ਪੈਟਰੋਲ ਪੰਪ ਲੁੱਟਣ ਦੀ ਘਟਨਾ 'ਚ ਪੁਲਿਸ ਨੂੰ ਸੂਚਿਤ ਕਰਨ ਵਾਲਾ ਹੀ ਨਿਕਲਿਆ ਲੁਟੇਰਿਆਂ ਦਾ ਮਾਸਟਰ ਮਾਈਂਡ
ਦੀਪਕ ਜੈਨ
ਜਗਰਾਉਂ , 19 ਮਈ 2025- ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਇੱਕ ਮੁਕਦਮਾ ਹਰਪਾਲਦਾਸ ਪੁੱਤਰ ਨਿਰੰਜਨ ਦਾਸ ਵਾਸੀ ਜੱਸੋਵਾਲ ਥਾਣਾ ਸੁਧਾਰ ਦੇ ਬਿਆਨਾਂ ਉੱਪਰ ਦਰਜ ਕੀਤਾ ਗਿਆ ਸੀ। ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਉਹ ਫਰੈਂਡਸ ਸਰਵਿਸ ਪੈਟਰੋਲ ਪੰਪ ਤੇ ਨੌਕਰੀ ਕਰਦਾ ਹੈ। ਉਹ ਰੋਜਾਨਾ ਦੀ ਤਰ੍ਹਾਂ ਪੈਟਰੋਲ ਪੰਪ ਉੱਤੇ ਕੰਮ ਕਰ ਰਿਹਾ ਸੀ ਤਾਂ ਇੱਕ ਲਾਲ ਰੰਗ ਦੇ ਮੋਟਰਸਾਈਕਲ ਉੱਤੇ ਸਵਾਰ ਇੱਕ ਨੌਜਵਾਨ ਆਇਆ ਜਿਸ ਨੇ ਮੋਟਰਸਾਈਕਲ ਦੀ ਟੈਂਕੀ ਫੁੱਲ ਕਰਾਈ ਅਤੇ ਜਦੋਂ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਉਸਨੇ ਆਪਣੀ ਜੇਬ ਵਿੱਚ ਇੱਕ ਸੰਤਰੀ ਰੰਗ ਦੀ ਡੰਡੀ ਵਾਲਾ ਚਾਕੂ ਕੱਢਿਆ ਤੇ ਧਮਕੀ ਦਿੰਦੇ ਹੋਏ ਪੈਟਰੋਲ ਪੰਪ ਦੇ ਕਰਿੰਦੇ ਦੇ ਗਲ ਵਿੱਚ ਪਾਇਆ ਪੈਸਿਆਂ ਦਾ ਬੈਗ ਖੋਹ ਲਿਆ। ਜਿਸ ਤੇ ਅਣਪਛਾਤੇ ਵਿਅਕਤੀ ਖਿਲਾਫ ਮੁਕਦਮਾ ਦਰਜ ਕਰਕੇ ਪੁਲਿਸ ਵੱਲੋਂ ਤਫਤੀਸ਼ ਕੀਤੀ ਗਈ ਅਤੇ ਦੋਰਾਨੇ ਤਫਤੀਸ਼ ਉਕਤ ਮੁਕਦਮੇ ਵਿੱਚ ਗੁਰਦੀਪ ਸਿੰਘ ਉਰਫ ਨੋਨੀ ਪੁੱਤਰ ਭਜਨ ਸਿੰਘ ਵਾਸੀ ਜਸੋਵਾਲ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਹ ਕੀਤੇ 18000 ਰੁਪਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਚਾਕੂ ਅਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਕਤ ਗੁਰਦੀਪ ਸਿੰਘ ਦੀ ਪੁੱਛਗਿਛ ਤੇ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਹਰਪਾਲ ਦਾਸ ਪੁੱਤਰ ਨਿਰੰਜਨ ਦਾਸ ਵਾਸੀ ਪਿੰਡ ਜਸੋਵਾਲ ਨੂੰ ਵੀ ਨਾਮਜਦ ਕਰਕੇ ਉਖਤ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋਂ 17000 ਰੁਪਈਏ ਬਰਾਮਦ ਕੀਤੇ ਗਏ ਹਨ। ਐਸਐਸਪੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਤਲਾਹ ਦੇਣ ਵਾਲੇ ਹਰਪਾਲ ਦਾਸ ਨੇ ਆਪਣੇ ਪਿੰਡ ਦੇ ਹੀ ਰਹਿਣ ਵਾਲੇ ਗੁਰਦੀਪ ਸਿੰਘ ਉਕਤ ਨਾਲ ਪਹਿਲਾਂ ਹੀ ਬਣਾਈ ਹੋਈ ਸਾਜਿਸ਼ ਤਹਿਤ ਝੂਠੀ ਲੁੱਟਖੋਹ ਦੀ ਵਾਰਦਾਤ ਨੂੰ ਬਣਾ ਕੇ ਪੁਲਿਸ ਸਾਹਮਣੇ ਪੇਸ਼ ਕੀਤਾ। ਉਹਨਾਂ ਅੱਗੇ ਦੱਸਿਆ ਕਿ ਗਿਰਫਤਾਰ ਕੀਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ। ਉਕਤਾਣ ਦੋਸ਼ੀਆਂ ਪਾਸੋਂ ਇੱਕ ਚਾਕੂ, ਇੱਕ ਮੋਟਰਸਾਈਕਲ ਅਤੇ ਖੋਹ ਕੀਤੇ 35000 ਰੁਪਈਏ ਬਰਾਮਦ ਕੀਤੇ ਗਏ ਹਨ।