ਮਾਰਕੀਟ ਕਮੇਟੀ ਜਗਰਾਉਂ ਨੂੰ ਨਹੀਂ ਮਿਲਿਆ ਕੋਈ ਢੁਕਵਾਂ ਚੇਅਰਮੈਨ
ਦੀਪਕ ਜੈਨ
ਜਗਰਾਉਂ , 19 ਮਈ 2025- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 31 ਦੇ ਕਰੀਬ ਬੋਰਡ, ਮਾਰਕੀਟ ਕਮੇਟੀਆਂ ਅਤੇ ਹੋਰ ਸੰਸਥਾਵਾਂ ਦੇ ਚੇਅਰਮੈਨ, ਡਾਇਰੈਕਟਰ ਅਤੇ ਮੈਂਬਰ ਸਾਹਿਬਾਨ ਨੂੰ ਨਾਮਜਦ ਕੀਤਾ ਗਿਆ ਹੈ। ਜਿਸ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਤੋਂ ਇਲਾਵਾ ਪਨਸਪ ਅਤੇ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਵੀ ਨਿਯੁਕਤ ਕੀਤੇ ਗਏ ਹਨ। ਪਰ ਦੱਸ ਦਈਏ ਕਿ ਪਿਛਲੇ ਲੰਮੇ ਅਰਸੇ ਤੋਂ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਦਾ ਰੇੜਕਾ ਤਿਵੇਂ ਦਾ ਤਿਵੇਂ ਹੀ ਅਟਕਿਆ ਹੋਇਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਜਗਰਾਉਂ ਦੀ ਮਾਰਕੀਟ ਕਮੇਟੀ ਲਈ ਕੋਈ ਢੁਕਵਾਂ ਚੇਅਰਮੈਨ ਨਹੀਂ ਮਿਲ ਰਿਹਾ।
ਕਈ ਮਹੀਨੇ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਲਿਸਟ ਵਿੱਚ ਕਿਸੇ ਬਲਦੇਵ ਸਿੰਘ ਦਾ ਨਾਮ ਸ਼ਾਮਿਲ ਸੀ। ਪਰ ਮਹੀਨਿਆਂ ਬਾਅਦ ਵੀ ਉਸ ਬਲਦੇਵ ਸਿੰਘ ਦਾ ਥੋਹ ਪਤਾ ਨਹੀਂ ਚਲਿਆ। ਇਸ ਬਲਦੇਵ ਸਿੰਘ ਬਾਰੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਬੜੀ ਤਸੱਲੀ ਨਾਲ ਕਿਹਾ ਸੀ ਕਿ ਇਹ ਬਲਦੇਵ ਸਿੰਘ ਉਹਨਾਂ ਦੀ ਪਾਰਟੀ ਦਾ ਸਰਗਰਮ ਮੈਂਬਰ ਹੈ ਅਤੇ ਜਲਦੀ ਹੀ ਉਹ ਆਪਣਾ ਅਹੁਦਾ ਸੰਭਾਲ ਲਵੇਗਾ। ਪਰ ਬੀਬੀ ਦੇ ਇਹਨਾਂ ਬਿਆਨ ਦਿੱਤਿਆਂ ਨੂੰ ਵੀ ਕਈ ਮਹੀਨੇ ਬੀਤ ਚੁੱਕੇ ਹਨ ਅਤੇ ਚੇਅਰਮੈਨ ਦੀ ਕੁਰਸੀ ਹਾਲੇ ਵੀ ਖਾਲੀ ਪਈ ਹੈ।
ਇੱਥੇ ਇਹ ਗੱਲ ਪੂਰੀ ਤਰ੍ਹਾਂ ਧਿਆਨ ਦੇਣ ਵਾਲੀ ਹੈ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਹੋਣਾ ਕਿਸਾਨਾਂ ਲਈ ਪੂਰੀ ਤਰ੍ਹਾਂ ਲਾਹੇਵੰਦ ਹੁੰਦਾ ਹੈ। ਕਿਉਂ ਜੋ ਚੇਅਰਮੈਨ ਹੀ ਕਿਸਾਨਾਂ ਦੀਆਂ ਮੰਡੀਆਂ ਅੰਦਰ ਆਉਣ ਵਾਲੀਆਂ ਦਰਵੇਸ਼ ਪਰੇਸ਼ਾਨੀਆਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਸੁਚੱਜਾ ਕੰਮ ਕਰਦਾ ਹੈ। ਜਿਸ ਤੇ ਚੇਅਰਮੈਨ ਦੇ ਉਪਰਾਲਿਆਂ ਨਾਲ ਹੀ ਸਰਕਾਰਾਂ ਮੰਡੀਆਂ ਅੰਦਰ ਕਿਸਾਨਾਂ ਦੀਆਂ ਖੱਜਲ ਖੁਆਰੀਆਂ ਨਾ ਹੋਣ ਦੇ ਪ੍ਰਬੰਧ ਕਰਦੀਆਂ ਹਨ। ਜਗਰਾਉਂ ਅੰਦਰ ਹੋ ਰਹੀ ਕਿਸਾਨਾਂ ਦੀ ਖੱਜਲ ਖੁਆਰੀ ਅਤੇ ਆੜਤੀਆਂ ਅਤੇ ਮਜ਼ਦੂਰਾਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਹੱਲ ਵੀ ਚੇਅਰਮੈਨ ਵੱਲੋਂ ਹੀ ਕਰਵਾਇਆ ਜਾਂਦਾ ਹੈ। ਪਰ ਜਗਰਾਓ ਦੀ ਮਾਰਕੀਟ ਕਮੇਟੀ ਕਾਫੀ ਲੰਮੇ ਸਮੇਂ ਤੋਂ ਚੇਅਰਮੈਨ ਪਾਸੋਂ ਵਾਂਝੀ ਹੈ। ਚੇਅਰਮੈਨ ਦੇ ਨਾ ਲੱਗੇ ਜਾਣ ਲਈ ਸਭ ਤੋਂ ਵੱਡਾ ਹੱਥ ਹਲਕਾ ਵਿਧਾਇਕ ਬੀਬੀ ਸਰਬਕਜੀਤ ਕੌਰ ਮਾਣੂਕੇ ਦਾ ਹੀ ਹੈ। ਕਿਉਂ ਜੋ ਉਹ ਆਪਣੇ ਕਿਸੇ ਚਹੇਤੇ ਨੂੰ ਹੀ ਮਾਰਕੀਟ ਕਮੇਟੀ ਜਗਰਾਉਂ ਦਾ ਚੇਅਰਮੈਨ ਲਗਵਾਉਣਾ ਚਾਹੁੰਦੇ ਹਨ। ਪਰ ਸਰਕਾਰ ਵੱਲੋਂ ਉਹਨਾਂ ਦੀ ਇਹ ਮੰਗ ਨਹੀਂ ਮੰਨੀ ਜਾ ਰਹੀ ਜਿਸ ਕਾਰਨ ਇਹ ਰੇੜਕਾ ਵਧਿਆ ਪਿਆ ਹੈ।