ਲੋਕ ਸੰਗਰਾਮ ਮੋਰਚਾ ਵੱਲੋਂ ਨਰਿੰਦਰਦੀਪ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 31 ਮਈ 2025: ਲੋਕ ਸੰਗਰਾਮ ਮੋਰਚਾ ਦੇ ਜਨਰਲ ਸਕੱਤਰ ਸੁਖਮੰਦਰ ਸਿੰਘ ਅਤੇ ਤਾਰਾ ਸਿੰਘ ਮੋਗਾ ਪ੍ਰਧਾਨ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪਿਛਲੇ ਦਿਨੀਂ ਸੀਆਈਏ ਸਟਾਫ ਬਠਿੰਡਾ ਵਿਖੇ ਨੌਜਵਾਨ ਅਧਿਆਪਕ ਨਰਿੰਦਰ ਦੀਪ ਸਿੰਘ ਨੂੰ ਤਸ਼ੱਦਦ ਕਰਕੇ ਅਤੇ ਕਰੰਟ ਲਾਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਸ ਕਤਲ ਦੇ ਖਿਲਾਫ ਗੋਨੇਆਣਾ ਵਿਖੇ ਲੋਕਾਂ ਦੇ ਵਿੱਚ ਬਹੁਤ ਰੋਸ ਹੈ ਜਿਸ ਦੀ ਮਿਸਾਲ ਗੋਨੇਆਣਾ ਮੰਡੀ ਨੂੰ ਪੂਰਨ ਤੌਰ ਤੇ ਬੰਦ ਰੱਖਣ ਤੋਂ ਮਿਲਦੀ ਹੈ। ਜਨਤਕ ਜਥੇਬੰਦੀਆਂ ਨੇ ਸ਼ਹਿਰ ਦੇ ਵਿੱਚ ਇਸ ਕਤਲ ਦੇ ਖਿਲਾਫ ਰੋਸ ਮਾਰਚ ਵੀ ਕੱਢਿਆ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਪੁੱਜਣ ਦੇ ਬਾਵਜੂਦ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਗਏ ਅਤੇ ਨਾ ਹੀ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਿਸੇ ਸਖਤ ਕਾਰਵਾਈ ਦਾ ਸੰਦੇਸ਼ ਦਿੱਤਾ ਹੈ। ਲੋਕ ਸੰਗਰਾਮ ਮੋਰਚਾ ਇਸ ਇਸ ਸੰਘਰਸ਼ ਦੀ ਹਮਾਇਤ ਕਰਦਾ ਹੈ ਅਤੇ ਦੋਸ਼ੀ ਅਧਿਕਾਰੀਆਂ ਤੇ ਸਖਤ ਕਾਨੂੰਨੀ ਕਾਰਵਾਈ ਕਰਕੇ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਕਰਦਾ ਹੈ।