ਪੈਨਸ਼ਨਰ ਐਸੋਸੀਏਸ਼ਨ ਵੱਲੋਂ ਪਾਵਰਕੌਮ ਪ੍ਰਬੰਧਕਾਂ ਖਿਲਾਫ਼ ਮੁੱਖ ਦਫਤਰ ਪਟਿਆਲਾ ਦਾ ਘਿਰਾਓ 22 ਮਈ ਨੂੰ
ਅਸ਼ੋਕ ਵਰਮਾ
ਬਰਨਾਲਾ, 19 ਮਈ 2025:ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੇ 1-1-16 ਤੋਂ 30-6-21 ਤੱਕ ਦਾ ਪੇ ਸਕੇਲਾਂ ਦਾ ਬਕਾਇਆ ਆਪਣੇ ਵੱਲੋਂ ਹੀ ਤਹਿ ਕੀਤੇ ਗਏ ਸ਼ਡਿਊਲ ਅਨੁਸਾਰ ਨਾ ਦੇਣ ਦੇ ਰੋਸ ਵਜੋਂ ਸੂਬਾ ਕਮੇਟੀ ਵੱਲੋਂ ਸੰਘਰਸ਼ ਦੇ ਉਲੀਕੇ ਗਏ 22 ਮਈ ਨੂੰ ਮੁੱਖ ਦਫਤਰ ਰੋਡ ਪਟਿਆਲਾ ਦੇ ਘਿਰਾਓ ਦੀ ਤਿਆਰੀ ਲਈ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਵੱਲੋਂ ਸਾਂਝੇ ਤੌਰ 'ਤੇ ਜੱਗਾ ਸਿੰਘ ਧਨੌਲਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਸ਼ਿੰਦਰ ਸਿੰਘ ਧੌਲਾ, ਰੂਪ ਚੰਦ ਤਪਾ, ਸਿਕੰਦਰ ਸਿੰਘ, ਗੁਰਚਰਨ ਸਿੰਘ, ਬਲਵੰਤ ਸਿੰਘ, ਗੌਰੀ ਸ਼ੰਕਰ, ਜਗਦੀਸ਼ ਸਿੰਘ ਨਾਈਵਾਲਾ, ਤੀਰਥ ਦਾਸ, ਜਗਰਾਜ ਸਿੰਘ, ਗੁਰਜੰਟ ਸਿੰਘ ਧਨੌਲਾ, ਤਰਸੇਮ ਦਾਸ ਬਾਵਾ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਲਗਾਤਾਰ ਟਾਲਮਟੋਲ ਦੀ ਨੀਤੀ ਤੇ ਚਲਦਿਆਂ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ। ਇਹ ਕੋਈ ਪਹਿਲੀ ਵਾਰ ਨਹੀਂ ਸਗੋਂ ਪ੍ਰਬੰਧਕਾਂ ਵੱਲੋਂ ਅਨੇਕਾਂ ਵਾਰ ਅਜਿਹਾ ਕੀਤਾ ਗਿਆ ਹੈ
ਆਗੂਆਂ ਕਿਹਾ ਕਿ ਹੁਣ ਵੀ 01-01-2016 ਤੋਂ ਲਾਗੂ ਕੀਤੇ ਤਨਖ਼ਾਹ ਸਕੇਲਾਂ ਨੂੰ 9 ਸਾਲ ਤੋਂ ਵੱਧ ਦਾ ਸਮਾਂ ਬੀਤਣ ਉਪਰੰਤ ਵੀ ਪੰਜ ਸਾਲ 6 ਮਹੀਨੇ ਦਾ ਬਕਾਇਆ ਦੇਣ ਤੋਂ ਆਨੇ ਬਹਾਨੇ ਭੱਜਣਾ ਚਾਹੁੰਦੀ ਹੈ। ਪਾਵਰਕੌਮ ਦੇ ਪੈਨਸ਼ਨਰਜ਼ ਅਤੇ ਮੁਲਾਜ਼ਮ ਮਨੇਜਮੈਂਟ ਦੀ ਇਸ ਚਾਲ ਨੂੰ ਭਲੀ ਭਾਂਤ ਸਮਝਦੇ ਹਨ। ਮਨੇਜਮੈਂਟ ਨੂੰ ਕਿਸੇ ਵੀ ਸੂਰਤ ਵਿੱਚ ਆਪਣੇ ਕੀਤੇ ਵਾਅਦੇ ਤੋਂ ਭੱਜਣ ਨਹੀਂ ਦੇਣਗੇ। ਇਸ ਮੀਟਿੰਗ ਸਮੇਂ ਬਹਾਦਰ ਸਿੰਘ, ਤੀਰਥ ਦਾਸ, ਜੀਤ ਸਿੰਘ, ਜਨਕ ਸਿੰਘ, ਬਲਦੇਵ ਸਿੰਘ, ਗੁਰਜੰਟ ਸਿੰਘ, ਸੁਖਜਿੰਦਰ ਸਿੰਘ, ਗੁਰਚਰਨ ਸਿੰਘ, ਜਗਰਾਜ ਸਿੰਘ, ਰਾਜਪਤੀ, ਰੁਲਦੂ ਸਿੰਘ ਆਦਿ ਆਗੂ ਹਾਜਰ ਸਨ। 22 ਮਈ ਨੂੰ ਬੱਸ ਰਾਹੀਂ ਤਪਾ ਤੋਂ ਸਵੇਰੇ 6-30 ਵਜੇ, ਮੰਡਲ ਦਫਤਰ ਧਨੌਲਾ ਰੋਡ ਬਰਨਾਲਾ ਤੋਂ 07-00 ਵਜੇ, ਧਨੌਲਾ ਤੋਂ ਸਵੇਰੇ 7.20 ਵਜੇ ਧਨੌਲਾ ਤੋਂ ਪਟਿਆਲਾ ਲਈ ਰੂਪ ਚੰਦ ਤਪਾ ਅਤੇ ਜੱਗਾ ਸਿੰਘ ਧਨੌਲਾ ਦੀ ਅਗਵਾਈ ਵਿੱਚ ਕਾਫਲੇ ਰਵਾਨਾ ਹੋਣਗੇ।