BREAKING - ਪੰਜਾਬ 'ਚ ਵਾਪਰਿਆ ਦਰਦਨਾਕ ਹਾਦਸਾ! ਛੱਠ ਪੂਜਾ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ 3 ਤਿੰਨ ਜਣਿਆਂ ਦੀ ਮੌਤ
Babushahi Network
ਮਾਛੀਵਾੜਾ ਸਾਹਿਬ, 17 ਨਵੰਬਰ 2026: ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਮਹਿੰਦਰਾ ਪਿਕਅੱਪ ਜੀਪ ਦੇ ਪਵਾਤ ਪੁਲ ਨੇੜੇ ਸੜਕ ’ਤੇ ਖੜ੍ਹੇ ਇੱਕ ਟਿੱਪਰ ਨਾਲ ਟਕਰਾ ਜਾਣ ਕਾਰਨ ਵੱਡਾ ਅਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ਵਿੱਚ ਇੱਕ ਔਰਤ ਅਤੇ ਦੋ ਨਾਬਾਲਗ ਲੜਕਿਆਂ ਸਮੇਤ ਕੁੱਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਜੀਪ ਵਿੱਚ ਸਵਾਰ ਕਈ ਹੋਰ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ, ਛੱਠ ਪੂਜਾ ਦੇ ਪਵਿੱਤਰ ਮੌਕੇ ’ਤੇ ਗੁਰੋਂ ਕਾਲੋਨੀ ਦੇ ਰਹਿਣ ਵਾਲੇ 30 ਤੋਂ ਵੱਧ ਪ੍ਰਵਾਸੀ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇੱਕ ਮਹਿੰਦਰਾ ਪਿਕਅੱਪ ਜੀਪ ਵਿੱਚ ਸਵਾਰ ਹੋ ਕੇ ਮਾਤਾ ਨੈਣਾ ਦੇਵੀ ਦੇ ਦਰਬਾਰ ਵਿਖੇ ਮੱਥਾ ਟੇਕਣ ਅਤੇ ਦਰਸ਼ਨ ਕਰਨ ਲਈ ਗਏ ਸਨ। ਦਰਸ਼ਨ ਕਰਨ ਉਪਰੰਤ ਜਦੋਂ ਇਹ ਸਾਰੇ ਸ਼ਰਧਾਲੂ ਦੇਰ ਰਾਤ ਕਰੀਬ 11 ਵਜੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਸਨ, ਤਾਂ ਮਾਛੀਵਾੜਾ ਸਾਹਿਬ ਨੇੜਲੇ ਪਵਾਤ ਪੁਲ ਕੋਲ ਪਹੁੰਚਦਿਆਂ ਹੀ ਉਨ੍ਹਾਂ ਦੀ ਤੇਜ਼ ਰਫ਼ਤਾਰ ਜੀਪ ਸੜਕ ਕਿਨਾਰੇ ਖੜ੍ਹੇ ਇੱਕ ਟਿੱਪਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ।
ਇਹ ਟੱਕਰ ਇੰਨੀ ਜ਼ਬਰਦਸਤ ਅਤੇ ਭਿਆਨਕ ਸੀ ਕਿ ਪਿਕਅੱਪ ਜੀਪ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਜੀਪ ਵਿੱਚ ਸਵਾਰ ਕਈ ਲੋਕ ਝਟਕੇ ਨਾਲ ਬਾਹਰ ਸੜਕ ’ਤੇ ਜਾ ਡਿੱਗੇ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਚੀਕ-ਚਿਹਾੜਾ ਪੈ ਗਿਆ। ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦਿਆਂ ਜ਼ਖ਼ਮੀਆਂ ਨੂੰ ਸੰਭਾਲਿਆ ਅਤੇ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ।
ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਮਧੂ ਦੇਵੀ (ਉਮਰ 35 ਸਾਲ), ਗੌਰਵ (ਉਮਰ 17 ਸਾਲ) ਅਤੇ ਮੁੰਨਾ (ਉਮਰ 13 ਸਾਲ) ਵਜੋਂ ਹੋਈ ਹੈ, ਜੋ ਕਿ ਸਾਰੇ ਗੁਰੋਂ ਕਾਲੋਨੀ ਦੇ ਵਾਸੀ ਸਨ। ਹਾਦਸੇ ਦੌਰਾਨ ਲੱਗੀਆਂ ਗੰਭੀਰ ਸੱਟਾਂ ਕਾਰਨ ਮਧੂ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਦੋਵੇਂ ਨਾਬਾਲਗ ਲੜਕਿਆਂ ਗੌਰਵ ਅਤੇ ਮੁੰਨਾ ਨੇ ਹਸਪਤਾਲ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਸ ਤੋਂ ਇਲਾਵਾ, ਪਿਕਅੱਪ ਜੀਪ ਦੇ ਚਾਲਕ ਕਮਲੇਸ਼ ਦੀ ਹਾਲਤ ਵੀ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹੋਰ ਹਸਪਤਾਲ ਰੈਫਰ ਕੀਤਾ ਗਿਆ ਹੈ। ਹਾਦਸੇ ਵਿੱਚ ਜ਼ਖ਼ਮੀ ਹੋਏ ਬਾਕੀ ਸ਼ਰਧਾਲੂਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਅਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- Download Babushahi App
-
-