Canada: ਵੱਖ ਵੱਖ ਸ਼ਖ਼ਸੀਅਤਾਂ ਨੇ ਬੀਬੀ ਗੁਰਮਿੰਦਰ ਕੌਰ ਜੱਬਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ
ਹਰਦਮ ਮਾਨ
ਸਰੀ, 21 ਮਈ 2025-ਸਵ. ਬੀਬੀ ਗੁਰਮਿੰਦਰ ਕੌਰ ਜੱਬਲ ਨੂੰ ਬੀਤੇ ਦਿਨ ਸੰਬੰਧੀਆਂ ਤੇ ਸਨੇਹੀਆਂ ਵੱਲੋਂ ਸੇਜਲ ਅੱਖਾਂ ਨਾਲ ਨਿੱਘੀ ਵਿਦਾਇਗੀ ਦਿੱਤੀ ਗਈ। ਫਿਊਨਰਲ ਹੋਮ ਡੈਲਟਾ ਵਿਖੇ ਗਿਆਨੀ ਕੁਲਵੰਤ ਸਿੰਘ ਨੇ ਗੁਰਬਾਣੀ ਵਿੱਚੋਂ ਸੰਸਾਰ ਵਿਚ ਆਉਣ ਤੇ ਜਾਣ ਦੇ ਪੱਖ ‘ਤੇ ਚਾਨਣਾ ਪਾ ਕੇ ਤੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਬੀਬੀ ਗੁਰਮਿੰਦਰ ਕੌਰ ਨਾਲ ਨਿਤਾਪ੍ਰਤੀ ਸਿੱਖੀ ਵਿਚਾਰਾਂ ਦੀ ਸਾਂਝ ਬਾਰੇ ਦੱਸਿਆ ਅਤੇ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਅੰਤਮ ਵਿਦਾਇਗੀ ਦੇਣ ਲਈ ਸਾਰਿਆਂ ਦਾ ਧਿਆਨ ਗੁਰੂ ਆਸ਼ੇ ਨਾਲ ਜੋੜਿਆ।
ਬੀਬੀ ਗੁਰਮਿੰਦਰ ਕੌਰ ਦੀਆਂ ਪੋਤਰੀਆਂ ਪੁਨੀਤ ਕੌਰ ਤੇ ਜੈਆ ਕੌਰ ਜੱਬਲ ਨੇ ਆਪਣੀ ਦਾਦੀ ਦੇ ਸੰਬੰਧਾਂ ਤੇ ਸਿੱਖਿਆ ਨੂੰ ਬਿਆਨ ਕਰਕੇ ਆਪਣੇ ਹਾਵ ਭਾਵ ਸਾਂਝੇ ਕੀਤੇ। ਮੋਤਾ ਸਿੰਘ ਝੀਤਾ ਨੇ ਆਪਣੇ ਪਰਿਵਾਰ ਦੇ ਤਿੰਨ ਭਰਾ ਤੇ ਦੋ ਭੈਣਾਂ ਵਿਚੋਂ ਸਭ ਤੋਂ ਛੋਟੀ ਭੈਣ ਦੇ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਇੰਡੀਆ, ਅਫਰੀਕਾ, ਇੰਗਲੈਂਡ ਅਤੇ ਕੈਨੇਡਾ ਵਿਚ ਪਰਵਾਸ ਕਰਨ ਅਤੇ ਸੁਰਿੰਦਰ ਸਿੰਘ ਜੱਬਲ ਨਾਲ ਗ੍ਰਿਸਤੀ ਜੀਵਨ-ਪੰਧ ਖਾਲਸਾ ਦੀਵਾਨ ਸੁਸਾਇਟੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਚ ਅਨੰਦ ਕਾਰਜ ਨਾਲ ਸ਼ੁਰੂ ਕਰਨ ਵਾਲੇ ਪਲ ਸਾਂਝੇ ਕੀਤੇ ਅਤੇ ਜੱਬਲ ਤੇ ਝੀਤਾ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਸਾਂਝ ਪਾਉਣ ਲਈ ਸਭ ਦਾ ਧੰਨਵਾਦ ਕੀਤਾ।
ਗੁਰੂ ਨਾਨਕ ਗਲੋਬਲ ਸਿੱਖ ਸਟੱਡੀਜ਼ ਦੇ ਚੇਅਰਮੈਨ ਗਿਆਨ ਸਿੰਘ ਸੰਧੂ ਨੇ ਬੀਬੀ ਗੁਰਮਿੰਦਰ ਕੌਰ ਨੂੰ ਨਿੱਘੀ ਤੇ ਭਾਵ ਪੂਰਕ ਸ਼ਰਧਾਂਜਲੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਗੁਰਮਿੰਦਰ ਕੌਰ ਨੇ ਕਮਿਊਨਿਟੀ ਦੇ ਕੰਮਾਂ ਵਿਚ ਬਹੁਤ ਅਹਿਮ ਰੋਲ ਨਿਭਾਇਆ ਹੈ। ਇਹ ਵੀ ਸੱਚਾਈ ਹੈ ਕਿ ਕੋਈ ਵੀ ਇਨਸਾਨ ਆਪਣੇ ਜੀਵਨ ਸਾਥੀ ਦੇ ਸਹਿਯੋਗ ਬਿਨਾਂ ਕਿਸੇ ਕਿਸਮ ਦਾ ਅਹਿਮ ਰੋਲ ਨਹੀਂ ਨਿਭ੍ਹਾ ਸਕਦਾ। ਵਰਲਡ ਸਿੱਖ ਸੰਸਥਾ ਸਮੇਂ ਬੀਬੀ ਦਰਸ਼ਨ ਕੌਰ ਬੈਂਸ ਸਮੇਤ ਗੁਰਮਿੰਦਰ ਕੌਰ ਜੱਬਲ ਕਮਿਊਨਿਟੀ ਮਸਲਿਆਂ ਬਾਰੇ ਠੋਸ ਸਲਾਹ ਵੀ ਦਿਆ ਕਰਦੇ ਸਨ ਤੇ ਸੁਆਲ ਪੁੱਛਣ ਵਿਚ ਵੀ ਸੰਕੋਚ ਨਹੀਂ ਸਨ ਕਰਦੇ। ਰਿਵਰਸਾਈਡ ਫੀਊਨਰਲ ਹੋਮ ਦੇ ਪ੍ਰਧਾਨ ਲੈਂਬਰ ਰਾਓ ਨੇ ਬੋਰਡ ਮੈਂਬਰਾਂ ਵੱਲੋਂ ਜੱਬਲ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ ਤੇ ਸਰਦਾਰਨੀ ਗੁਰਮਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ਼ ਭੇਟ ਕੀਤੇ। ਜੋਗਿੰਦਰ ਸਿੰਘ ਭੂਈ ਤੇ ਨਿਰਮਲ ਕੌਰ ਭੂਈ, ਬੀਬੀ ਜਸਮਿੰਦਰ ਕੌਰ ਚਾਨਾ ਤੇ ਸੇਵਾਦਾਰ ਬੀਬੀਆਂ ਨੇ ਰਲ ਕੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਆਪਣੀ ਸੇਵਾਦਾਰ ਸਾਥਣ ਗੁਰਮਿੰਦਰ ਕੌਰ ਜੱਬਲ ਨੂੰ ਸੰਸਾਰਕ ਵਿਦਾਈ ਸਮੇਂ ਦੁਸ਼ਾਲਾ ਭੇਂਟ ਕੀਤਾ।
ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਅੰਤਿਮ ਅਰਦਾਸ ਸਮੇਂ ਭਾਈ ਇਕਬਾਲ ਸਿੰਘ ਤੇ ਭਾਈ ਭੁਪਿੰਦਰ ਸਿੰਘ ਦੇ ਰਾਗੀ ਜੱਥਿਆਂ ਨੇ ਵਿਰਾਗਮਈ ਕੀਰਤਨ ਨਾਲ ਜੋੜਿਆ। ਬੀਬੀ ਗੁਰਮਿੰਦਰ ਕੌਰ ਜੱਬਲ ਨਮਿੱਤ ਸਹਿਜ ਪਾਠ ਭੋਗ ਪਾਏ ਗਏ। ਉਪਰੰਤ ਦੇਸ ਵਿਦੇਸ ਵਿੱਚੋਂ ਜਾਣੇ ਪਹਿਚਾਣੇ ਸਨੇਹੀਆਂ ਵੱਲੋਂ ਆਏ ਸ਼ਰਧਾਂਜਲੀ ਪੱਤਰ ਸਾਂਝੇ ਕੀਤੇ ਗਏ। ਜਿਹਨਾਂ ਵਿਚ ਡਾ. ਬਲਕਾਰ ਸਿੰਘ (ਪਟਿਆਲਾ),ਕੈਨੇਡਾ ਦੇ ਜਾਣੇ ਪਹਿਚਾਣੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ, ਨਾਮਧਾਰੀ ਅਧਿਆਤਮਕ ਮੁਖੀ ਠਾਕੁਰ ਦਲੀਪ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਤੇ ਪ੍ਰਸਿੱਧ ਕਾਲਮ ਨਵੀਸ ਉਜਾਗਰ ਸਿੰਘ (ਪਟਿਆਲਾ), ਅਦਾਰਾ ਅੰਦਾਜ਼ੇ-ਪੰਜਾਬ ਟੀਵੀ ਦੇ ਪੱਤਰਕਾਰ ਪਰਮਜੀਤ ਸਿੰਘ ਪਰਵਾਨਾ, ਸੁਰਿੰਦਰ ਸਿੰਘ ਹੂੰਜਣ (ਐਡਮਿੰਟਨ), ਰਾਮਗੜ੍ਹੀਆ ਦਰਪਨ ਦੇ ਐਡੀਟਰ ਭੁਪਿੰਦਰ ਸਿੰਘ ਉਭੀ, ਅਤੇ ਰਾਮਗੜ੍ਹੀਆ ਕੌਂਸਲ ਯੂ ਕੇ ਦੇ ਸ਼ਰਧਾਂਜਲੀ ਪੱਤਰ ਪੜ੍ਹੇ ਗਏ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਗੁਰਮਿੰਦਰ ਕੌਰ ਜੱਬਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਜੱਬਲ ਤੇ ਝੀਤਾ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ।
ਅੰਤ ਵਿਚ ਗੁਰਦੁਆਰਾ ਸਾਹਿਬ ਦੇ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਜੱਬਲ ਅਤੇ ਝੀਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਸਭਨਾਂ ਰਿਸ਼ਤੇਦਾਰਾਂ, ਸਨੇਹੀਆਂ ਅਤੇ ਦੋਸਤਾਂ-ਮਿੱਤਰਾਂ ਦਾ ਜੱਬਲ ਪਰਿਵਾਰ ਵੱਲੋਂ ਧੰਨਵਾਦ ਕੀਤਾ।