ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਹੰਗਾਮੀ ਹਾਲਾਤਾਂ ਲਈ ਵਿਆਪਕ ਪੱਧਰ 'ਤੇ ਮੌਕ ਡਰਿੱਲ ਕਰਵਾਈ
ਅਸ਼ੋਕ ਵਰਮਾ
ਸ਼੍ਰੀ ਮੁਕਤਸਰ ਸਾਹਿਬ, 29ਮਈ 2025: ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਤੇਜ਼ ਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਉਣ ਲਈ ਇਕ ਵਿਆਪਕ ਅਤੇ ਸੰਯੁਕਤ ਮੌਕ ਡਰਿਲ ਦਾ ਆਯੋਜਨ ਕੀਤਾ। ਇਹ ਅਭਿਆਸ ਡਾ. ਅਖਿਲ ਚੌਧਰੀ, ਆਈ.ਪੀ.ਐਸ, ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਮੌਕੇ ਸ੍ਰੀ ਅਮਨਦੀਪ ਸਿੰਘ ਡੀ.ਐਸ.ਪੀ (ਐਚ) ਹਾਜ਼ਰ ਸਨ, ਜਿਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਐਮਰਜੈਂਸੀ ਪ੍ਰਬੰਧ ਅਤੇ ਸੁਰੱਖਿਆ ਦੀਆਂ ਨਵੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ.ਅਖਿਲ ਚੌਧਰੀ ਨੇ ਦੱਸਿਆ ਕਿ ਅਜਿਹੀਆਂ ਮੌਕ ਡਰਿਲਾਂ ਨਾਲ ਸਿਰਫ ਤਿਆਰੀ ਹੀ ਨਹੀਂ, ਬਲਕਿ ਜ਼ਿਲ੍ਹੇ ਦੀ ਸੁਰੱਖਿਆ ਪ੍ਰਣਾਲੀ ਨੂੰ ਵੀ ਕਾਇਮ ਕੀਤਾ ਜਾਂਦਾ ਹੈ, ਜਿਸ ਨਾਲ ਕਿਸੇ ਵੀ ਅਣਚਾਹੀ ਸਥਿਤੀ ਦਾ ਤੇਜ਼ ਅਤੇ ਪ੍ਰਭਾਵਸ਼ਾਲੀ ਜਵਾਬ ਦਿੱਤਾ ਜਾ ਸਕੇ। ਇਹ ਅਭਿਆਸ ਪੁਲਿਸ ਮੁਲਾਜ਼ਮਾਂ ਦੀ ਸਮਰੱਥਾ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਦਾ ਹੈ।

ਡਰਿਲ ਵਿੱਚ ਵੱਖ-ਵੱਖ ਕਿਸਮਾਂ ਦੇ ਹਥਿਆਰਾਂ ਅਤੇ ਸੁਰੱਖਿਆ ਉਪਕਰਣਾਂ ਦੀ ਜਾਂਚ ਕੀਤੀ ਗਈ, ਅਤੇ ਮੁਲਾਜ਼ਮਾਂ ਨੂੰ ਨਵੀਨਤਮ ਤਕਨੀਕਾਂ ਅਤੇ ਰਣਨੀਤੀਆਂ ਨਾਲ ਅਗਾਹ ਕੀਤਾ ਗਿਆ। ਇਸ ਮੌਕੇ ਪੁਲਿਸ ਮੁਲਾਜ਼ਮਾਂ ਦੀ ਇੱਕਠ ਵੀ ਕੀਤੀ ਗਈ ਜਿੱਥੇ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅੱਗੇ ਹੋਣ ਵਾਲੀਆਂ ਸਥਿਤੀਆਂ ਲਈ ਯੋਜਨਾਬੱਧ ਤਿਆਰੀ ਦੀ ਯਕੀਨਦਹਾਨੀ ਕਰਵਾਈ।ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਸਭ ਤੋਂ ਜ਼ਰੂਰੀ ਵਕਤ ਤੇ ਸਹੀ ਫੈਸਲੇ ਅਤੇ ਤਕਨੀਕੀ ਤਿਆਰੀ ਨੂੰ ਜ਼ਿਲ੍ਹਾ ਸੁਰੱਖਿਆ ਦਾ ਮੁੱਖ ਹਥਿਆਰ ਕਹਿੰਦੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਜ਼ੋਰ ਦਿੱਤਾ ਕਿ ਉਹ ਹਰ ਸਥਿਤੀ ਲਈ ਬਿਲਕੁਲ ਤਿਆਰ ਰਹਿਣ। ਇਸ ਮੌਕੇ ਡਰਿਲ ਵਿੱਚ ਵਿਭਾਗੀ ਸਾਧਨਾਂ ਦੀ ਵੀ ਪੂਰੀ ਜਾਂਚ ਕੀਤੀ ਗਈ। ਹਰ ਮੁਲਾਜ਼ਮ ਨੂੰ ਉਸਦੇ ਹਥਿਆਰ ਅਤੇ ਸੁਰੱਖਿਆ ਉਪਕਰਣ ਦੀ ਠੀਕ ਤਰੀਕੇ ਨਾਲ ਸਮਝ ਦਿੱਤੀ ਗਈ।
ਇਸ ਲਈ ਖ਼ਾਸ ਤੌਰ 'ਤੇ ਰੋਬੋਟਿਕ ਸੁਰੱਖਿਆ ਯੰਤਰਾਂ , ਬਾਇੋਮੇਟਰਿਕ ਪਹਿਚਾਣ ਪ੍ਰਣਾਲੀਆਂ ਅਤੇ ਡਰੋਨ ਸਟੈਟਸ ਮੋਨੀਟਰੀੰਗ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਤਕਨੀਕੀ ਵਿਕਾਸ ਨਾਲ ਨਾਲ ਮਨੁੱਖੀ ਦ੍ਰਿੜਤਾ ਅਤੇ ਸਮਝਦਾਰੀ ਹੀ ਸਫਲਤਾ ਦੀ ਕੁੰਜੀ ਹੈ। ਅਸੀਂ ਤਕਨੀਕ ਦਾ ਸਹੀ ਇਸਤੇਮਾਲ ਕਰਕੇ ਹੀ ਅਸਲ ਤੌਰ 'ਤੇ ਲੋਕਾਂ ਦੀ ਸੁਰੱਖਿਆ ਕਰ ਸਕਦੇ ਹਾਂ। ਐੱਸ.ਐੱਸ.ਪੀ ਨੇ ਕਿਹਾ ਕਿ ਸਿਰਫ ਪੁਲਿਸ ਹੀ ਨਹੀਂ, ਸਾਰਾ ਸਮਾਜ ਸੁਰੱਖਿਆ ਵਿੱਚ ਆਪਣੀ ਭੂਮਿਕਾ ਨਿਭਾਏ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਨਾਲ ਸਹਿਯੋਗ ਕਰਕੇ ਆਪਣੀ ਸੁਰੱਖਿਆ ਲਈ ਸਾਵਧਾਨ ਰਹਿਣ ਅਤੇ ਕਿਸੇ ਵੀ ਗ਼ੈਰਕਾਨੂੰਨੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ।ਉਨ੍ਹਾਂ ਨੇ ਕਿਹਾ, "ਜਦੋਂ ਸਾਡੇ ਕੋਲ ਲੋਕਾਂ ਦਾ ਭਰੋਸਾ ਅਤੇ ਸਹਿਯੋਗ ਹੋਵੇਗਾ, ਤਾਂ ਅਸੀਂ ਕਿਸੇ ਵੀ ਖਤਰੇ ਨੂੰ ਮੁਕਾਬਲਾ ਕਰਨ ਲਈ ਪੂਰੀ ਤਿਆਰੀ ਨਾਲ ਰਹਾਂਗੇ।"