ਵੱਡੀ ਖ਼ਬਰ: ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬੀ ਨੌਜਵਾਨ ਦੀ ਮੌਤ
ਰਵਿੰਦਰ ਢਿੱਲੋਂ
ਖੰਨਾ, 19 ਮਈ 2025- ਮਾਛੀਵਾੜਾ ਸਾਹਿਬ ਦੇ ਨੇਡ਼੍ਹਲੇ ਪਿੰਡ ਸਹਿਜੋ ਮਾਜਰਾ ਦੇ ਵਾਸੀ ਨੌਜਵਾਨ ਭੁਪਿੰਦਰ ਸਿੰਘ ਜਿਸ ਦੀ ਅਮਰੀਕਾ ਵਿਖੇ ਸਡ਼ਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਿਜੋ ਮਾਜਰਾ ਵਾਸੀ ਹਜ਼ਾਰਾ ਸਿੰਘ ਦਾ ਇਕਲੌਤਾ ਪੁੱਤਰ ਭੁਪਿੰਦਰ ਸਿੰਘ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ ਗਿਆ ਸੀ ਜਿੱਥੇ ਉਹ ਟਰਾਲਾ ਚਲਾਉਂਦਾ ਸੀ। ਭੁਪਿੰਦਰ ਸਿੰਘ ਟਰਾਲਾ ਲੈ ਕੇ ਅਮਰੀਕਾ ਦੇ 81-ਗ੍ਰੀਨੀ ਕਾਊਂਟੀ ਰੋਡ ’ਤੇ ਜਾ ਰਿਹਾ ਸੀ ਕਿ ਰਸਤੇ ਵਿਚ ਇੱਕ ਜੀਪ ਕਾਰ ਨਾਲ ਉਸਦੀ ਟੱਕਰ ਹੋ ਗਈ ਅਤੇ ਉਸਦਾ ਟਰਾਲਾ ਦਰੱਖਤ ਵਿਚ ਜਾ ਵੱਜਿਆ। ਹਾਦਸੇ ਤੋਂ ਬਾਅਦ ਟਰਾਲੇ ਨੂੰ ਅੱਗ ਲੱਗ ਗਈ।
ਪਰ ਉੱਥੇ ਰੈਸਕਿਊ ਟੀਮ ਨੇ ਉਸ ਨੂੰ ਟਰਾਲੇ ’ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਭੁਪਿੰਦਰ ਸਿੰਘ ਦੀ ਮੌਤ ਦੀ ਖ਼ਬਰ ਜਦੋਂ ਪਿੰਡ ਸਹਿਜੋ ਮਾਜਰਾ ਵਿਖੇ ਪਹੁੰਚੀ ਤਾਂ ਘਰ ਵਿਚ ਮਾਤਮ ਛਾ ਗਿਆ ਅਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਭੁਪਿੰਦਰ ਸਿੰਘ ਦਾ ਪਿਤਾ ਹਜ਼ਾਰਾ ਸਿੰਘ ਸਪੇਨ ਵਿਖੇ ਰਹਿੰਦਾ ਹੈ ਅਤੇ ਜਦੋਂ ਉਸ ਨੂੰ ਆਪਣੇ ਪੁੱਤਰ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਵਾਪਸ ਪਿੰਡ ਲਈ ਰਵਾਨਾ ਹੋ ਗਿਆ। ਇਸ ਹਾਦਸੇ ਵਿਚ ਜੋ ਜੀਪ ਸਵਾਰ ਸਨ ਉਨ੍ਹਾਂ ਦਾ ਬਚਾਅ ਹੋ ਗਿਆ ਪਰ ਮਾਪਿਆਂ ਦੇ ਇਕਲੌਤੇ ਪੁੱਤਰ ਭੁਪਿੰਦਰ ਸਿੰਘ ਦੀ ਜਾਨ ਚਲੀ ਗਈ।