Babushahi Special: ਕੁੱਤ ਕਲੇਸ਼ ਦਾ ਘਰ ਬਣੀਆਂ ਟੋਅ ਵੈਨਾਂ ਨੇ ਬਠਿੰਡਾ ’ਚ ਗੱਡਿਆ ਸੇਹ ਦਾ ਤੱਕਲਾ
ਅਸ਼ੋਕ ਵਰਮਾ
ਬਠਿੰਡਾ, 31 ਮਈ 2025: ਸ਼ਹਿਰ ’ਚ ਟਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਦੇ ਮਕਸਦ ਨਾਲ ਮਾਲ ਰੋਡ ਤੇ ਬਣੀ ਮਲਟੀਸਟੋਰੀ ਪਾਰਕਿੰਗ ਦੇ ਠੇਕੇਦਾਰ ਦੀਆਂ ਟੋਅ ਵੈਨਾਂ ਵੱਲੋਂ ਕਥਿਤ ਧੱਕੇ ਨਾਲ ਚੁੱਕੀਆਂ ਜਾਂਦੀਆਂ ਕਾਰਾਂ ਦਾ ਮਾਮਲਾ ਨਾਂ ਕੇਵਲ ਸ਼ਹਿਰ ਵਾਸੀਆਂ ਬਲਕਿ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਵਾਸਤੇ ਨਿੱਤ ਨਿੱਤ ਦੇ ਕੁੱਤ ਕਲੇਸ਼ ਅਤੇ ਗਾਲੀ ਗਲੋਚ ਤੱਕ ਪੁੱਜਣ ਲੱਗਿਆ ਹੈ। ਜਦੋਂ ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਸ ਪ੍ਰਜੈਕਟ ਦਾ ਨੀਂਹ ਪੱਥਰ ਰੱਖਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਮਲਟੀਸਟੋਰੀ ਪਾਰਕਿੰਗ ਲੋਕਾਂ ਦੀ ਸਹੂਲਤ ਲਈ ਬਣੇਗੀ ਅਤੇ ਕਾਰਾਂ ਪੜ੍ਹਾਉਣ ਲਈ ਕੋਈ ਫੀਸ ਅਦਾ ਨਹੀਂ ਲੱਗੇਗੀ। ਬੇਸ਼ੱਕ ਗਠਜੋੜ ਸਰਕਾਰ ਦੌਰਾਨ ਕੰਮ ਸ਼ੁਰੂ ਨਾ ਹੋ ਸਕਿਆ ਪਰ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜਦੋਂ ਪ੍ਰਜੈਕਟ ਦੀ ਸ਼ੁਰੂਆਤ ਕਰਵਾਈ ਤਾਂ ਉਦੋਂ ਉਨ੍ਹਾਂ ਵੀ ਕੋਈ ਪੈਸਾ ਵਸੂਲਣ ਦੀ ਗੱਲ ਨਹੀਂ ਆਖੀ ਸੀ।
ਹਾਲਾਂਕਿ ਮਲਟੀਸਟੋਰੀ ਪਾਰਕਿੰਗ ਦਾ ਕੁੱਝ ਹਿੱਸਾ ਵਪਾਰਕ ਮੰਤਵ ਲਈ ਰੱਖਣ ਵਾਸਤੇ ਜਰੂਰ ਕਿਹਾ ਸੀ ਪਰ ਫੀਸ ਦੀ ਗੱਲ ਕਦੇ ਸਾਹਮਣੇ ਨਹੀਂ ਆਈ ਸੀ। ਚਰਚਾ ਸੀ ਕਿ ਬਜ਼ਾਰਾਂ ’ਚ ਆਉਣ ਵਾਲਿਆਂ ਨੂੰ ਕਾਰਾਂ ਪਾਰਕਿੰਗ ’ਚ ਖੜ੍ਹੀਆਂ ਕਰਨ ਲਈ ਪ੍ਰੇਰਿਤ ਕੀਤਾ ਜਾਏਗਾ ਤਾਂਜੋ ਟਰੈਫਿਕ ਸੁਧਾਰੀ ਜਾ ਸਕੇ। ਪਾਰਕਿੰਗ ਕਾਂਗਰਸ ਹਕੂਮਤ ਦੌਰਾਨ ਮੁਕੰਮਲ ਹੋਈ ਪਰ ਉਦਘਾਟਨ ਆਮ ਆਦਮੀ ਪਾਰਟੀ ਦੇ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਗਿੱਲ ਨੇ ਕੀਤਾ ਸੀ। ਨਗਰ ਨਿਗਮ ਤੇ ਕਾਬਜ ਕਾਂਗਰਸ ਪਾਰਟੀ ਨੇ ਪਾਰਕਿੰਗ ਦਾ ਠੇਕਾ ਦਿੱਤਾ ਸੀ ਜਿਸ ਦੀਆਂ ਸ਼ਰਤਾਂ ਤਹਿਤ ਪੀਲੀ ਲਾਈਨ ਤੋਂ ਬਾਹਰੋਂ ਕਾਰਾਂ ਟੋਅ ਕਰਨ ਲਈ ਬਜ਼ਾਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਇਸ ਤੋਂ ਬਿਨਾਂ ਅਣਜਾਣ ਲੋਕਾਂ ਨੂੰ ਸੂਚਨਾ ਦੇਣ ਲਈ ਬਜ਼ਾਰਾਂ ’ਚ ਬੋਰਡ ਤੇ ਕੈਮਰੇ ਲਾਉਣ ਅਤੇ ਟੋਅ ਗੱਡੀ ਦੇ ਮਾਲਕ ਵੱਲੋਂ ਚੁਣੌਤੀ ਦੇਣ ਦੀ ਸੂਰਤ ’ਚ ਅੰਤਿਮ ਫੈਸਲੇ ਲਈ ਇੱਕ ਕਮੇਟੀ ਵੀ ਬਣਾਉਣੀ ਸੀ।
ਠੇਕੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਹੋ ਰਹੀ- ਵਪਾਰੀ
ਸ਼ਹਿਰ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਠੇਕੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਹੋ ਰਹੀ ਜਿਸ ਕਰਕੇ ਆਮ ਆਦਮੀ ਦੀਆਂ ਜੇਬਾਂ ਤੇ ਡਾਕਾ ਵੱਜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਧੱਕੇ ਨਾਲ ਗੱਡੀਆਂ ਚੁੱਕਣ ਕਾਰਨ ਇੰਨ੍ਹਾਂ ਬਜ਼ਾਰਾਂ ਵਿੱਚ ਵਪਾਰ ਤਬਾਹੀ ਕੰਢੇ ਪੁੱਜ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਟੋਅ ਵੈਨਾਂ ਵੱਲੋਂ ਧੱਕੇ ਨਾਲ ਗੱਡੀਆਂ ਚੁੱਕਣ ਖਿਲਾਫ ਬਣੀ ਸੰਘਰਸ਼ ਕਮੇਟੀ ਦੇ ਅੰਦੋਲਨ ਮਗਰੋਂ ਨਗਰ ਨਿਗਮ ਨੇ ਭਰੋਸਾ ਦਿਵਾਇਆ ਸੀ ਕਿ ਮਸਲੇ ਦਾ ਢੁੱਕਵਾਂ ਹੱਲ ਕੱਢਿਆ ਜਾਏਗਾ ਪਰ ਸਥਿਤੀ ਜੋ ਪਹਿਲਾਂ ਬਦ ਸੀ ਅਤੇ ਹੁਣ ਬਦਤਰ ਹੋ ਗਈ ਹੈ। ਕੁੱਝ ਦਿਨ ਪਹਿਲਾਂ ਤਾਂ ਸ਼ਹਿਰ ਦੇ ਇੱਕ ਬਜ਼ਾਰ ਚੋਂ ਕਾਰ ਚੁੱਕਣ ਨੂੰ ਲੈਕੇ ਨਗਰ ਨਿਗਮ ਦਾ ਮੁਲਾਜਮ ਅਤੇ ਆਮ ਲੋਕ ਤੇ ਕਾਰ ਚਾਲਕ ਜਨਤਕ ਤੌਰ ਤੇ ਥੱਪੜੋ ਥੱਪੜੀ ਵੀ ਹੋ ਗਏ ਸਨ ਫਿਰ ਵੀ ਨਗਰ ਨਿਗਮ ਨੇ ਕੋਈ ਸਬਕ ਨਹੀਂ ਲਿਆ ਹੈ।
ਕਾਰੋਬਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਾਂ ਦੋ ਤਿੰਨ ਬਜ਼ਾਰਾਂ ਚੋਂ ਕਾਰਾਂ ਟੋਅ ਕੀਤੀਆਂ ਜਾਂਦੀਆਂ ਸਨ ਪਰ ਹੁਣ ਤਾਂ ਨਿੱਤ ਨਵੀਂ ਥਾਂ ਸਾਹਮਣੇ ਆਉਣ ਲੱਗੀ ਹੈ ਜਿੱਥੋਂ ਅੱਖ ਦੇ ਫੋਰੇ ’ਚ ਗੱਡੀ ਚੁੱਕ ਲਈ ਜਾਂਦੀ ਹੈ। ਮਾਲ ਰੋਡ ਤੇ ਸਟੇਸ਼ਨ ਤੋਂ ਕੁੱਝ ਦੂਰੀ ਤੇ ਸਥਿਤ ਬਣੀ ਪਾਰਕਿੰਗ ਤਾਂ ਹੁਣ ਖਾਸ ਤੌਰ ਤੇ ਨਿਸ਼ਾਨੇ ਤੇ ਹੈ ਜਿੱਥੇ ਰੋਜਾਨਾ ਹੀ ਕਿਸੇ ਨਾਂ ਕਿਸੇ ਕਾਰ ਨੂੰ ਟੋਅ ਕਰਨਾ ਆਮ ਹੈ। ਆਪਣੀ ਕਾਰ ਚੁੱਕਣ ਕਾਰਨ ਜੁਰਮਾਨਾ ਭਰਕੇ ਆਏ ਇੱਕ ਕਾਰ ਚਾਲਕ ਨੇ ਦੱਸਿਆ ਕਿ ਉਸ ਨੇ ਪਾਰਕਿੰਗ ਵਿੱਚ ਕਾਰਾਂ ਖਲੋਤੀਆਂ ਦੇਖ ਆਪਣੀ ਕਾਰ ਖੜ੍ਹਾਈ ਸੀ ਜੋ ਟੋਅ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਟੋਅ ਵੈਨ ਦੇ ਕਰਿੰਦਿਆਂ ਦਾ ਤਰਕ ਸੀ ਕਿ ਇਹ ਥਾਂ ਆਟੋ ਚਾਲਕਾਂ ਲਈ ਹੈ ਜਿਸ ਕਰਕੇ ਕਾਰ ਚੁੱਕੀ ਹੈ ਜਦੋਂਕਿ ਇਸ ਥਾਂ ਤੇ ਅਜਿਹਾ ਕੋਈ ਬੋਰਡ ਵੀ ਨਹੀਂ ਲੱਗਿਆ ਹੈ।
ਟੋਅ ਵੈਨਾਂ ਖਿਲਾਫ ਮੁਹਿੰਮ
ਅਸਲ ’ਚ ਵਪਾਰੀ ਪਾਰਕਿੰਗ ਦੇ ਖਿਲਾਫ ਨਹੀਂ ਬਲਕਿ ਧੱਕੇ ਨਾਲ ਗੱਡੀਆਂ ਚੁੱਕਕੇ ਮੋਟਾ ਜੁਰਮਾਨਾ ਵਸੂਲਣ ਦੀ ਵਿਰੋਧਤਾ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਸ ਧੱਕੜ ਕਾਰਵਾਈ ਕਾਰਨ ਬਜ਼ਾਰਾਂ ’ਚ ਗਾਹਕ ਆਉਣੇ ਬੰਦ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਦਾ ਧੰਦਾ ਪੂਰੀ ਤਰਾਂ ਚੌਪਟ ਹੋਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਨਿੱਤ ਹੁੰਦੇ ਕਲੇਸ਼ ਨੂੰ ਲੈਕੇ ਹੁਣ ਸ਼ਹਿਰ ਵਾਸੀਆਂ ਨੇ ਟੋਅ ਵੈਨਾਂ ਬੰਦ ਕਰਵਾਉਣ ਲਈ ਮੁਹਿੰਮ ਵਿੱਢੀ ਹੈ।
ਧੱਕੇ ਤੋਂ ਭੜਕਦੇ ਲੋਕ: ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਰੋਜਾਨਾਂ ਮਨਮਰਜੀ ਨਾਲ ਕਾਰਾਂ ਚੁੱਕਣੀਆਂ ਅਤੇ ਧੱਕਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਧੱਕੇ ਨਾਲ ਕੋਈ ਕਾਰ ਚੁੱਕੀ ਜਾਂਦੀ ਹੈ ਤਾਂ ਹੀ ਵਿਰੋਧ ਹੁੰਦਾ । ਉਨ੍ਹਾਂ ਕਿਹਾ ਕਿ ਟੋਅ ਵੈਨ ਸਟਾਫ ਦੀ ਬੋਲਬਾਣੀ ਅਤੇ ਵਤੀਰਾ ਵੀ ਲੋਕਾਂ ਦੇ ਭੜਕਣ ਦਾ ਕਾਰਨ ਬਣਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਟੋਅ ਵੈਨਾਂ ਬੰਦ ਕਰਨ ਦੀ ਮੰਗ ਵੀ ਕੀਤੀ ਹੈ।
ਕਮਿਸ਼ਨਰ ਨੇ ਫੋਨ ਨਹੀਂ ਚੁੱਕਿਆ
ਇਸ ਤਰਾਂ ਹੁੰਦੀਆਂ ਲੜਾਈਆਂ ਝਗੜੇ ਰੋਕਣ ਲਈ ਕੋਈ ਰੋਡ ਮੈਪ ਤਿਆਰ ਕਰਨ ਸਬੰਧੀ ਪੱਖ ਜਾਨਣ ਵਾਸਤੇ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਅਜੇ ਅਰੋੜਾ ਨੇ ਫੋਨ ਨਹੀਂ ਚੁੱਕਿਆ। ਉਂਜ ਇੱਕ ਅਧਿਕਾਰੀ ਨੇ ਆਫ ਦਾ ਰਿਕਾਰਡ ਦੱਸਿਆ ਕਿ ਕਾਨੂੰਨੀ ਨੁਕਤੇ ਤੋਂ ਠੇਕਾ ਰੱਦ ਨਹੀਂ ਕੀਤਾ ਜਾ ਸਕਦਾ ਹੈ।