ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਹੜ੍ਹ ਖੇਤਰਾਂ ਵਿੱਚ ਰਾਹਤ ਕਾਰਜ ਜਾਰੀ
ਚੰਡੀਗੜ੍ਹ, 2 ਸਤੰਬਰ 2025- ਕਲਗੀਧਰ ਟਰੱਸਟ ਗੁਰਦਵਾਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵੱਲੋਂ ਹਰ ਵਾਰ ਦੀ ਤਰ੍ਹਾਂ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਅਕਾਲ ਸੇਵਾ ਟੀਮਾਂ ਨੂੰ ਭੇਜਣ ਦਾ 26 ਅਗਸਤ ਤੋਂ ਉੱਦਮ ਕੀਤਾ ਗਿਆ। ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਹੋਈ ਕਾਨਫਰੈਂਸ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉੱਪ-ਪ੍ਰਧਾਨ ਭਾਈ ਜਗਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ ਅਤੇ ਫਿਰੋਜਪੁਰ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਵੀ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ। ਜਿਸ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਅਤੇ ਗੁਰਦਾਸਪੁਰ ਤਹਿਸੀਲ ਦੇ 35 ਪਿੰਡਾਂ ਵਿੱਚੋਂ 1100 ਵਿਅਕਤੀਆਂ ਨੂੰ, ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ, ਜਲਾਲਾਬਾਦ ਅਤੇ ਫਾਜ਼ਿਲਕਾ ਤਹਿਸੀਲ ਦੇ 32 ਪਿੰਡਾਂ ਵਿੱਚੋਂ 800 ਦੇ ਲਗਭਗ ਵਿਅਕਤੀਆਂ ਨੂੰ, ਅੰਮ੍ਰਿਤਸਰ ਜ਼ਿਲ੍ਹੇ ਦੀ ਰਮਦਾਸ, ਲੋਪੋਕੇ ਅਤੇ ਅਜਨਾਲਾ ਤਹਿਸੀਲ ਦੇ 50 ਪਿੰਡਾਂ ਵਿੱਚੋਂ 2500 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਅਤੇ ਰਾਸ਼ਨ ਪਹੁੰਚਾਇਆ ਗਿਆ ਅਤੇ 1500 ਤੋਂ ਵੱਧ ਰਾਸ਼ਨ ਦੀਆਂ ਕਿਟਾਂ ਅਤੇ ਲੰਗਰ ਵੰਡਿਆ ਗਈਆਂ। ਫਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਰੈਸਕਿਊ ਅਪ੍ਰੇਸ਼ਨ ਚੱਲ ਰਿਹਾ ਹੈ ਇਸ ਅਪਰੇਸ਼ਨ ਨਾਲ ਹੁਣ ਤੱਕ 500 ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ। ਇਹਨਾਂ ਪਿੰਡਾਂ ਵਿੱਚ ਹੜ੍ਹ ਪੀੜਤਾਂ ਨੂੰ ਘਰੋਂ-ਘਰੀ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ, ਪਸ਼ੂਆਂ ਲਈ ਚਾਰਾ ਆਦਿ ਲੈ ਕੇ ਬੇੜੀਆਂ ਰਾਹੀਂ ਵੰਡਿਆ ਜਾ ਰਿਹਾ ਹੈ। ਹੁਣ ਤੱਕ 5000 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ। ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਲਈ "ਹੜ੍ਹ ਪੀੜਤ ਰਾਹਤ ਕੈਂਪ" ਬਣਾਏ ਗਏ ਹਨ, ਜੋ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਲਈ ਅਕਾਲ ਅਕੈਡਮੀ ਤਿੱਬੜ, ਦੀਨਾਨਗਰ, ਸੁਜਾਨਪੁਰ ਅਤੇ ਡੇਰਾ ਬਾਬਾ ਨਾਨਕ ਵਿਖੇ, ਅੰਮ੍ਰਿਤਸਰ ਜ਼ਿਲੇ ਲਈ ਅਕਾਲ ਅਕੈਡਮੀ ਵਛੋਆ ਅਤੇ ਅਕਾਲ ਅਕੈਡਮੀ ਦਦੇਹਰ ਸਾਹਿਬ ਵਿਖੇ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਕੈਂਪ ਬਣਾਇਆ ਗਿਆ। ਜਿਥੋਂ ਨੇੜੇ ਦੇ ਹੜ੍ਹ ਪ੍ਰਵਾਭਿਤ ਇਲਾਕਿਆਂ ਵਿੱਚ ਅਤੇ ਢਾਣੀਆਂ ਵਿੱਚ ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਭਰੋਸਾ ਦਿੱਤਾ ਜਾਂਦਾ ਹੈ ਕਿ ਜਿਹੜੇ ਖੇਤਰਾਂ ਵਿੱਚ ਪਾਣੀ ਦਾ ਪੱਧਰ ਘੱਟ ਚੁੱਕਾ ਹੈ, ਓਹਨਾ ਪਿੰਡਾਂ ਵਿੱਚ ਘਰਾਂ ਦੀ ਮੁਰੰਮਤ ਅਤੇ ਘਰੇਲੂ ਜਰੂਰਤਾਂ ਦਾ ਸਮਾਨ ਅਤੇ ਬੱਚਿਆ ਦੀ ਪੜ੍ਹਾਈ ਲਈ ਕਿਤਾਬਾਂ ਅਤੇ ਵਰਦੀ ਆਦਿ ਲੋੜਾਂ ਨੂੰ ਦੇਸ਼ ਵਿਦੇਸ਼ ਦੀਆ ਸੰਗਤਾਂ ਦੇ ਸਹਿਯੋਗ ਨਾਲ ਮੁੜ ਵਸੇਵੇ ਲਈ ਯਤਨਸੀਲ ਹੋਵੇਗਾ। ਇਥੇ ਜਿਕਰਯੋਗ ਹੈ ਕਿ ਦੇਸ਼ ਵਿੱਚ ਜਦੋ ਵੀ ਕੁਦਰਤੀ ਆਫ਼ਤਾਂ ਆਉਦੀਆਂ ਹਨ ਤਾ ਟਰੱਸਟ ਦੀ ਅਕਾਲ ਸੇਵਾ ਟੀਮ ਵੱਲੋਂ ਨਿਧੜਕ ਹੋ ਕੇ ਹੜ੍ਹ ਪੀੜਤਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ।