ਪੰਜਾਬੀ ਯੂਨੀਵਰਸਿਟੀ ਪ੍ਰੀਖਿਆ ਸ਼ਾਖਾ ਦੀ ਕਾਰਗੁਜ਼ਾਰੀ ਬਿਹਤਰ ਕਰਨ ਲਈ ਦਿੱਤਾ ਜਾ ਰਿਹਾ ਹੈ ਵਿਸ਼ੇਸ਼ ਧਿਆਨ
ਪਟਿਆਲਾ, 19 ਮਈ 2025- ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੀ ਕਾਰਗੁਜ਼ਾਰੀ ਬਿਹਤਰ ਕਰਨ ਲਈ ਯੂਨੀਵਰਸਿਟੀ ਅਥਾਰਿਟੀਜ਼ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਅਥਾਰਿਟੀਜ਼ ਦਾ ਕਹਿਣਾ ਹੈ ਕਿ ਪ੍ਰੀਖਿਆ ਸ਼ਾਖਾ ਦੇ ਸੁਚਾਰੂ ਸੰਚਾਲਨ ਲਈ ਕਿਸੇ ਕਿਸਮ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪ੍ਰੀਖਿਆ ਸ਼ਾਖਾ ਦੇ ਵੱਖ-ਵੱਖ ਕਾਰਜਾਂ ਨਾਲ਼ ਜੁੜੀਆਂ ਵਿੱਤੀ ਅਦਾਇਗੀਆਂ ਪੱਖੋਂ ਵੀ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ।
ਵੱਖ-ਵੱਖ ਪ੍ਰੀਖਿਆਵਾਂ ਦੇ ਪੇਪਰ ਚੈਕਿੰਗ ਸਬੰਧੀ 5 ਮਈ 2024 ਤੋਂ 19 ਮਈ 2025 ਦਰਮਿਆਨ ਤਕਰੀਬਨ ਡੇਢ ਕਰੋੜ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਪ੍ਰਸ਼ਨ ਪੱਤਰਾਂ ਦੀ ਛਪਾਈ ਅਤੇ ਇਸ ਨਾਲ ਜੁੜੇ ਹੋਰ ਗੁਪਤ ਕਾਰਜਾਂ ਉੱਤੇ 2025 ਸੈਸ਼ਨ ਦੇ ਇਸੇ ਸਮੇਂ ਲਈ ਲਗਭਗ ਪੰਜਾਹ ਲੱਖ ਰੁਪਏ ਅਤੇ 2026 ਸੈਸ਼ਨ ਲਈ ਲਗਭਗ ਪੰਤਾਲੀ ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਖਾਲੀ ਜਵਾਬ ਕਾਪੀਆਂ ਦੀ ਤਿਆਰੀ ਲਈ ਲਗਭਗ ਇੱਕ ਕਰੋੜ ਪਚਵੰਜਾ ਲੱਖ ਰੁਪਏ ਖਰਚੇ ਗਏ ਹਨ। 2024-25 ਸੈਸ਼ਨ ਦੌਰਾਨ ਪ੍ਰੀਖਿਆਵਾਂ ਦੇ ਪ੍ਰਬੰਧ ਬਾਬਤ ਤਕਰੀਬਨ ਇੱਕ ਕਰੋੜ ਚੁਤਾਲ਼ੀ ਲੱਖ ਰੁਪਏ ਰਾਸ਼ੀ ਖਰਚੀ ਗਈ ਹੈ। ਇਸ ਤੋਂ ਇਲਾਵਾ 2024-25 ਸੈਸ਼ਨ ਦੌਰਾਨ ਪ੍ਰੀਖਿਆ ਸ਼ਾਖਾ ਨਾਲ ਜੁੜੇ ਕਾਰਜਾਂ ਲਈ ਦੋ ਬਲੈਰੋ ਗੱਡੀਆਂ ਦੀ ਖਰੀਦ ਵੀ ਕੀਤੀ ਗਈ ਜਿਨ੍ਹਾਂ ਉੱਤੇ ਤਕਰੀਬਨ ਬਾਈ ਲੱਖ ਰੁਪਏ ਖਰਚਾ ਆਇਆ। ਪੇਪਰ ਚੈਕਿੰਗ ਲਈ ਸਟਾਫ ਦੀ ਅਦਾਇਗੀ ਬਾਰੇ ਵੀ ਕਾਰਵਾਈ ਜਾਰੀ ਹੈ। ਇਸ ਸਬੰਧੀ ਤਕਰੀਬਨ ਚੌਂਤੀ ਲੱਖ ਰੁਪਏ ਦੀ ਰਾਸ਼ੀ ਦੇ ਬਿਲ ਆਡਿਟ ਨੂੰ ਭੇਜੇ ਜਾ ਚੁੱਕੇ ਹਨ ਅਤੇ ਲਗਭਗ ਇੱਕ ਕਰੋੜ ਤੇਰਾਂ ਲੱਖ ਰੁਪਏ ਦੀ ਰਾਸ਼ੀ ਦੇ ਬਿਲ ਵਾਈਸ ਚਾਂਸਲਰ ਸਾਹਿਬ ਦੀ ਪ੍ਰਵਾਨਗੀ ਲਈ ਭੇਜੇ ਹੋਏ ਹਨ। ਇਸ ਤੋਂ ਇਲਾਵਾ 2018-19 ਸੈਸ਼ਨ ਦੌਰਾਨ ਪ੍ਰੀਖਿਆਵਾਂ ਦੇ ਆਯੋਜਨ ਨਾਲ਼ ਜੁੜੇ ਸੁਪਰਵਾਈਜ਼ਰੀ ਸਟਾਫ਼ ਨੂੰ ਤਕਰੀਬਨ ਇੱਕ ਕਰੋੜ ਬਿਆਸੀ ਲੱਖ ਰੁਪਏ ਰਾਸ਼ੀ ਦੀ ਅਦਾਇਗੀ ਕੀਤੀ ਗਈ ਹੈ। ਇਸ ਤੋਂ ਇਲਾਵਾ ਨੇੜ-ਭਵਿੱਖ ਵਿੱਚ ਉੱਤਰ-ਪੱਤਰੀਆਂ ਦੀ ਟੇਬਲ ਮਾਰਕਿੰਗ ਦੇ ਪ੍ਰਬੰਧ ਲਈ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਪ੍ਰੀਖਿਆ ਸ਼ਾਖਾ ਨਾਲ ਜੁੜੇ ਕੰਮਾਂ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਨ ਲਈ ਵਾਹਨ ਜਾਂ ਡਰਾਈਵਰ ਪੱਖੋਂ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਹੈ। ਪ੍ਰੀਖਿਆ ਸ਼ਾਖਾ ਕੋਲ ਇਸ ਮਕਸਦ ਲਈ ਚਾਰ ਗੱਡੀਆਂ ਆਪਣੇ ਚਾਰ ਡਰਾਈਵਰਾਂ ਸਮੇਤ ਹਮੇਸ਼ਾ ਉਪਲਬਧ ਰਹਿੰਦੀਆਂ ਹਨ ਜੋ ਕਿ ਅੱਠ ਵੱਖ-ਵੱਖ ਰੂਟਾਂ ਉੱਤੇ ਜਾਂਦੀਆਂ ਹਨ। ਹਰੇਕ ਰੂਟ ਉੱਤੇ ਲੋੜ ਅਨੁਸਾਰ ਇੱਕ ਦਿਨ ਛੱਡ ਕੇ ਗੱਡੀ ਭੇਜੇ ਜਾਣ ਵਿੱਚ ਕੋਈ ਮੁਸ਼ਕਿਲ ਨਹੀਂ ਹੈ।