ਡੰਕੀ ਰਸਤੇ ਰਾਹੀਂ ਕੋਲੰਬੀਆ ਤੋਂ ਅਮਰੀਕਾ ਜਾ ਰਹੇ ਬੰਧਕ ਬਣਾਏ 5 ਪੰਜਾਬੀ ਨੌਜਵਾਨਾਂ ਨੂੰ MP ਸਤਨਾਮ ਸਿੰਘ ਸੰਧੂ ਨੇ ਛੁਡਵਾਇਆ
ਕੋਲੰਬੀਆ ’ਚ ਬੰਧਕ ਬਣਾਏ 5 ਪੰਜਾਬੀ ਨੌਜਵਾਨਾਂ ਨੂੰ ਐੱਮਪੀ ਸਤਨਾਮ ਸਿੰਘ ਸੰਧੂ ਵੱਲੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਰਿਹਾਈ ਲਈ ਕੀਤੀ ਅਪੀਲ ਤੋਂ ਬਾਅਦ ਛੁਡਵਾਇਆ
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕੋਲੰਬੀਆ ਵਿਚ ਬੰਧਕ ਬਣਾਏ 5 ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਰਾਹ ਕੀਤਾ ਪੱਧਰਾ
ਐੱਮਪੀ ਸਤਨਾਮ ਸਿੰਘ ਸੰਧੂ ਦਾ ਮਾਮਲਾ ਚੁੱਕਣ ਤੋਂ ਬਾਅਦ ਅਗਵਾਕਾਰਾਂ ਦੀ ਕੈਦ ’ਚੋਂ ਬਚਾਏ ਪੰਜਾਬ ਦੇ 5 ਨੌਜਵਾਨ
ਵਿਦੇਸ਼ ਮੰਤਰਾਲੇ ਨੇ ਕੋਲੰਬੀਆ ’ਚ ਬੰਧਕ ਬਣਾਏ ਨੌਜਵਾਨਾਂ ਨੂੰ ਬਚਾਉਣ ਲਈ ਸਤਨਾਮ ਸਿੰਘ ਸੰਧੂ ਦੀ ਅਪੀਲ ਤੋਂ ਕੀਤੀ ਕਾਰਵਾਈ
ਨੌਜਵਾਨਾਂ ਦੇ ਪਰਿਵਾਰਾਂ ਨਾਲ ਰਾਬਤਾ ਕਾਇਮ ਕਰ ਕੇ ਵਤਨ ਵਾਪਸੀ ਲਈ ਵਿਦੇਸ਼ ਮੰਤਰਾਲੇ ਨੇ ਸ਼ੁਰੂ ਕੀਤੀ ਕਾਰਵਾਈ, ਬੰਧਕਾਂ ਤੋਂ ਛੁਡਵਾਉਣ ਲਈ ਨੌਜਵਾਨਾਂ ਨੇ ਐੱਮਪੀ ਸੰਧੂ ਦਾ ਕੀਤਾ ਧੰਨਵਾਦ
ਚੰਡੀਗੜ੍ਹ/ਮੋਹਾਲੀ, 19 ਮਈ 2025- ਡੰਕੀ ਰਸਤੇ ਰਾਹੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਜਾਂਦਿਆਂ ਕੋਲੰਬੀਆਂ ’ਚ ਸਥਾਨਕ ਗੈਂਗ ਵੱਲੋਂ ਬੰਧਕ ਬਣਾਏ ਪੰਜਾਬ ਦੇ 5 ਨੌਜਵਾਨਾਂ ਨੂੰ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਦੇ ਯਤਨਾ ਸਦਕਾ ਸੁਰੱਖਿਅਤ ਬਚਾ ਲਿਆ ਗਿਆ ਹੈ। ਉਨ੍ਹਾਂ ਨੂੰ ਇਨ੍ਹਾਂ ਨੌਜਵਾਨਾਂ ਦੀ ਜਾਣਕਾਰੀ ਇੱਕ ਵੀਡੀਓ ਸੰਦੇਸ਼ ਰਾਹੀਂ ਮਿਲੀ ਸੀ, ਨੌਜਵਾਨਾਂ ਨੇ ਆਪਣੀ ਮਦਦ ਲਈ ਉਨ੍ਹਾਂ ਨੂੰ ਗੁਹਾਰ ਲਗਾਈ ਸੀ। ਇਨ੍ਹਾਂ ਨੌਜਵਾਨਾਂ ’ਚ ਕਰਨਦੀਪ ਸਿੰਘ ਮੁੰਡੀ, ਰਮਨਦੀਪ ਸਿੰਘ, ਲਵਦੀਪ ਤਿੰਨੋ ਪੰਜਾਬ ਦੇ ਅੰਮਿ੍ਰਤਸਰ ਜ਼ਿਲ੍ਹੇ ਨਾਲ ਸਬੰਧਤ ਹਨ ਤੇ ਰਜਿੰਦਰ ਸਿੰਘ ਮਾੜੀ ਤੇ ਗੁਰਨਾਮ ਸਿੰਘ ਦੋਵੇਂ ਨੌਜਵਾਨ ਜਲੰਧਰ ਨਾਲ ਸਬੰਧਤ ਹਨ।
ਇਸ ਸਬੰਧੀ ਉਨ੍ਹਾਂ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਮਾਮਲੇ ’ਚ ਦਖਲ ਦੇ ਕੇ ਹੱਲ ਕਰਨ ਲਈ ਪੱਤਰ ਲਿਖਿਆ ਸੀ ਕਿ ਕੋਲੰਬੀਆ ਦੇ ਭਾਰਤੀ ਦੂਤਘਰ ਨਾਲ ਸੰਪਰਕ ਕਰ ਕੇ ਨੌਜਵਾਨਾਂ ਨੂੰ ਛੁਡਵਾਇਆ ਜਾਵੇ। ਇਸ ’ਤੇ ਕਾਰਵਾਈ ਅਮਲ ਵਿਚ ਲਿਆਉਂਦਿਆਂ ਕੋਲੰਬੀਆਂ ਦੀ ਪੁਲਿਸ ਨੇ ਨੌਜਵਾਨਾਂ ਨੂੰ ਅਗਵਾਕਾਰਾਂ ਤੋਂ ਸਹੀ ਸਲਾਮਤ ਬਚਾਅ ਲਿਆ ਹੈ ਤੇ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਵੀ ਅਮਲ ਵਿਚ ਲਿਆਈ ਜਾ ਰਹੀ ਹੈ। ਨੌਜਵਾਨਾਂ ਨੇ ਅਗਵਾਕਾਰਾਂ ਤੋਂ ਬਚਾਉਣ ਸੰਸਦ ਮੈਂਬਰ (ਰਾਜ ਸਭਾ) ਵੱਲੋਂ ਕੀਤੇ ਉਪਰਾਲੇ ਲਈ ਧੰਨਵਾਦ ਵੀ ਗਿਆ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਦਸਿਆ ਕਿ ਚਾਰ ਦਿਨ ਪਹਿਲਾਂ ਫਰਾਂਸ ਵਿਚ ਰਹਿਣ ਵਾਲੇ ਮੇਰੇ ਮਿੱਤਰ ਕੁਲਵਿੰਦਰ ਸਿੰਘ ਹਨ, ਜੋ ਕਿ ਪਰਵਾਸੀ ਭਾਰਤੀਆਂ ਦੀ ਸੇਵਾ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ। ਉਨ੍ਹਾਂ ਤੋਂ ਫ਼ੋਨ ਰਾਹੀਂ ਮੈਨੂੰ ਸੂਚਨਾ ਮਿਲੀ ਸੀ ਕਿ ਕੋਲੰਬੀਆਂ ਦੇ ਕਪੂਰਗਾਨਾ ਵਿਖੇ ਪੰਜਾਬ ਦੇ ਕੁੱਝ ਨੌਜਵਾਨ ਹਨ, ਜਿਨ੍ਹਾਂ ਨੂੰ ਅਗਵਾ ਕਰ ਕੇ ਉਥੇ ਬੰਧਕ ਬਣਾ ਕੇ ਰੱਖਿਆ ਹੋਇਆ ਹੈ।ਉਨ੍ਹਾਂ ਨੇ ਮੇਰੇ ਨਾਲ ਕੋਲੰਬੀਆ ਦੇ ਬਾਰਡਰ ਨਾਲ ਲੱਗਦੇ ਇਕਵਾਡੋਰ ਦੇਸ਼ ’ਚ ਰਹਿਣ ਵਾਲੀ ਨਰਿੰਦਰ ਗਿੱਲ ਨਾਲ ਸੰਪਰਕ ਕਰਵਾਇਆ, ਜਿਨ੍ਹਾਂ ਦਾ ਉਥੇ ਤਾਜ ਮਹਿਲ ਨਾਮ ਦਾ ਰੈਸਤਰਾਂ ਹੈ।
ਨਰਿੰਦਰ ਗਿੱਲ ਦੇ ਨਾਲ ਉਹ ਨੌਜਵਾਨ ਲਗਾਤਾਰ ਸੰਪਰਕ ਵਿਚ ਸਨ।ਉਨ੍ਹਾਂ ਦਸਿਆ ਕਿ ਇਥੇ 5 ਦੇ ਕਰੀਬ ਨੌਜਵਾਨ ਹਨ, ਜੋ ਕਿ ਇਥੇ ਫ਼ਸੇ ਹੋਏ ਹਨ, ਜਿਨ੍ਹਾਂ ਵੱਲੋਂ ਮੈਂਨੂੰ ਅਵਾਜ ਤੇ ਵੀਡੀਓ ਸੰਦੇਸ਼ਾਂ ਰਾਹੀਂ ਪਤਾ ਲੱਗਾ ਕਿ ਜਿਨ੍ਹਾਂ ਵੱਲੋਂ ਨੌਜਵਾਨਾਂ ਨੂੰ ਡੰਕੀ ਰਾਹੀਂ ਅਮਰੀਕਾ ਲੈ ਕੇ ਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ, ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ 20 ਹਜ਼ਾਰ ਡਾਲਰਾਂ ਦਾ ਆਪਣੇ ਘਰ ਤੋਂ ਇੰਤਜ਼ਾਮ ਕਰ ਕੇ ਦੇਣ। ਉਸ ਕਰ ਕੇ ਇਨ੍ਹਾਂ ਨੌਜਵਾਨਾਂ ਨੂੰ ਬੰਧਕ ਬਣਾ ਲਿਆ ਗਿਆ ਸੀ ਤੇ ਇਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਸੀ ਤੇ ਨੌਜਵਾਨਾਂ ਦੀ ਜਾਨ ਨੂੰ ਵੀ ਖਤਰਾ ਸੀ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਦਸਿਆ ਕਿ ਨੌਜਵਾਨਾਂ ਦੇ ਮਾਮਲੇ ਦੇ ਸਬੰਧ ਵਿਚ ਉਨ੍ਹਾਂ ਸਾਰੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ, ਜਿਨ੍ਹਾਂ ਵਿਚ 3 ਨੌਜਵਾਨ ਮਾਝੇ ਤੇ 2 ਨੌਜਵਾਨ ਦੋਆਬੇ ਨਾਲ ਸਬੰਧਤ ਸਨ। ਮੇਰੇ ਵੱਲੋਂ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਲਿਖਿਤ ਰੂਪ ’ਚ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਸੀ ਭਾਰਤ ਸਰਕਾਰ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੌਜਵਾਨਾਂ ਨੂੰ ਬੰਧਕ ਬਣਾਉਣ ਵਾਲੇ ਵਿਅਕਤੀਆਂ ਤੋਂ ਛੁਡਵਾਇਆ ਜਾਵੇ ਤੇ ਉਥੋਂ ਦੀ ਲੋਕਲ ਅੰਬੈਸੀ ਨਾਲ ਸੰਪਰਕ ਕਰ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਜਾਵੇ।ਇਸ ਉਪਰੰਤ ਨੌਜਵਾਨਾਂ ਦੀ ਵਤਨ ਵਾਪਸੀ ਦੀ ਵਿਵਸਥਾ ਪਰਿਵਾਰਾਂ ਦੇ ਨਾਲ ਰਾਬਤਾ ਕਾਇਮ ਕਰ ਕੇ ਕੀਤੀ ਜਾਵੇ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਵਲੋਂ ਦਿੱਤੀ ਜਾਣਕਾਰੀ ਉਪਰੰਤ ਭਾਰਤ ਸਰਕਾਰ ਦੇ ਇਸ ਮਾਮਲੇ ’ਚ ਕਰਵਾਈ ਕਰਦਿਆਂ ਪੰਜਾਬ ਦੇ ਪੰਜੇ ਨੌਜਵਾਨਾਂ ਨੂੰ ਬੰਧਕਾਂ ਤੋਂ ਛੁਡਵਾ ਲਿਆ ਗਿਆ ਹੈ। ਸੰਧੂ ਨੇ ਕਿਹਾ ਕਿ ਇਹ ਕੋਈ ਇੱਕ ਘਟਨਾ ਨਹੀਂ ਹੈ ਬਲਕਿ ਇਸ ਦੀ ਲੜੀ ਚੱਲ ਰਹੀ ਹੈ। ਇਨ੍ਹਾਂ ਨੌਜਵਾਨਾਂ ਤੋਂ ਲੱਖਾਂ ਰੁਪਏ ਲੈ ਕੇ ਏਜੰਟਾਂ ਵੱਲੋਂ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਅਮਰੀਕਾ ਪੁੱਜੇ ਹੀ ਨਹੀਂ ਬਲਕਿ ਅੱਧ ਵਿਚਕਾਰ ਫਸ ਗਏ। ਸਾਡੇ ਪੰਜਾਬ ਵਿਚ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਅੱਜ ਵੀ ਸਾਡੇ ਭੋਲੇ ਭਾਲੇ ਪੰਜਾਬੀ ਲੋਕ ਹਨ ਉਹ ਸੋਚਦੇ ਹਨ ਸਾਡੇ ਬੱਚੇ ਬਾਹਰ ਜਾ ਕੇ ਖੁਸ਼ਹਾਲੀ ਲੈ ਕੇ ਆਉਣਗੇ। ਅਸੀਂ ਉਨ੍ਹਾਂ ਨੂੰ ਦੋਸ਼ ਨਹੀਂ ਦੇ ਸਕਦੇ ਕਿਉਂਕਿ ਜਾਗਰੂਕਤਾ ਦੀ ਘਾਟ ਹਮੇਸ਼ਾ ਰਹੇਗੀ। ਪਰੰਤੂ ਇਸ ਦੀ ਵਿਵਸਥਾ ਕਰਨ ਦੀ ਜਿੰਮੇਂਵਾਰੀ ਸਾਡੀਆਂ ਸਰਕਾਰਾਂ ਦੀ ਬਣਦੀ ਹੈ ਕਿ ਅਸੀਂ ਅਜਿਹੀ ਮਿਸਾਲੀ ਸਜ਼ਾ ਦਈਏ ਕਿ ਅਜਿਹੇ ਏਜੰਟਾਂ ਨੂੰ ਅਜਿਹੀ ਧੋਖਾਧੜੀ ਕਰਨ ਤੋਂ ਪਹਿਲਾਂ ਡਰ ਹੋਣਾ ਚਾਹੀਦਾ ਹੈ। ਬੰਧਕਾਂ ਤੋਂ ਛੁਡਾਏ ਨੌਜਵਾਨਾਂ ਨੇ ਅੰਤ ਵਿਚ ਵੀਡੀਓ ਜਾਰੀ ਕਰਦਿਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਹ ਹੁਣ ਸੁਰੱਖਿਅਤ ਹਨ, ਜਿਸ ਲਈ ਉਹ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਦੇ ਬਹੁਤ ਧੰਨਵਾਦੀ ਹਨ।