ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਵਾਈਸ ਚੇਅਰਮੈਨ ਵਿੱਕੀ ਘਨੌਰ ਨੇ ਕੀਤੀ ਅਚਨਚੇਤ ਬਨੂੜ ਹਸਪਤਾਲ ਦੀ ਚੈਕਿੰਗ
ਮਰੀਜ਼ਾਂ ਦੇ ਫੀਡਬੈਕ ਤੋਂ ਬਾਅਦ ਡਾਕਟਰਾਂ ਤੋਂ ਇਲਾਵਾ ਸਮੂਹ ਸਟਾਫ ਦੀ ਕੀਤੀ ਤਾਰੀਫ ਅਤੇ ਹੌਂਸਲਾ ਅਫਜ਼ਾਈ
ਹਰਜਿੰਦਰ ਸਿੰਘ ਭੱਟੀ
ਬਨੂੰੜ/ਐਸ ਏ ਐਸ ਨਗਰ, 18 ਮਈ 2025- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰ ਜੀਤ ਸਿੰਘ ਵਿੱਕੀ ਘਨੌਰ ਵੱਲੋਂ ਅੱਜ ਅਚਨਚੇਤ ਸਰਕਾਰੀ ਹਸਪਤਾਲ ਬਨੂੜ ਦੀ ਚੈਕਿੰਗ ਕੀਤੀ ਗਈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਾਈਸ ਚੇਅਰਮੈਨ ਪੰਜਾਬ ਵਿੱਕੀ ਘਨੌਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਵੱਲੋਂ ਲਗਾਤਾਰ ਚੰਗੀ ਸਿਹਤ ਸੇਵਾਵਾਂ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਮੇਂ-ਸਮੇਂ ਸਿਰ, ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸਹੂਲਤ ਸੇਵਾਵਾਂ ਮੁਫਤ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਬਨੂੜ ਸਿਵਿਲ ਹਸਪਤਾਲ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਮਰੀਜ਼ਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਨਾਂ ਤੋਂ ਹਸਪਤਾਲ ਦੇ ਸਟਾਫ ਦੇ ਵਤੀਰੇ ਬਾਰੇ ਵੀ ਪੁੱਛਿਆ ਗਿਆ, ਜਿਨ੍ਹਾਂ ਨੇ ਡਾਕਟਰਾਂ ਦੀ ਸ਼ਲਾਘਾ ਕੀਤੀ। ਜਿਸ ਤੋਂ ਬਾਅਦ ਵਾਈਸ ਚੇਅਰਮੈਨ ਵੱਲੋਂ ਡਾਕਟਰਾਂ ਅਤੇ ਸਟਾਫ ਦੀ ਤਾਰੀਫ ਕਰਕੇ ਉਹਨਾਂ ਨੂੰ ਹੌਸਲਾ ਅਫਜ਼ਾਈ ਕੀਤੀ ਗਈ, ਉਥੇ ਹੀ ਐਂਬੂਲੈਂਸ 108 ਦੇ ਡਰਾਈਵਰ ਤੇ ਈ ਐਮ ਟੀ ਨੂੰ ਯੂਨੀਫਾਰਮ ਅਤੇ ਐਂਬੂਲੈਂਸ ਦੀ ਸਫਾਈ ਰੱਖਣ ਦੀ ਸਖ਼ਤ ਹਦਾਇਤ ਕੀਤੀ। ਉਨ੍ਹਾਂ ਡਾਕਟਰਾਂ ਨੂੰ ਕਿਹਾ ਕਿ ਇਸੇ ਤਰ੍ਹਾਂ ਮਰੀਜ਼ਾਂ ਨਾਲ ਪਿਆਰ ਭਰਿਆ ਵਿਵਹਾਰ ਕਰਦੇ ਰਹੋ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਪੰਜਾਬ ਦੇ ਲੋਕਾਂ ਦੀ ਸਿਹਤ ਪ੍ਰਤੀ ਵਧੀਆ ਸਹੂਲਤਾਂ ਦੇਣ ਲਈ ਵਚਨਬੱਧ ਹੈ।