← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਅਗਲੀਆਂ ਕਿਸ਼ਤਾਂ ਹਰ ਸੋਮਵਾਰ ਅਤੇ ਵੀਰਵਾਰ
ਪਿਛਲੀ ਕਿਸ਼ਤ ਵਿੱਚ
“ਇਹ ਗੁਰੂ ਦਾ ਘਰ ਹੈ ਤੇ ਗੁਰੂ ਦੀ ਹਜ਼ੂਰੀ ਵਿੱਚ ਸਭ ਬਰਾਬਰ ਨੇ। ਆਪਣੀ ਜਾਤ ਨੂੰ ਤੂੰ ਆਪਣੇ ਕੋਲ ਰੱਖ; ਕੁੜੀ ਦਾ ਖਹਿੜਾ ਛੱਡ ਤੇ ਪਰੇ ਚਲਾ ਜਾ।” ਜੈ ਸਿੰਘ ਦੇ ਅੰਦਾਜ਼ ਵਿੱਚ ਕਿਸੇ ਦਲੀਲ ਜਾਂ ਗੱਲਬਾਤ ਲਈ ਕੋਈ ਥਾਂ ਨਾ ਵੇਖ ਨੌਜਵਾਨ ਲਾਂਭੇ ਹੋ ਗਿਆ। ਆਪਣੇ ਕਾਰਨ ਕੋਈ ਵਿਵਾਦ ਖੜ੍ਹਾ ਹੋਣ ਤੋਂ ਡਰਦੀ ਬਿੰਦੋ ਪਾਠ ਖ਼ਤਮ ਹੁੰਦੇ ਸਾਰ, ਬਿਨਾਂ ਲੰਗਰ ਖਾਧੇ ਜੱਗੀ ਨੂੰ ਲੈ ਵਾਪਸ ਚਲੀ ਗਈ।
ਕਾਂਡ 4
ਮਾਸਟਰ ਸੁਰਜੀਤ ਸਿੰਘ ਕੁੰਡੀਆਂ ਸਕੂਲ ਦਾ ਇਕਲੌਤਾ ਅਧਿਆਪਕ ਸੀ ਅਤੇ ਪਿਛਲੇ ਅਠਾਰਾਂ ਸਾਲਾਂ ਤੋਂ ਉਹ ਐਥੇ ਹੀ ਪੜ੍ਹਾ ਰਿਹਾ ਸੀ। ਪੰਜੇ ਜਮਾਤਾਂ ਨੂੰ ਸਾਰੇ ਮਜ਼ਮੂਨ ਪੜ੍ਹਾਉਣਾ ਉਹਦੀ ਇਕੱਲੇ ਦੀ ਜ਼ਿੰਮੇਵਾਰੀ ਸੀ। ਆਪਣੇ ਪਿੰਡ ਤੋਂ ਸਾਈਕਲ ਤੇ ਆਉਣ ਲਈ ਉਹਨੂੰ ਚਾਲੀ ਕੁ ਮਿੰਟ ਲੱਗਦੇ ਸਨ ਤੇ ਉਹ ਕਦੀ ਵੀ ਲੇਟ ਨਹੀਂ ਸੀ ਹੋਇਆ। ਉਹਦੇ ਸਾਈਕਲ ਖੜ੍ਹਾਉਣ ਲਈ ਵਿਹੜੇ ਦੇ ਇੱਕ ਖੂੰਜੇ ਥਾਂ ਮਿਥੀ ਸੀ। ਮਾਸਟਰ ਤੋਂ ਸਾਈਕਲ ਫੜ ਸਟੈਂਡ ਤੇ ਲਾਉਣਾ, ਬੱਚਿਆਂ ਲਈ ਕਾਫ਼ੀ ਵੱਡੀ ਗੱਲ ਸੀ ਤੇ ਉਹ ਸਾਈਕਲ ਫੜਨ ਲਈ ਇੱਕ ਦੂਜੇ ਤੋਂ ਮੂਹਰੇ ਦੌੜਦੇ। ਸਾਰਾ ਪਿੰਡ ਸੁਰਜੀਤ ਸਿੰਘ ਨੂੰ ਬਹੁਤ ਪਸੰਦ ਕਰਦਾ ਸੀ। ਉਹਦੇ ਕੋਲ ਇੱਕ ਸਟੀਲ ਦੀ, ਕੱਪੜਾ ਚੜ੍ਹੀ, ਚਪਟੀ ਥਰਮਸ ਸੀ। ਇਹ ਉਹਦੇ ਫ਼ੌਜੀ ਭਰਾ ਨੇ ਉਹਨੂੰ ਤੋਹਫ਼ੇ ਵਜੋਂ ਦਿੱਤੀ ਸੀ ਜਿਸਨੂੰ ਸੁਰਜੀਤ ਸਿੰਘ, ਸਾਂਭ ਕੇ ਪੰਜਵੀਂ ਜਮਾਤ ਵਾਲੇ ਕਮਰੇ ਦੀ ਅਲਮਾਰੀ ਚ ਰੱਖਦਾ ਸੀ। ਹਰ ਰੋਜ਼ ਸਵੇਰੇ ਦਸ ਕੁ ਵਜੇ ਤੇ ਜਾਂ ਫਿਰ ਜਦੋਂ ਕਦੀ ਕਿਸੇ ਹੋਰ ਸਕੂਲ ਦੇ ਮਾਸਟਰ ਜਾਂ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਮਿਲਣ ਆਉਣਾ ਹੋਵੇ, ਸੁਰਜੀਤ ਸਿੰਘ ਕਿਸੇ ਵਿਦਿਆਰਥੀ ਨੂੰ ਥਰਮਸ ਦੇ ਕੇ ਘਰੋਂ ਚਾਹ ਲਿਆਉਣ ਲਈ ਭੇਜ ਦਿੰਦਾ। ਬੱਚਿਆਂ ਦੀਆਂ ਮਾਂਵਾਂ ਕਦੀ ਇਹਨੂੰ ਵਗਾਰ ਨਾ ਸਮਝਦੀਆਂ ਤੇ ਅਕਸਰ ਚਾਹ ਨਾਲ ਕੁੱਝ ਬਿਸਕੁਟ ਜਾਂ ਕੋਈ ਹੋਰ ਮਿਠਾਈ ਭੇਜ ਦਿੰਦੀਆਂ।
ਇਕੱਲਾ ਅਧਿਆਪਕ ਹੋਣ ਕਰਕੇ ਸੁਰਜੀਤ ਸਿੰਘ ਨੂੰ ਕਈ ਕੰਮਾਂ ਵਿੱਚ ਬੱਚਿਆਂ ਦੀ ਮਦਦ ਲੈਣੀ ਪੈਂਦੀ ਸੀ। ਹਰੇਕ ਜਮਾਤ ਦਾ ਇੱਕ ਮਨੀਟਰ ਹੁੰਦਾ ਸੀ, ਜਿਸ ਦੀ ਜ਼ਿੰਮੇਵਾਰੀ ਹੁੰਦੀ ਸੀ, ਬੱਚਿਆਂ ਨੂੰ ਦਿੱਤੇ ਕੰਮ ਚ ਲਾਈ ਰੱਖਣਾ। ਪਾਣੀ ਪੀਣ ਜਾਂ ਬਾਥਰੂਮ ਵੀ ਬੱਚੇ ਮਨੀਟਰ ਨੂੰ ਦੱਸ ਕੇ ਹੀ ਜਾਂਦੇ ਸਨ। ਸਵੇਰੇ ਸਕੂਲ ਖੁੱਲਣ ਤੋਂ ਪਹਿਲਾਂ ਆ ਕੇ ਸਫ਼ਾਈ ਕਰਨ ਦੀਆਂ ਵਾਰੀਆਂ, ਚੌਥੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਦੀਆਂ ਹੁੰਦੀਆਂ ਸਨ। ਉਹ ਕਮਰਿਆਂ ਦੇ ਇੱਟਾਂ ਵਾਲੇ ਫ਼ਰਸ਼ ਅਤੇ ਬਾਹਰ ਕੱਚੇ ਵਿਹੜੇ ਤੇ ਝਾੜੂ ਮਾਰਦੇ ਤੇ ਟਾਟ ਵਿਛਾਉਣ ਤੋਂ ਪਹਿਲਾਂ, ਧੂੜ ਦਬਾਉਣ ਲਈ, ਵਿਹੜੇ ਵਿੱਚ ਪਾਣੀ ਛਿੜਕਦੇ। ਸਕੂਲ ਦੀ ਸਫ਼ਾਈ ਕਰਨਾ ਇੱਕ ਨੇਕ ਕੰਮ ਗਿਣਿਆ ਜਾਂਦਾ ਸੀ ਜਿਸਨੂੰ, ਬਿਨਾਂ ਜਾਤਪਾਤ ਦੇ ਲਿਹਾਜ਼ ਤੋਂ, ਸਾਰੇ ਬੱਚੇ ਕਰਦੇ ਸਨ।
ਸੁਰਜੀਤ ਸਿੰਘ, ਤੀਜੀ ਤੋਂ ਪੰਜਵੀਂ ਤੀਕਰ ਦੀਆਂ ਤਿੰਨ ਜਮਾਤਾਂ ਨੂੰ, ਖ਼ੁਦ ਪੜ੍ਹਾਉਂਦਾ ਸੀ। ਪਹਿਲੀ ਅਤੇ ਦੂਜੀ ਜਮਾਤ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਉਤਲੀਆਂ ਜਮਾਤਾਂ ਵਾਲੇ ਬੱਚਿਆਂ ਦੀ ਹੁੰਦੀ ਸੀ। ਸੁਰਜੀਤ ਸਿੰਘ ਦਾ ਬਹੁਤਾ ਧਿਆਨ ਚੌਥੀ ਅਤੇ ਪੰਜਵੀਂ ਜਮਾਤ ਤੇ ਹੁੰਦਾ ਸੀ; ਪੰਜਵੀਂ ਤੇ ਇਸ ਕਰਕੇ ਕਿ ਉਹਨਾਂ ਦਾ ਇਮਤਿਹਾਨ, ਬਾਹਰ ਕਿਸੇ ਹਾਈ ਸਕੂਲ ਨੇ ਲੈਣਾ ਹੁੰਦਾ ਸੀ। ਚੌਥੀ ਵਾਲਿਆਂ ਦਾ ਜ਼ਿਲ੍ਹਾ ਪੱਧਰ ਤੇ ਵਜ਼ੀਫ਼ੇ ਲਈ ਇੱਕ ਮੁਕਾਬਲਾ ਹੋਇਆ ਕਰਦਾ ਸੀ। ਵਜ਼ੀਫ਼ੇ ਦੀ ਰਕਮ ਤਾਂ ਭਾਵੇਂ ਬਹੁਤੀ ਨਹੀਂ ਸੀ, ਪਰ ਜੇਤੂ ਹੋਣਾ, ਦੋਵਾਂ ਵਿਦਿਆਰਥੀ ਅਤੇ ਸੁਰਜੀਤ ਸਿੰਘ ਲਈ ਬੜੇ ਫ਼ਖਰ ਵਾਲੀ ਗੱਲ ਹੁੰਦੀ ਸੀ।
ਪਹਿਲੀ ਜਮਾਤ ਦੇ ਬੱਚਿਆਂ ਨੇ ਸਾਲ ਵਿੱਚ ਦਸ ਤੀਕਰ ਪਹਾੜੇ ਯਾਦ ਕਰਨੇ ਹੁੰਦੇ ਸਨ ਅਤੇ ਹਫ਼ਤੇ ਵਿੱਚ ਦੋ ਵਾਰੀ ਉਤਲੀ ਜਮਾਤ ਦਾ ਕੋਈ ਵਿਦਿਆਰਥੀ ਉਹਨਾਂ ਦਾ ਇਮਤਿਹਾਨ ਲਿਆ ਕਰਦਾ ਸੀ। ਬਿੰਦੋ ਨੇ ਜੱਗੀ ਨੂੰ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਪਹਾੜੇ ਸਿਖਾਉਣੇ ਸ਼ੁਰੂ ਕਰ ਦਿੱਤੇ ਸਨ। ਪਹਿਲੇ ਦਿਨ ਜਦੋਂ ਜੱਗੀ ਨੂੰ ਪੁੱਛਿਆ ਗਿਆ ਕਿ ਦੋ ਦੂਣੀ ਕੀ ਹੁੰਦਾ ਹੈ ਤਾਂ ਉਹਨੇ ਕਿਹਾ ਚਾਰ। ਦੂਜਾ ਸਵਾਲ ਸੀ ਸੱਤ ਦੂਣੀ। ਉਹਨੂੰ ਜਵਾਬ ਦਾ ਪੱਕਾ ਪਤਾ ਸੀ, ਚੌਦਾਂ। ਪਰ ਉਹ ਚੌਕੇ ਤੇ ਹੀ ਅੜ ਗਿਆ ਤੇ ਇਸ ਤੋਂ ਪਹਿਲਾਂ ਕਿ ਉਹ ਚੌਦਾਂ ਕਹਿ ਸਕਦਾ, ਬੱਚੇ ਖਿੜ ਖਿੜਾ ਕੇ ਹੱਸ ਪਏ ਤੇ ਉਹ ਚੁੱਪ ਕਰਕੇ ਖੜੋ ਗਿਆ। ਉਹਨੂੰ ਇੱਕ ਹੋਰ ਸੁਆਲ ਪੁੱਛਿਆ ਗਿਆ, ਪਰ ਉਹ ਚੁੱਪ ਰਿਹਾ। ਦੋ ਸਵਾਲਾਂ ਦੇ ਜਵਾਬ ਨਾ ਆਉਣ ਤੇ ਕੰਨ ਫੜ ਕੇ ਪੰਜ ਬੈਠਕਾਂ ਮਾਰਨੀਆਂ ਹੁੰਦੀਆਂ ਸਨ ਅਤੇ ਜੱਗੀ ਨੂੰ ਇਹ ਸਜ਼ਾ ਭੁਗਤਣੀ ਪਈ।
ਸ਼ਰਮਿੰਦਗੀ ਤੋਂ ਬਚਣ ਲਈ ਜੱਗੀ ਬੋਲਣ ਦਾ ਅਭਿਆਸ ਘਰੇ ਇਕੱਲਿਆਂ ਬੋਲ ਕੇ ਕਰਦਾ, ਤੇ ਅਕਸਰ ਸਾਰੇ ਨੰਬਰ ਬਿਨਾਂ ਥਥਲਾਇਆਂ ਕਹਿ ਲੈਂਦਾ। ਪਰ ਸਕੂਲ ਵਿੱਚ ਜਵਾਬ ਦੇਣ ਵੇਲੇ ਉਹਦੀ ਜ਼ੁਬਾਨ ਪੂਰੀ ਤਰ੍ਹਾਂ ਧੋਖਾ ਦੇ ਜਾਂਦੀ। ਅਖੀਰ ਉਹਨੂੰ ਜਵਾਬ ਦੇਣ ਨਾਲ਼ੋਂ ਸਜ਼ਾ ਸਵੀਕਾਰ ਕਰਨਾ ਸੌਖਾ ਲੱਗਣ ਲੱਗ ਪਿਆ। ਮਾਸਟਰ ਸੁਰਜੀਤ ਸਿੰਘ, ਉਹ ਨੂੰ ਅਕਸਰ ਹੀ ਸਜ਼ਾ ਭੁਗਤਿਆਂ ਵੇਖਦਾ। ਹਾਲਤ ਐਥੋਂ ਤੀਕ ਵਿਗੜ ਗਈ ਕਿ ਕਈ ਵਾਰ ਜੱਗੀ ਸਵਾਲ ਪੁੱਛੇ ਜਾਣ ਤੋਂ ਪਹਿਲਾਂ ਹੀ ਬੈਠਕਾਂ ਮਾਰਨੀਆਂ ਸ਼ੁਰੂ ਕਰ ਦਿੰਦਾ।
ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਜੱਗੀ ਨੂੰ ਕਲਾਸ ਨਾਲ ਇਕੱਠਿਆਂ ਰਿਆਜ਼ ਵਿੱਚ ਪਹਾੜੇ ਬੋਲਣਾ ਬਹੁਤ ਪਸੰਦ ਸੀ। ਕਲਾਸ ਦੇ ਬੱਚੇ ਮੋਢੇ ਨਾਲ ਮੋਢਾ ਜੋੜ ਇੱਕ ਲਾਈਨ ਵਿੱਚ ਖੜ ਜਾਂਦੇ ਅਤੇ ਇੱਕ ਜਣਾ ਬਾਕੀਆਂ ਵੱਲ ਮੂੰਹ ਕਰ ਪਹਾੜੇ ਦੀ ਇੱਕ ਇੱਕ ਲਾਈਨ ਨੂੰ ਕਿੱਲ੍ਹ ਕਿੱਲ੍ਹ ਕੇ ਉੱਚੀ ਆਵਾਜ਼ ਵਿੱਚ ਪੜ੍ਹਦਾ। ਬਾਕੀ ਦੀ ਸਾਰੀ ਕਲਾਸ ਉਹਦੇ ਪਿੱਛੇ, ਸੰਘ ਪਾੜ ਉਹੋ ਲਾਈਨ ਦੁਹਰਾਉਂਦੀ। ਪੂਰੇ ਜ਼ੋਰ ਨਾਲ ਆਵਾਜ਼ ਕੱਢਦਿਆਂ ਜੱਗੀ ਦਾ ਹਕਲ਼ਾਉਣਾ ਤਕਰੀਬਨ ਖ਼ਤਮ ਹੀ ਹੋ ਜਾਂਦਾ ਤੇ ਜੇ ਮਾੜਾ ਮੋਟਾ ਬਚਦਾ ਵੀ ਤਾਂ ਬੱਚਿਆਂ ਦੀ ਰਲ਼ੀ, ਉੱਚੀ ਆਵਾਜ਼ ਵਿੱਚ ਗੁੰਮ ਹੋਕੇ ਰਹਿ ਜਾਂਦਾ।
ਪੜ੍ਹਨ ਵਾਲੀ ਘੰਟੀ ਵਿੱਚ ਵੀ ਉਹਦਾ ਇਹੋ ਹਾਲ ਸੀ। ਜੱਗੀ ਬਹੁਤ ਸੋਹਣਾ ਪੜ੍ਹ ਲੈਂਦਾ ਸੀ, ਬਾਕੀਆਂ ਨਾਲ਼ੋਂ ਕਿਤੇ ਵਧੀਆ। ਉਹ ਹਰ ਰੋਜ਼ ਘਰੇ ਮਾਂ ਦੇ ਨਾਲ ਪੜ੍ਹਦਾ ਸੀ, ਪਰ ਸਕੂਲੇ ਬੱਚਿਆਂ ਸਾਹਮਣੇ ਖਿੱਲੀ ਉਡਵਾਉਣ ਨਾਲ਼ੋਂ ਉਹਨੂੰ ਮੁਰਗ਼ਾ ਬਣਨਾ ਸੌਖਾ ਲਗਦਾ ਸੀ। ਜੱਗੀ ਕਦੇ ਵੀ ਘਰੇ ਆਕੇ ਆਪਣੀ ਸਕੂਲੇ ਮਿਲਦੀ ਸਜ਼ਾ ਬਾਰੇ ਨਹੀਂ ਸੀ ਦੱਸਦਾ, ਮਤੇ ਉਹਦੀ ਮਾਂ ਉਦਾਸ ਹੋ ਜਾਵੇ। ਉਹਨੂੰ ਮਾਂ ਦੀ ਗੋਦੀ ਚ ਬੈਠਕੇ ਪੜ੍ਹਨਾ ਅਤੇ ਪਹਾੜਿਆਂ ਦਾ ਅਭਿਆਸ ਕਰਨਾ ਬਹੁਤ ਚੰਗਾ ਲੱਗਦਾ। ਬਿੰਦੋ ਨੇ ਜੱਗੀ ਨੂੰ ਕਦੀ ਵੀ ਉਹਦੇ ਹਕਲ਼ੇ ਹੋਣ ਦਾ ਅਹਿਸਾਸ ਨਹੀਂ ਸੀ ਕਰਵਾਇਆ ਤੇ ਜੱਗੀ ਨੂੰ ਪੜ੍ਹਦਿਆਂ ਅਤੇ ਮੂੰਹ ਜ਼ੁਬਾਨੀ ਜੋੜ, ਘਟਾ ਅਤੇ ਗੁਣਾ ਕਰਦਿਆਂ ਸੁਣ ਉਹ ਬਾਗੋ-ਬਾਗ਼ ਹੋ ਜਾਂਦੀ। ਜਦੋਂ ਸਕੂਲੇ ਪਹਿਲੀ ਜਮਾਤ ਦੇ ਬੱਚਿਆਂ ਨੂੰ ਵਰਨਮਾਲਾ ਤੋਂ ਅਗਾਂਹ ਲਿਖਣਾ ਵੀ ਨਹੀਂ ਸੀ ਸਿਖਾਇਆ, ਬਿੰਦੋ ਦੀ ਮਿਹਨਤ ਦਾ ਸਦਕਾ, ਜੱਗੀ ਤੀਜੀ ਜਮਾਤ ਦੇ ਵਿਦਿਆਰਥੀਆਂ ਤੋਂ ਵੀ ਜ਼ਿਆਦਾ ਮੁਹਾਰਤ ਅਤੇ ਅਸਾਨੀ ਨਾਲ ਲਿਖਣ ਲੱਗ ਪਿਆ ਸੀ।
ਪਰ ਸਕੂਲ ਵਿੱਚ ਬੰਤੇ ਦੀਆਂ ਟਕੋਰਾਂ ਤੇ ਟਾਂਚਾਂ ਵਧ ਗਈਆਂ ਸਨ। ਜੱਗੀ ਦੇ ਮੁਰਗ਼ਾ ਬਣਨ ਦੀ ਸਜ਼ਾ ਕਰਕੇ ਬੰਤਾ ਉਹਨੂੰ ਮੁਰਗ਼ਾ ਕਹਿ ਕੇ ਸੰਬੋਧਨ ਕਰਨ ਲੱਗਾ ਸੀ ਅਤੇ ਜ਼ਖ਼ਮ ਤੇ ਥੋੜ੍ਹਾ ਲੂਣ ਛਿੜਕਣ ਲਈ ਨਾਲ ਹਕਲ਼ਾ ਜੋੜ ਦਿੰਦਾ ਸੀ, ਹਕਲ਼ਾ-ਮੁਰਗ਼ਾ।
ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਸਾਲ ਦੇ ਅਖੀਰ ਵਿੱਚ ਕੋਈ ਸਪੈਸ਼ਲ ਇਮਤਿਹਾਨ ਨਹੀਂ ਸੀ ਹੁੰਦਾ। ਜਿਹੜੇ ਬੱਚੇ ਘੱਟੋ ਘੱਟ ਛੇ ਮਹੀਨਿਆਂ ਤੋਂ ਸਕੂਲ ਆ ਰਹੇ ਹੁੰਦੇ ਸਨ, ਉਹਨਾਂ ਨੂੰ ਦੂਜੀ ਜਮਾਤ ਵਿੱਚ ਕਰ ਦਿੱਤਾ ਜਾਂਦਾ ਸੀ। ਪਰ ਮਾਸਟਰ ਸੁਰਜੀਤ ਸਿੰਘ ਨੇ ਸਾਰਾ ਸਾਲ ਜੱਗੀ ਨੂੰ ਮੁਰਗ਼ਾ ਬਣਦਿਆਂ ਜਾਂ ਕੰਨ ਫੜ ਕੇ ਬੈਠਕਾਂ ਮਾਰਦਿਆਂ ਵੇਖਿਆ ਸੀ, ਅਤੇ ਉਹਨੂੰ ਨਹੀਂ ਸੀ ਲੱਗਦਾ ਕਿ ਜੱਗੀ ਹਾਲਾਂ ਅਗਲੀ ਜਮਾਤ ਵਿੱਚ ਜਾਣ ਦੇ ਯੋਗ ਹੈ। ਉਹਨੇ ਜੱਗੀ ਨੂੰ ਪਹਿਲੀ ਜਮਾਤ ਵਿੱਚ ਇੱਕ ਹੋਰ ਸਾਲ ਲੁਆਉਣ ਦੀ ਸਲਾਹ ਦੇਣ ਲਈ, ਜੱਗੀ ਦੇ ਪਿਤਾ ਨੂੰ ਬੁਲਾਇਆ।
ਤੇਜੇ ਨੂੰ ਯਾਦ ਸੀ ਕਿ ਮਾਸਟਰ ਜੱਗੀ ਦੀਆਂ ਯੋਗਤਾ ਤੇ ਸ਼ੱਕ ਕਰਦਾ ਸੀ ਤੇ ਉਹਨੇ ਸੋਚਿਆ ਕਿ ਜੱਗੀ ਨੇ ਮਾਸਟਰ ਦੇ ਸ਼ੱਕ ਨੂੰ ਗ਼ਲਤ ਸਾਬਤ ਕਰ ਦਿੱਤਾ ਏ। ਪਰ ਜਦੋਂ ਮਾਸਟਰ ਨੇ ਕਿਹਾ ਕਿ ਉਹ ਜੱਗੀ ਨੂੰ ਇੱਕ ਸਾਲ ਹੋਰ ਪਹਿਲੀ ਜਮਾਤ ਵਿੱਚ ਹੀ ਰੱਖਣਾ ਚਾਹੁੰਦਾ ਹੈ ਤਾਂ ਉਹ ਘਬਰਾ ਗਿਆ। “ਮੈਂ ਤੁਹਾਡੇ ਬੇਟੇ ਨੂੰ ਸਾਰਾ ਸਾਲ ਬਹੁਤ ਧਿਆਨ ਨਾਲ ਵੇਖਿਆ ਏ। ਮੈਂ ਮਹਿਸੂਸ ਕਰਦਾ ਹਾਂ ਕਿ ਉਹ ਹਾਲਾਂ ਅਗਲੀ ਜਮਾਤ ਵਿੱਚ ਜਾਣ ਜੋਗਾ ਨਹੀਂ।” ਮੇਰੀ ਸਲਾਹ ਹੈ ਆਪਾਂ ਇਹਨੂੰ ਇੱਕ ਸਾਲ ਹੋਰ ਇਸੇ ਕਲਾਸ ਵਿੱਚ ਰੱਖ ਲਈਏ, ਇਸ ਵਿੱਚ ਇਹਦੀ ਹੀ ਭਲਾਈ ਹੈ।
“ਕੀ?” ਸੁਣ ਕੇ ਤੇਜੇ ਦਾ ਤ੍ਰਾਹ ਹੀ ਨਿਕਲ ਗਿਆ।
ਤੇਜੇ ਦੀ ਤੇਜ਼ ਆਵਾਜ਼ ਨੇ ਸੁਰਜੀਤ ਸਿੰਘ ਨੂੰ ਚੌਂਕਾ ਦਿੱਤਾ, ਉਹਨੂੰ ਲੱਗਾ ਜਿਵੇਂ ਤੇਜਾ ਕੁਰਸੀ ਤੋਂ ਉੱਠਣ ਲੱਗਾ ਹੋਵੇ।
“ਤੇਜਾ ਸਿੰਘ ਜੀ, ਬੈਠੋ ਤੇ ਮੇਰੀ ਗੱਲ ਗ਼ੌਰ ਨਾਲ ਸੁਣੋ। ਜੱਗੀ ਅਜੇ ਆਪਣੇ ਕਾਇਦੇ ਚੋਂ ਨਹੀਂ ਪੜ੍ਹ ਸਕਦਾ ਤੇ ਉਹਨੂੰ ਹਾਲੀ ਤੀਕ ਕੋਈ ਪਹਾੜੇ ਵੀ ਯਾਦ ਨਹੀਂ। ਘੱਟੋ ਘੱਟ ਐਨੀ ਕੁ ਉਮੀਦ ਤਾਂ ਸਾਨੂੰ ਦੂਜੀ ਜਮਾਤ ਵਿੱਚ ਜਾਣ ਵਾਲੇ ਬੱਚਿਆਂ ਤੋਂ ਹੁੰਦੀ ਹੀ ਹੈ,” ਸੁਰਜੀਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ।
ਤੇਜੇ ਦਾ ਜੱਗੀ ਨੂੰ ਪੜ੍ਹਾਉਣ ਵਿੱਚ ਕੋਈ ਹੱਥ ਨਹੀਂ ਸੀ, ਕਿਉਂਕਿ ਉਹਨੂੰ ਆਪਣੇ ਆਪ ਤੇ ਭਰੋਸਾ ਹੀ ਨਹੀਂ ਸੀ, ਜੱਗੀ ਨੂੰ ਪੜ੍ਹਾਉਣ ਜੋਗਾ। ਪਰ ਉਹਨੂੰ ਇਹ ਪਤਾ ਸੀ ਕਿ ਜੱਗੀ ਪਹਿਲੀ ਜਮਾਤ ਦੇ ਬੱਚਿਆਂ ਨਾਲ਼ੋਂ ਕਿਤੇ ਵੱਧ ਜਾਣਦਾ ਹੈ। ਰੋਟੀ ਤੋਂ ਬਾਅਦ ਤੇਜਾ ਪੀੜ੍ਹੀ ਤੇ ਬੈਠਾ ਮਾਂ ਪੁੱਤਰ ਨੂੰ, ਕਿਤਾਬਾਂ ਵਿੱਚ ਮਗਨ ਹੋਇਆਂ ਵਿੰਹਦਾ ਰਹਿੰਦਾ। ਜਦੋਂ ਵੀ ਜੱਗੀ ਕਿਸੇ ਨਵੀਂ ਲਿਆਂਦੀ ਕਿਤਾਬ ਨੂੰ ਪੜ੍ਹਦਾ ਤਾਂ ਬਿੰਦੋ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਤੇ ਉਸ ਲਿਸ਼ਕ ਨਾਲ ਤੇਜਾ ਸਰੂਰਿਆ ਜਾਂਦਾ। ਉਹਨੂੰ ਪੂਰਾ ਯਕੀਨ ਸੀ ਕਿ ਜੱਗੀ ਆਪਣੀ ਜਮਾਤ ਵਾਲਿਆਂ ਨਾਲ਼ੋਂ ਕਿਤੇ ਜ਼ਿਆਦਾ ਪੜ੍ਹ ਸਕਦਾ ਹੈ। ਬਿੰਦੋ ਤਾਂ ਕਹਿੰਦੀ ਸੀ ਕਿ ਮਾਸਟਰ ਨੇ ਉਹਨੂੰ ਸਕੂਲੇ ਬੁਲਾਇਆ ਹੀ ਇਹ ਦੱਸਣ ਲਈ ਏ ਕਿ ਉਹ ਜੱਗੀ ਨੂੰ ਦੂਜੀ ਜਮਾਤ ਤੇ ਟਾਪੂ ਲਵਾ ਕੇ ਸਿੱਧਾ ਤੀਜੀ ਵਿੱਚ ਕਰਨਾ ਚਾਹੁੰਦਾ ਏ।
ਤੇਜਾ ਜੱਗੀ ਨੂੰ ਪਿਆਰ ਬਹੁਤ ਕਰਦਾ ਸੀ। ਜਦੋਂ ਸਕੂਲੋਂ ਬਾਅਦ ਜੱਗੀ ਖੇਤ ਚਲਾ ਜਾਂਦਾ, ਤਾਂ ਮੁੜਦੇ ਵੇਲੇ ਤੇਜਾ ਉਹਨੂੰ ਮੋਢਿਆਂ ਤੇ ਬਿਠਾ ਗੱਡੇ ਤੀਕਰ ਲਿਆਉਂਦਾ। ਰਾਤੀਂ ਖਾਣਾ ਖਾਣ ਵੇਲੇ ਜੱਗੀ ਤੇਜੇ ਦੀ ਗੋਦੀ ਵਿੱਚ ਬੈਠ ਜਾਂਦਾ ਤੇ ਤੇਜੇ ਦੀ ਰੋਟੀ ਦੀਆਂ ਬੁਰਕੀਆਂ ਚੋਂ ਦੰਦੀਆਂ ਵੱਢਦਾ ਰਹਿੰਦਾ।
ਤੇਜੇ ਨੇ ਖਿਝ ਕੇ ਆਪਣੀ ਗਰਦਨ ਨੂੰ ਐਧਰ ਉੱਧਰ ਹਿਲਾਇਆ। ਪਰ ਮਾਸਟਰ ਨੂੰ ਗ਼ਲਤ ਸਾਬਤ ਕਰਨ ਦੀ ਸੂਝ ਤੇ ਹੌਸਲਾ ਉਸ ਕੋਲ ਨਹੀਂ ਸੀ ਤੇ ਉਹਨੂੰ ਸੁੱਝ ਨਹੀਂ ਸੀ ਰਿਹਾ ਕਿ ਉਹ ਮਾਸਟਰ ਨੂੰ ਕੀ ਜਵਾਬ ਦੇਵੇ।
“ਮੈਂ ਬਿੰਦੋ ਨਾਲ ਗੱਲ ਕਰਾਂਗਾ,” ਉਹਨੇ ਐਨੀ ਦੱਬੀ ਆਵਾਜ਼ ਵਿੱਚ ਕਿਹਾ, ਕਿ ਮਾਸਟਰ ਨੂੰ ਸੁਣਿਆ ਵੀ ਨਾ ਤੇ ਉਹਨੇ ਤੇਜੇ ਦੀ ਚੁੱਪ ਨੂੰ ਉਹਦੀ ਹਾਂ ਮੰਨ ਲਿਆ। ਮੈਂ ਸੋਮਵਾਰ ਨੂੰ ਨਤੀਜੇ ਸੁਣਾਉਣੇ ਨੇ। ਇਸੇ ਲਈ ਉਸ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸਾਂ।
ਤੇਜੇ ਦੀ ਗੱਲ ਸੁਣ ਕੇ ਬਿੰਦੋ ਆਪੇ ਤੋਂ ਬਾਹਰ ਹੋ ਗਈ, ਜਿਵੇਂ ਉਹਨੂੰ ਬਿਜਲੀ ਦਾ ਕਰੰਟ ਲੱਗਾ ਹੋਵੇ।
“ਤੁਸੀਂ ਮਖ਼ੌਲ ਕਰ ਰਹੇ ਹੋ, ਹੈਂ ਨਾਂ?” ਉਹ ਕਹਿਣ ਲੱਗੀ, ਭਲੀ ਭਾਂਤ ਜਾਣਦਿਆਂ ਵੀ ਕਿ ਤੇਜਾ ਇਹੋ ਜਿਹਾ ਮਜ਼ਾਕ ਕਦੀ ਨਹੀਂ ਕਰੇਗਾ, ਖ਼ਾਸ ਕਰ ਜਦੋਂ ਗੱਲ ਜੱਗੀ ਦੀ ਹੋ ਰਹੀ ਹੋਵੇ।
“ਹੁਣ ਫੇਰ ਕੀ ਕਰੀਏ?” ਉਹ ਥੋੜ੍ਹੀ ਦੇਰ ਬਾਅਦ ਬੋਲੀ।
ਦੋਹਾਂ ਤੇ ਜਿਵੇਂ ਮੌਤ ਵਰਗੀ ਚੁੱਪ ਛਾ ਗਈ ਹੋਵੇ ਤੇ ਸੋਚਾਂ ਚ ਗੁੰਮ, ਬਿੰਦੋ ਵਿਹੜੇ ਵਿੱਚ ਗੇੜੇ ਕੱਢਣ ਲੱਗੀ।
“ਮੈਂ ਤਾਰਾ ਸਿੰਘ ਨਾਲ ਗੱਲ ਕਰਦਾ ਹਾਂ?” ਤੇਜਾ ਬੋਲਿਆ ਤੇ ਸੁਣ ਕੇ ਬਿੰਦੋ ਦੀਆਂ ਅੱਖਾਂ ਵਿੱਚ ਇੱਕ ਉਮੀਦ ਝਲਕ ਆਈ।
ਪ੍ਰੋਫੈਸਰ ਅਕਸਰ ਹੀ ਵਾਰ-ਐਤਵਾਰ, ਆਪਣੀ ਮਾਂ ਨੂੰ ਮਿਲਣ ਲਈ ਪਿੰਡ ਗੇੜਾ ਮਾਰ ਲੈਂਦਾ ਸੀ ਤੇ ਖ਼ੁਸ਼ਕਿਸਮਤੀ ਨਾਲ ਉਹ ਇਸ ਵਾਰ ਆਇਆ ਹੋਇਆ ਸੀ। ਅਗਲੇ ਦਿਨ, ਸਨਿਚਰਵਾਰ, ਤੇਜਾ ਤਾਰੇ ਦੇ ਘਰ ਗਿਆ। ਜਦੋਂ ਤੇਜਾ ਅੰਦਰ ਵੜਿਆ ਤਾਂ ਪ੍ਰੋਫੈਸਰ ਅੰਬ ਥੱਲੇ, ਮੰਜੇ ਤੇ ਬੈਠਾ, ਨਾਸ਼ਤਾ ਕਰ ਰਿਹਾ ਸੀ। ਉਹਦੀ ਮਾਂ, ਨਾਲ ਡਾਹੇ ਦੂਜੇ ਮੰਜੇ ਤੇ ਬੈਠੀ ਸੀ।
ਤਾਰਾ ਸਿੰਘ ਨੇ ਤੇਜੇ ਦੇ ਬੈਠਣ ਲਈ ਇੱਕ ਹੋਰ ਮੰਜਾ ਖਿੱਚ ਲਿਆ ਤੇ ਉਹਨੂੰ ਵੀ ਨਾਸ਼ਤਾ ਕਰਨ ਲਈ ਆਖਿਆ, ਪਰ ਤੇਜੇ ਨੇ ਨਾਂਹ ਕਰ ਦਿੱਤੀ ਤੇ ਬਿਨਾਂ ਲੰਮੀ ਚੌੜੀ ਭੂਮਿਕਾ ਬੰਨਿਆਂ, ਸਾਰੀ ਕਹਾਣੀ ਉਹਨਾਂ ਨੂੰ ਸੁਣਾ ਦਿੱਤੀ।
“ਮਾਸਟਰ ਇਹ ਕਿਵੇਂ ਕਰ ਸਕਦਾ ਏ? ਤੇਰਾ ਮੁੰਡਾ ਤਾਂ ਬਹੁਤ ਹੁਸ਼ਿਆਰ ਏ,” ਪ੍ਰੋਫੈਸਰ ਦੀ ਮਾਂ ਬੋਲੀ, “ਇੱਕ ਦਿਨ ਉਹ ਆਪਣੀ ਮਾਂ ਨਾਲ ਐਥੇ ਆਇਆ, ਤੇ ਮੇਰਾ ਪੰਜਾਬੀ ਦਾ ਅਖ਼ਬਾਰ ਚੁੱਕ ਕੇ ਪੜ੍ਹਨ ਲੱਗ ਪਿਆ। ਬਹੁਤ ਪਿਆਰਾ ਮੁੰਡਾ ਏ।“
“ਮੈਨੂੰ ਵੀ ਲਗਦਾ ਏ ਕੋਈ ਗੜਬੜ ਏ। ਮੈਂ ਨਾਸ਼ਤਾ ਮੁਕਾ ਲਵਾਂ, ਤੇਰੇ ਨਾਲ ਚਲਦਾ ਹਾਂ ਤੇ ਤੇਰੇ ਮੁੰਡੇ ਨਾਲ ਗੱਲ ਕਰਦੇ ਹਾਂ,” ਪ੍ਰੋਫੈਸਰ ਬੋਲਿਆ।
← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਅਗਲੀ ਕਿਸ਼ਤ ਲਈ ਇਹ ਲੜੀ ਆਪਣੇ ਬੁੱਕਮਾਰਕ ਵਿੱਚ ਰੱਖੋ।
ਪੂਰਾ ਨਾਵਲ ਹੇਠ ਦਿੱਤੇ ਲਿੰਕਾਂ ਤੋਂ ਮਿਲ ਸਕਦਾ ਹੈ
ਪੰਜਾਬੀ ਈ-ਬੁੱਕ
ਛਪੀ ਹੋਈ ਕਿਤਾਬ
ਹਿੰਦੀ ਅਤੇ ਅੰਗਰੇਜ਼ੀ ਰੂਪ
गरिमा का बोझ · Chasing Dignity

-
ਰਛਪਾਲ ਸਹੋਤਾ , ਯੂ ਐੱਸ ਏ, ਲੇਖਕ
rachhpalsahota@hotmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.