DC ਨੇ ਵਰ੍ਹਦੇ ਮੀਂਹ ਵਿੱਚ ਖੁਦ ਮੌਕੇ 'ਤੇ ਖੜ੍ਹ ਕੇ ਬੰਦ ਕਰਵਾਏ ਦੋ ਪਾੜ
ਭਾਖੜਾ ਮੇਨ ਲਾਈਨ ਦੀ ਨਰਵਾਣਾ ਬ੍ਰਾਂਚ ਦੀ ਬੁਰਜੀ ਨੰਬਰ 13443 ਦਾ ਲਿਆ ਜਾਇਜ਼ਾ
ਫਤਹਿਗੜ੍ਹ ਸਾਹਿਬ, 2 ਸਤੰਬਰ:
ਭਾਖੜਾ ਮੇਨ ਲਾਈਨ ਦੀ ਨਰਵਾਣਾ ਬ੍ਰਾਂਚ ਦੀ ਬੁਰਜੀ ਨੰਬਰ 13443 ਵਿੱਚ ਦੋ ਛੋਟੇ ਪਾੜ ਪੈ ਗਏ ਸਨ ਜਿਸ ਬਾਰੇ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵਰ੍ਹਦੇ ਮੀਂਹ ਵਿੱਚ ਮੌਕੇ ਉਤੇ ਪੁੱਜੇ ਅਤੇ ਆਪਣੀ ਨਿਗਰਾਨੀ ਹੇਠ ਇਨ੍ਹਾਂ ਪੈਚਾਂ ਨੂੰ ਬੰਦ ਕਰਵਾਇਆ।ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਹਾਲਾਂਕਿ ਇਹ ਪਾੜ ਛੋਟੇ ਹੀ ਸਨ ਪਰ ਫਿਰ ਵੀ ਅਹਿਤਿਆਤ ਦੇ ਤੌਰ ਤੇ ਇਨ੍ਹਾਂ ਛੋਟੇ ਪਾੜਾਂ ਨੂੰ ਤਰਜੀਹ ਦੇ ਆਧਾਰ ਤੇ ਬੰਦ ਕਰਵਾਇਆ ਜਾਣਾ ਜ਼ਰੂਰੀ ਸੀ ਕਿਉਂਕਿ ਹਾਲੇ ਵੀ ਤੇਜ਼ ਮੀਂਹ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਹਾਲ ਦੀ ਘੜੀ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਹੜ੍ਹਾਂ ਜਿਹੀ ਕਿਸੇ ਵੀ ਸਥਿਤੀ ਦੇ ਪੈਦਾ ਹੋਣ ਤੋਂ ਪੂਰੀ ਤਰ੍ਹਾਂ ਬਚਾਅ ਹੈ ਪਰ ਫਿਰ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਸਾਰੇ ਹੀ ਅਧਿਕਾਰੀ ਫੀਲਡ ਵਿੱਚ ਦੌਰੇ ਕਰ ਰਹੇ ਹਨ ਅਤੇ ਹਰ ਸਥਿਤੀ *ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ।ਉਨ੍ਹਾਂ ਦੱਸਿਆ ਕਿ ਸਰਹਿੰਦ ਚੋਅ ਤੇ ਪਟਿਆਲਾ ਕੀ ਰਾਓ ਵਿਖੇ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਹੋਈ ਭਾਰੀ ਬਰਸਾਤ ਕਾਰਨ ਜਿਹੜੇ ਸ਼ਹਿਰੀ ਜਾਂ ਦਿਹਾਤੀ ਖੇਤਰਾਂ ਵਿੱਚ ਬਰਸਾਤੀ ਪਾਣੀ ਦੇ ਇਕੱਤਰ ਹੋਣ ਦੀਆਂ ਸੂਚਨਾਵਾਂ ਮਿਲਣ ਦੀ ਸੂਰਤ ਵਿੱਚ ਫੌਰੀ ਸਬੰਧਤ ਵਿਭਾਗਾਂ ਰਾਹੀਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਪਰਮਪ੍ਰੀਤ ਸਿੰਘ ਗੁਰਾਇਆ, ਐਸ.ਡੀ.ਓ ਬੀਐਮਐਲ ਰਾਜੇਸ਼ ਕੁਮਾਰ, ਜੇ.ਈ ਗੁਰਵਿੰਦਰ ਸਿੰਘ, ਗਗਨ ਕੁਮਾਰ ਤੇ ਮਾਨਵ ਜਿੰਦਲ ਵੀ ਮੌਜੂਦ ਸਨ।