SGPC Secy ਨੇ ਫੌਜ ਦੇ ਦਾਅਵੇ ਬਾਰੇ ਲਿਆ ਯੂ-ਟਰਨ, ਕਿਹਾ- ਫੌਜ ਨੇ ਹਮਲਾ ਰੋਕਿਆ ਤਾਂ ਫੌਜ ਦਾ ਧੰਨਵਾਦ
ਚੰਡੀਗੜ੍ਹ, 19 ਮਈ 2025- ਐਸਜੀਪੀਸੀ ਦੇ ਸਕੱਤਰ ਕੁਲਵੰਤ ਸਿੰਘ ਨੇ ਫ਼ੌਜ ਦੇ ਦਾਅਵੇ ਬਾਰੇ ਦਿੱਤੇ ਬਿਆਨ ਤੇ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਨੇ ਆਪਣੇ ਤਾਜ਼ਾ ਬਿਆਨ ਵਿੱਚ ਦਰਬਾਰ ਸਾਹਿਬ ਤੇ ਹਮਲਾ ਰੋਕਣ ਲਈ ਫ਼ੌਜ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਮੇਰਾ ਬਿਆਨ ਫ਼ੌਜ ਦੇ ਖਿਲਾਫ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਾਰਿਆਂ ਦਾ ਭਲਾ ਮੰਗਦਾ ਹੈ। ਜੇਕਰ ਪਾਕਿ ਫ਼ੌਜ ਨੇ ਹਰਮਿੰਦਰ ਸਾਹਿਬ ਤੇ ਹਮਲਾ ਕਰਨ ਦੀ ਸੋਚ ਸੀ ਤਾਂ, ਇਹ ਬੇਹੱਦ ਮਾੜੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ, ਪਵਿੱਤਰ ਅਸਥਾਨ ਤੇ ਕੋਈ ਅਟੈਕ ਕਰਨ ਬਾਰੇ ਸੋਚ ਵੀ ਕਿਵੇਂ ਸਕਦਾ?
ਦੱਸ ਦਈਏ ਕਿ ਪਾਕਿਸਤਾਨੀ ਸੈਨਾ ਵਲੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਸਬੰਧੀ ਭਾਰਤੀ ਸੈਨਾ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਬੀਤੇ ਦਿਨੀਂ ਭਾਰਤ-ਪਾਕਿਸਤਾਨ ਵਲੋਂ ਇਕ ਦੂਜੇ ਦੇਸ਼ਾਂ ਉਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਦੌਰਾਨ ਪਾਕਿਸਤਾਨ ਸੈਨਾ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਵੱਲ ਮਿਜ਼ਾਇਲਾਂ ਦਾਗਣ ਅਤੇ ਭਾਰਤੀ ਡਿਫੈਂਸ ਸਿਸਟਮ ਵਲੋਂ ਉਨ੍ਹਾਂ ਨੂੰ ਰਸਤੇ ਵਿਚ ਹੀ ਨਸ਼ਟ ਕਰ ਦਿੱਤੇ ਜਾਣ ਦੇ ਕੀਤੇ ਦਾਅਵੇ ਨੂੰ ਖਾਰਿਜ ਕਰਦਾ ਹਾਂ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਸੀ ਕਿ ਸਰਬੱਤ ਤੇ ਭਲੇ ਦਾ ਸੰਦੇਸ਼ ਦੇਣ ਵਾਲੇ ਇਸ ਪਾਵਨ ਅਸਥਾਨ ਉਤੇ ਸੈਨਾ ਦਾ ਕੋਈ ਜਰਨੈਲ ਮਿਜ਼ਾਈਲ ਹਮਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਆਪਣੇ ਬਿਆਨ ਵਿੱਚ ਸਕੱਤਰ ਨੇ ਇਹ ਵੀ ਕਿਹਾ ਸੀ ਕਿ ਅਸੀਂ ਭਾਰਤੀ ਸੈਨਾ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਹਾਂ। ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ। 1965-71 ਦੀ ਜੰਗ 'ਚ ਵੀ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਕੋਈ ਕੋਸ਼ਿਸ਼ ਨਹੀਂ ਹੋਈ ਸੀ। ਸਦੀਆਂ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਾਲਿਆਂ ਦਾ ਸਰਵਨਾਸ਼ ਹੋਇਆ ਹੈ।