ਵੱਡੀ ਖ਼ਬਰ: ਨਿਤਿਨ ਨਬੀਨ 18 ਨਵੰਬਰ ਨੂੰ ਆਉਣਗੇ ਪੰਜਾਬ
ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਨੂੰ ਦਿਖਾਉਣਗੇ ਹਰੀ ਝੰਡੀ
Babushahi Network
ਚੰਡੀਗੜ੍ਹ/ਜਲੰਧਰ, 15 ਨਵੰਬਰ 2026: ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੂਬੇ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਾਣਕਾਰੀ ਅਨੁਸਾਰ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ 18 ਨਵੰਬਰ ਨੂੰ ਜਲੰਧਰ ਦੇ ਦੌਰੇ 'ਤੇ ਆ ਰਹੇ ਹਨ, ਜਿੱਥੇ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ '‘ਸਮਰਸਤਾ ਸੰਕਲਪ ਯਾਤਰਾ’' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਇਹ ਯਾਤਰਾ 18 ਨਵੰਬਰ ਨੂੰ ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਦੇ ਨੇੜਿਓਂ ਸ਼ੁਰੂ ਹੋਵੇਗੀ ਅਤੇ 5 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਖੇ ਸੰਪੰਨ ਹੋਵੇਗੀ। ਇਸ ਮੌਕੇ ਪਾਰਟੀ ਪ੍ਰਧਾਨ ਨਿਤਿਨ ਨਬੀਨ ਇੱਕ ਵਿਸ਼ਾਲ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਹ ਯਾਤਰਾ ਦੇਸ਼ ਦੇ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ 46 ਸ਼ਹਿਰਾਂ ਵਿੱਚੋਂ ਹੋ ਕੇ ਗੁਜ਼ਰੇਗੀ।
ਪੰਜਾਬ ਦੀ ਸਿਆਸਤ ਵਿੱਚ ਰਵਿਦਾਸੀਆ ਭਾਈਚਾਰੇ ਦਾ ਅਹਿਮ ਸਥਾਨ ਹੈ, ਜੋ 15ਵੀਂ ਸਦੀ ਦੇ ਭਗਤੀ ਲਹਿਰ ਦੇ ਮਹਾਨ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਦਾ ਹੈ। ਜਲੰਧਰ ਨੇੜਲੇ ਪਿੰਡ ਬੱਲਾਂ ਵਿਖੇ ਸਥਿਤ ਡੇਰਾ ਸੱਚਖੰਡ ਬੱਲਾਂ ਇਸ ਭਾਈਚਾਰੇ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਅਧਿਆਤਮਕ ਕੇਂਦਰ ਹੈ, ਜਿਸ ਨੇ ਭਾਈਚਾਰੇ ਦੀ ਵਿਲੱਖਣ ਧਾਰਮਿਕ ਪਛਾਣ, ਸਮਾਜ ਭਲਾਈ ਅਤੇ ਸਿਆਸੀ ਪ੍ਰਭਾਵ ਨੂੰ ਨਿਖਾਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਡੇਰੇ ਵਿਖੇ ਨਤਮਸਤਕ ਹੋ ਚੁੱਕੇ ਹਨ। ਸੂਬੇ ਦੀਆਂ ਚੋਣਾਂ ਵਿੱਚ ਇਸ ਭਾਈਚਾਰੇ ਦੀ ਵੋਟ ਬੈਂਕ ਨੂੰ ਫੈਸਲਾਕੁੰਨ ਮੰਨਿਆ ਜਾਂਦਾ ਹੈ, ਜਿਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਇਸ ਵਰਗ ਨੂੰ ਆਪਣੇ ਵੱਲ ਖਿੱਚਣ ਦੇ ਯਤਨ ਕਰਦੀਆਂ ਰਹਿੰਦੀਆਂ ਹਨ।
- Download Babushahi App
-
-