Canada: ‘ਚੜ੍ਹਦੀ ਕਲਾ ਬਰੱਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਦੇ ਸੇਵਾਦਾਰਾਂ ਨੇ ਕਲੋਵਰਡੇਲ ਅਥਲੈਟਿਕਸ ਪਾਰਕ ਦੀ ਸਫਾਈ ਕੀਤੀ
ਹਰਦਮ ਮਾਨ
ਸਰੀ, 17 ਜੂਨ 2025-ਪਿਛਲੇ ਥੋੜ੍ਹੇ ਸਮੇਂ ਵਿਚ ਹੀ ਹੋਂਦ ਵਿਚ ਆਈ ‘ਚੜ੍ਹਦੀ ਕਲਾ ਬਰੱਦਰਹੁੱਡ ਵੈਲਫੇਅਰ ਐਸੋਸੀਏਸ਼ਨ’ ਦੇ ਸਮਰਪਿਤ ਸੇਵਾਦਾਰਾਂ ਨੇ ਬੀਤੇ ਦਿਨੀਂ ‘ਕਲੋਵਰਡੇਲ ਅਥਲੈਟਿਕਸ ਪਾਰਕ’ ਸਰੀ ਵਿੱਚ ਸਫਾਈ ਮੁਹਿੰਮ ਚਲਾਈ ਅਤੇ ਪੂਰੇ ਪਾਰਕ ਨੂੰ ਸਾਫ਼ ਕੀਤਾ। ਇਸ ਮੁਹਿੰਮ ਵਿੱਚ ਸਰੀ ਸਿਟੀ ਦੀ ਕੌਂਸਲਰ ਲਿੰਡਾ ਐਨਿਸ ਅਤੇ ਸਰੀ ਸਕੂਲ ਬੋਰਡ ਦੇ ਟਰੱਸਟੀ ਗੈਰੀ ਥਿੰਦ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਪਣਾ ਯੋਗਦਾਨ ਪਾਇਆ।
ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਦੀ ਅਗਵਾਈ ਵਿਚ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਮੰਕਟਲਾ, ਲਖਵੀਰ ਸਿੰਘ ਗਰੇਵਾਲ, ਮਨਜੀਤ ਸਿੰਘ ਚੀਮਾ, ਬਲਜੀਤ ਸਿੰਘ ਰਾਏ ਤੋਂ ਇਲਾਵਾ ਐਸੋਸੀਏਸ਼ਨ ਦੇ ਸਮੱਰਥਕ ਰਸਿੰਦਰ ਕੌਰ, ਵਿਕਰਮਜੀਤ ਸਿੰਘ, ਪਿਆਰਾ ਸਿੰਘ ਡਡਵਾਲ ਅਤੇ ਹੋਰ ਕਈ ਵਲੰਟੀਅਰ ਇਸ ਮੁਹਿੰਮ ਵਿਚ ਸ਼ਾਮਲ ਹੋਏ।
ਜਸਵਿੰਦਰ ਸਿੰਘ ਦਿਲਾਵਰੀ ਨੇ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਆਉਂਦੇ ਦਿਨਾਂ ਵਿੱਚ ਖਿਡੌਣੇ ਦਾਨ ਮੁਹਿੰਮ, ਖੂਨ ਦਾਨ ਕੈਂਪ ਅਤੇ ਭੋਜਨ ਦਾਨ ਵਰਗੇ ਹੋਰ ਭਲਾਈ ਦੇ ਕਾਰਜ ਯੋਜਨਾ ਅਨੁਸਾਰ ਕੀਤੇ ਜਾਣਗੇ। ਉਨ੍ਹਾਂ ਸਮੂਹ ਭਾਈਚਾਰੇ ਨੂੰ ਸੰਸਥਾ ਨਾਲ ਵਲੰਟੀਅਰ ਤੌਰ ‘ਤੇ ਜੁੜਣ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।