ਪੰਜਾਬੀ ਯੂਨੀਵਰਸਿਟੀ ਵਿਖੇ 'ਜੰਗ, ਸ਼ਾਂਤੀ ਅਤੇ ਭਰਮ: ਲਿੰਗਕ ਮੁੱਦੇ' ਸਿਰਲੇਖ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
ਪਟਿਆਲਾ, 19 ਮਈ 2025- ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਪਿਛਲੇ ਦਿਨੀਂ 'ਜੰਗ, ਸ਼ਾਂਤੀ ਅਤੇ ਭਰਮ: ਲਿੰਗਕ ਮੁੱਦੇ' ਸਿਰਲੇਖ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਤੋਂ ਸੁਰੱਖਿਆ ਅਤੇ ਰਣਨੀਤੀ ਅਧਿਐਨ ਮਾਹਿਰ ਡਾ. ਹਰਸੰਗੀਤ ਪਾਲ ਕੌਰ ਨੇ ਇਸ ਮੌਕੇ ਦਿੱਤੇ ਆਪਣੇ ਭਾਸ਼ਣ ਦੌਰਾਨ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਵੱਖ-ਵੱਖ ਰਾਸ਼ਟਰਾਂ ਲਈ ਯੁੱਧ ਅਤੇ ਸ਼ਾਂਤੀ ਦੇ ਸਮੇਂ ਵਿੱਚ ਸ਼ਾਮਲ ਬਹੁ-ਪੱਖੀ ਸਮਾਜਿਕ-ਰਾਜਨੀਤਿਕ ਚੁਣੌਤੀਆਂ ਅਤੇ ਆਮ ਜਨਤਾ ਤੋਂ ਲੈ ਕੇ ਮੀਡੀਆ ਤੱਕ ਸਮਝੇ ਜਾਂਦੇ ਵੱਖ-ਵੱਖ ਭਰਮਾਂ ਨੂੰ ਸਾਹਮਣੇ ਲਿਆਂਦਾ। 'ਆਪ੍ਰੇਸ਼ਨ ਸਿੰਦੂਰ' ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਔਰਤਾਂ ਦੀ ਭੂਮਿਕਾ ਦੇ ਸੰਦਰਭ ਵਿੱਚ ਵਿਸ਼ੇਸ਼ ਟਿੱਪਣੀਆਂ ਕੀਤੀਆਂ।
ਸੋਸ਼ਲ ਵਰਕ ਵਿਭਾਗ ਦੇ ਉੱਨਤ ਭਾਰਤ ਅਭਿਆਨ ਤੋਂ ਪ੍ਰੋ. ਹਰਦੀਪ ਕੌਰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦ੍ਰਿਸ਼ਟੀਕੋਣ ਤੋਂ ਇਸ ਵਿਸ਼ੇ ਉੱਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਸੈਨਿਕ ਬਲਾਂ ਦੇ ਯੋਗਦਾਨ ਪ੍ਰਤੀ ਉਨ੍ਹਾਂ ਦੀਆਂ ਧਾਰਨਾਵਾਂ ਬਾਰੇ ਜਾਗਰੂਕ ਕੀਤਾ।
ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ ਨੇ ਲਿੰਗ, ਉਮਰ ਅਤੇ ਸਮਾਜਿਕ-ਆਰਥਿਕ ਪੱਧਰ ਦੇ ਵਿਅਕਤੀਆਂ ਉੱਤੇ ਯੁੱਧ ਦੇ ਮਨੋਵਿਗਿਆਨਕ ਪ੍ਰਭਾਵ ਬਾਰੇ ਚਰਚਾ ਕੀਤੀ। ਇਸ ਸੈਸ਼ਨ ਦਾ ਸੰਚਾਲਨ ਇਸ ਕੇਂਦਰ ਦੇ ਅਧਿਆਪਕ ਡਾ. ਸੁਖਵਿੰਦਰ ਸਿੰਘ ਅਤੇ ਡਾ. ਅਮਨਦੀਪ ਕੌਰ ਵੱਲੋਂ ਕੀਤਾ ਗਿਆ।