ਬਿਜਲੀ ਮੰਤਰੀ ਨੇ ਤਲਵੰਡੀ ਸਾਬੋ ਅਤੇ ਲਹਿਰਾ ਮੁਹੱਬਤ ਥਰਮਲ ਪਲਾਟਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ
ਅਸ਼ੋਕ ਵਰਮਾ
ਬਠਿੰਡਾ, 6 ਮਈ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਜਿੱਥੇ ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਯਤਨਸ਼ੀਲ ਹੈ, ਉੱਥੇ ਹੀ ਸੂਬਾ ਸਰਕਾਰ ਵਲੋਂ ਝੋਨੇ ਅਤੇ ਗਰਮੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਬਠਿੰਡਾ ਜ਼ੋਨ ਦੇ ਬਿਜਲੀ ਖਪਤਕਾਰਾਂ ਨੂੰ 200 ਕੇ.ਵੀ ਦੀਆਂ 64 ਮੋਬਾਇਲ ਟਰਾਂਸਫਾਰਮਰ ਵੈਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਬਿਜਲੀ ਸਪਲਾਈ ਸਬੰਧੀ ਕਿਸੇ ਤਰ੍ਹਾਂ ਦੀ ਸਮੱਸਿਆ ਦਰਪੇਸ਼ ਨਾ ਆਵੇ। ਇਹ ਜਾਣਕਾਰੀ ਬਿਜਲੀ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈਟੀਓ ਨੇ ਬਠਿੰਡਾ ਜ਼ੋਨ ਦੇ 7 ਜ਼ਿਲ੍ਹਿਆਂ ਬਠਿੰਡਾ, ਮਾਨਸਾ, ਮੋਗਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਨਾਲ ਸਬੰਧਤ ਪੀ.ਐਸ.ਪੀ.ਸੀ.ਐਲ ਦੇ ਉੱਚ ਅਧਿਕਾਰੀਆਂ ਨਾਲ ਸਥਾਨਕ ਲੇਕ ਵਿਊ ਗੈਸਟ ਹਾਊਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਾਂਝੀ ਕੀਤੀ। ਇਸ ਉਪਰੰਤ ਉਨ੍ਹਾਂ ਵੱਲੋਂ ਤਲਵੰਡੀ ਸਾਬੋ ਅਤੇ ਲਹਿਰਾ ਮੁਹੱਬਤ ਥਰਮਲ ਪਲਾਟਾਂ ਦਾ ਦੌਰਾ ਕਰਕੇ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸਰਦੂਲਗੜ੍ਹ ਸ. ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਦੌਰਾਨ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਬਠਿੰਡਾ ਜ਼ੋਨ ਨਾਲ ਸਬੰਧਤ ਖਪਤਕਾਰਾਂ ਨੂੰ ਤੋਹਫ਼ਾ ਦਿੰਦਿਆਂ ਦੱਸਿਆ ਕਿ ਮੁਹੱਈਆ ਕਰਵਾਈਆਂ ਜਾਣ ਵਾਲੀਆਂ 64 ਮੋਬਾਈਲ ਟਰਾਂਸਫਾਰਮਰ ਵੈਨਾਂ ਦਾ ਮੁੱਖ ਮੰਤਵ ਹੈ ਕਿ ਜਿੱਥੇ ਕਿਤੇ ਵੀ ਟਰਾਂਸਫਰਮਰ ਦੇ ਸੜਨ ਜਾਂ ਹੋਰ ਤਕਨੀਕੀ ਕਾਰਣ ਕਰਕੇ ਸਪਲਾਈ ਚ ਰੁਕਾਵਟ ਆਉਂਦੀ ਹੈ ਤਾਂ ਉਥੇ ਤੁਰੰਤ ਇਹ ਮੋਬਾਈਲ ਵੈਨਾਂ ਰਾਹੀਂ ਕੁਝ ਕੁ ਮਿੰਟਾਂ ਵਿੱਚ ਬਿਜਲੀ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਜਦੋਂ ਤੱਕ ਉਸ ਥਾਂ 'ਤੇ ਨਵਾਂ ਟਰਾਂਸਫਾਰਮਰ ਨਹੀਂ ਰੱਖ ਦਿੱਤਾ ਜਾਂਦਾ ਜਾਂ ਪਹਿਲਾਂ ਵਾਲੇ ਟਰਾਂਸਫਾਰਮਰ ਨੂੰ ਰਿਪੇਅਰ ਨਹੀਂ ਕਰ ਦਿੱਤਾ ਜਾਂਦਾ ਤਦ ਤੱਕ ਇਹ ਸਪਲਾਈ ਇਸੇ ਤਰ੍ਹਾਂ ਹੀ ਚਾਲੂ ਰਹੇਗੀ ਤਾਂ ਜੋ ਬਿਜਲੀ ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ।
ਇਸ ਮੌਕੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਬਠਿੰਡਾ ਜ਼ੋਨ ਲਈ ਗਰਮੀ ਅਤੇ ਝੋਨੇ ਦੇ ਸੀਜਨ ਦੇ ਮੱਦੇਨਜ਼ਰ ਸਾਰੇ ਉਚਿਤ ਪ੍ਰਬੰਧ ਮੁਕੰਮਲ ਹਨ ਅਤੇ ਬਿਜਲੀ ਦੀ ਸਪਲਾਈ 'ਚ ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਝੋਨੇ ਅਤੇ ਗਰਮੀ ਦੇ ਸੀਜਨ ਨੂੰ ਮੁੱਖ ਰੱਖਦਿਆਂ ਥਰਮਲ ਪਲਾਂਟਾਂ 'ਤੇ ਕੋਲੇ ਦੇ ਭੰਡਾਰ ਉਪਲਬਧ ਹਨ। ਇਸ ਮੌਕੇ ਉਨਾਂ ਕਿਹਾ ਕਿ ਬਿਜਲੀ ਵਿਭਾਗ ਸੋਲਰ ਐਨਰਜੀ ਨੂੰ ਪੂਰੀ ਤਰ੍ਹਾਂ ਵਢਾਵਾ ਦੇ ਰਿਹਾ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਨੇ ਪੀ.ਐਸ.ਪੀ.ਐਸ.ਐਲ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਕਰਮਚਾਰੀਆਂ ਨੂੰ ਫਸਟ ਏਡ ਕਿੱਟ ਦੇਣੀ ਯਕੀਨੀ ਬਣਾਈ ਜਾਵੇ। ਉਹਨਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਨਵੇਂ ਬਿਜਲੀ ਕਨੈਕਸ਼ਨ ਕੇਸਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਢਿੱਲਮੱਠ ਨਾ ਵਰਤੀ ਜਾਵੇ ਅਤੇ ਆਮ ਲੋਕਾਂ ਨੂੰ ਸਮੇਂ-ਸਿਰ ਬਿਜਲੀ ਕਨੈਕਸ਼ਨ ਜਾਰੀ ਕਰਨੇ ਅਤੇ ਨਿਰਵਿਘਨ ਬਿਜਲੀ ਦੇਣੀ ਯਕੀਨੀ ਬਣਾਈ ਜਾਵੇ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਤਲਵੰਡੀ ਸਾਬੋ ਅਤੇ ਲਹਿਰਾ ਮੁਹੱਬਤ ਦੇ ਥਰਮਲ ਪਲਾਟਾਂ ਦਾ ਦੌਰਾ ਕਰਕੇ ਯੂਨਿਟਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਹਨਾਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਦੇ ਮੱਦੇਨਜ਼ਰ ਬੂਟਾ ਵੀ ਲਗਾਇਆ।
ਇਸ ਮੌਕੇ ਉਨ੍ਹਾਂ ਦੇ ਨਾਲ ਸੀ.ਐਮ.ਡੀ, ਪੀ.ਐਸ.ਪੀ.ਸੀ.ਐਲ ਪਟਿਆਲਾ ਸ਼੍ਰੀ ਅਜੋਏ ਕੁਮਾਰ ਸਿਨਹਾ (ਆਈ.ਏ.ਐਸ.), ਡਾਇਰੈਕਟਰ ਡਿਸਟੀਬਿਊਸ਼ਨ ਇੰਦਰਪਾਲ ਸਿੰਘ, ਡਾਇਰੈਕਟਰ ਫਾਇਨਾਸ ਐਸ.ਕੇ.ਬੈਰੀ, ਡਾਇਰੈਕਟਰ ਜਨਰੇਸ਼ਨ ਹਰਜੀਤ ਸਿੰਘ, ਚੀਫ਼ ਇੰਜੀਨੀਅਰ ਵੈਸਟ ਹਰਪ੍ਰਵੀਨ ਸਿੰਘ ਬਿੰਦਰਾ ਤੋਂ ਇਲਾਵਾ ਬਠਿੰਡਾ ਜ਼ੋਨ ਨਾਲ ਸਬੰਧਤ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।