਵੀਆਂ ਰਾਮ ਸਿੰਘ ਅਲਬੇਲਾ, ਮਿਹਰ ਸਿੰਘ ਰਈਏਵਾਲ, ਜੋਰਾਵਰ ਸਿੰਘ ਪੰਛੀ, ਭੁਪਿੰਦਰ ਭੂਰੀ, ਬੇਅੰਤ ਸਿੰਘ ਭਾਂਬਰੀ, ਰਵਿੰਦਰ ਰੁਪਾਲ ਕੌਲਗੜ੍ਹ, ਜਗਜੀਤ ਸਿੰਘ ਗੁਰਮ, ਹਰਜਿੰਦਰ ਸਿੰਘ ਗੋਪਾਲੋਂ, ਬਲਤੇਜ ਸਿੰਘ ਬਠਿੰਡਾ, ਤਰਵਿੰਦਰ ਚੱਢਾ ਨੇ ਕਵਿਤਾਵਾਂ ਪੜ੍ਹੀਆਂ।
ਉਪਰੰਤ 'ਸਫ਼ਰਾਂ ਦਾ ਸਰਮਾਇਆ' ਦੇ ਰਚੇਤਾ ਅਮਰਬੀਰ ਚੀਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਵੇਂ ਨਵੇਂ ਲੇਖਕਾਂ ਲਈ ਘੁੰਮਣਾ ਤੇ ਲਿਖਣਾ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ, ਪਰ ਫਿਰ ਵੀ ਉਹਨਾਂ ਨੇ ਇਹ ਹੌਸਲਾ ਤਾਂ ਕੀਤਾ ਹੈ ਕਿ ਉਹਨਾਂ ਦੀ ਲਿਖੀ ਪੁਸਤਕ ਉਹਨਾਂ ਤੋਂ ਬਾਅਦ ਵੀ ਕਿਸੇ ਕਾਲਜ ਦੀ ਲਾਈਬ੍ਰੇਰੀ, ਕਿਸੇ ਸਕੂਲ 'ਚ, ਕਿਸੇ ਧਾਰਮਿਕ ਸਥਾਨ ਜਾਂ ਕਿਸੇ ਦੇ ਘਰ ਕਿਸੇ ਕੋਨੇ ਵਿੱਚ ਪਈ ਹੋਵੇਗੀ, ਜਿਸ ਰਾਹੀਂ ਉਹ ਚਿਰਾਂ ਤੀਕਰ ਜਿਉਂਦਾ ਰਹੇਗਾ।
ਇਸ ਮੌਕੇ ਬੀਬੀ ਸਰਹਿੰਦ ਨੇ ਸਮਾਗਮ ਦੇ ਵਿਸ਼ੇਸ਼ ਮਹਿਮਾਨ, ਮੁੱਖ ਮਹਿਮਾਨ ਤੇ ਪ੍ਰਧਾਨਗੀ ਕਰਨ ਵਾਲੇ ਪਤਵੰਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਅਮਰਬੀਰ ਚੀਮਾ ਨੂੰ ਸਾਹਿਤ ਦੀ ਗੁੜਤੀ ਉਹਨਾਂ ਦੇ ਪਰਿਵਾਰ ਵਿੱਚੋਂ ਮਿਲੀ ਹੈ, ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਲੇਖਕ ਸਨ ਤੇ ਮਾਤਾ ਸਮੇਤ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਾਹਿਤ ਦੀ ਚੇਟਕ ਹੈ।
ਪੁਸਤਕ ਲੋਕ ਅਰਪਣ ਕਰਨ ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਮੈਡਮ ਆਸ਼ਾ ਰਾਣੀ ਨੇ ਕਿਹਾ ਕਿ ਅਮਰਬੀਰ ਚੀਮਾ ਦੀ ਬੇਟੀ ਉਹਨਾਂ ਦੀ ਵਿਦਿਆਰਥਣ ਰਹੀ ਹ ਤੇ ਇਸ ਮੌਕੇ ਉੱਤੇ ਉਹ ਅਮਰਬੀਰ ਚੀਮਾ ਨੂੰ ਵਧਾਈ ਦਿੰਦੇ ਹਨ ਤੇ ਮਾਣ ਮਹਿਸੂਸ ਕਰਦੇ ਹਨ। ਵਿਸ਼ੇਸ਼ ਮਹਿਮਾਨ ਸਨੇਹਇੰਦਰ ਮੀਲੂ ਫਰੌਰ ਨੇ ਕਿਹਾ ਕਿ ਸਭਾ ਨਾਲ ਜੁੜੇ ਨਵੇਂ ਲੇਖਕ ਵਧੀਆ ਸਾਹਿਤਕਾਰ ਬਣ ਰਹੇ ਹਨ, ਕਿਉਂਕਿ ਇਹਨਾਂ ਨੂੰ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਸਰਪਰਸਤੀ ਹਾਸਿਲ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਜਗਤਾਰ ਭੁੱਲਰ ਨੇ ਪੁਸਤਕ ਬਾਰੇ ਵਿਸਥਾਰ ਨਾਲ ਵਿਆਖਿਆ ਕਰਦਿਆਂ ਕਿਹਾ ਕਿ 'ਸਫ਼ਰਾਂ ਦਾ ਸਰਮਾਇਆ' ਦਾ ਲੇਖਕ ਸਿਰਫ ਇੱਕ ਘੁਮੱਕੜ ਹੀ ਨਹੀਂ, ਬਲਕਿ ਉਸਨੇ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਕੇ ਇਸ ਪੁਸਤਕ ਨੂੰ ਇੱਕ ਦਸਤਾਵੇਜ਼ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਸਫ਼ਰਨਾਮਾ ਤੇ ਸਵੈਜੀਵਨੀ ਲਿਖਣੀ ਸਭ ਤੋਂ ਔਖਾ ਕਾਰਜ ਹੈ ਤੇ ਲੇਖਕ ਵਧਾਈ ਦਾ ਪਾਤਰ ਹੈ।
ਇਸ ਮੌਕੇ ਸਾਰੇ ਮੁੱਖ ਬੁਲਾਰਿਆਂ ਦਾ ਲੋਈਆਂ, ਸ਼ਾਲਾਂ ਤੇ ਮੋਮੈਂਟੋਆਂ ਜਦਕਿ ਕਵੀਆਂ ਤੇ ਪੱਤਰਕਾਰਾਂ ਦਾ ਮੋਮੈਂਟੋਆਂ ਨਾਲ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਬੀਬੀ ਪਰਮਜੀਤ ਕੌਰ ਸਰਹਿੰਦ ਤੇ ਐਡ. ਗਗਨਦੀਪ ਸਿੰਘ ਗੁਰਾਇਆ ਨੇ ਆਏ ਮਹਿਮਾਨਾਂ, ਕਵੀਆਂ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਤੇ ਕਵੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਜੀਤ ਕੌਰ, ਰਾਜਦੀਪ ਸਿੰਘ ਚੀਮਾ, ਕੁਲਦੀਪ ਕੌਰ, ਕਮਲਜੀਤ ਸਿੰਘ, ਹਰਪ੍ਰੀਤ ਕੌਰ, ਕਰਮਜੀਤ ਕੌਰ, ਪ੍ਰਬਲਪ੍ਰੀਤ ਕੌਰ, ਐਸਡੀਓ ਅਮਨਵੀਰ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਜੇਈ ਅਮਰਜੀਤ ਸਿੰਘ, ਪਰਮਜੀਤ ਕੌਰ, ਗੁਰਜੋਤ ਸਿੰਘ, ਭਗਤ ਸਿੰਘ ਤੇ ਹੋਰ ਹਾਜ਼ਰ ਸਨ।