" ਜਦੋਂ ਭਾਂਡਾ ਤਿਆਗਤਾ... ਅਵਾਮੀ ਕਹਾਣੀਕਾਰ -ਭੂਰਾ ਸਿੰਘ ਕਲੇਰ ਦੇ ਜਨਮ ਦਿਵਸ ਤੇ ਵਿਸ਼ੇਸ਼
ਲੇਖਿਕਾ ਅੰਮ੍ਰਿਤਾ ਕਲੇਰ
ਅਵਾਮੀ ਕਹਾਣੀਕਾਰ ਭੂਰਾ ਸਿੰਘ ਕਲੇਰ (ਮੇਰੇ ਪਾਪਾ) ਆਪਣੀ 74 ਸਾਲ ਦੀ ਉਮਰ ਵਿੱਚ, ਨਾ ਮੁਰਾਦ ਬਿਮਾਰੀ ਨਾਲ ਜੂਝਦੇ ਹੋਏ , ਤਾਅ ਉਮਰ ਭੁੱਖ, ਨੰਗ ਤੇ ਗਰੀਬੀ ਨਾਲ ਘੁਲ਼ਦੇ ਹੋਏ , ਅਤੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਝੱਲਦੇ ਹੋਏ , 14 ਅਗਸਤ 2020 ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੁੰਦੇ ਹਨ। ਪਾਪਾ , ਸਮਾਜ ਦੀ ਖਿੱਚੀ ਲਛਮਣ ਰੇਖਾ ਤੋਂ ਹਾਸ਼ੀਆਗ੍ਰਸਤ ਪਰਿਵਾਰ ਵਿੱਚ
06 ਮਈ 1944 ਨੂੰ ਪੈਦਾ ਹੋਏ। ਉਹਨਾਂ ਨੇ ਆਪਣਾ ਬਚਪਨ ਆਪਣੇ ਨਾਨਕੇ ਪਿੰਡ ਕਣਕਵਾਲ ਵਿਖੇ ਗੁਜ਼ਾਰਿਆ। ਉਹਨਾਂ ਦਾ ਬਚਪਨ ਕੁਦਰਤ ਦੀ ਗੋਦ ਵਿੱਚ ਰਾਜਕੁਮਾਰਾਂ ਵਰਗਾ ਸੀ। ਉਹਨਾਂ ਦੇ ਨਾਨਾ ਜੀ ਸ. ਦਸੌਂਧਾ ਸਿੰਘ ਨੇ ਉਹਨਾਂ ਦੇ ਮਨ ਵਿੱਚ ਆਤਮ ਵਿਸ਼ਵਾਸ ਕੁੱਟ ਕੁੱਟ ਕੇ ਭਰ ਦਿੱਤਾ ਸੀ। ਇਹ ਬਚਪਨ ਦਾ ਆਤਮ ਵਿਸ਼ਵਾਸ ਹੀ ਸੀ , ਕਿ ਪਾਪਾ ਨੇ ਕਦੇ ਵੀ ਕਿਸੇ ਦੀ ਈਨ ਨਹੀਂ ਸੀ ਮੰਨੀ। ਹਮੇਸ਼ਾ ਹੀ ਆਪਣੀ ਸੱਚੀ ਗੱਲ ਉੱਤੇ ਅਡਿੱਗ ਰਹੇ। ਪਾਪਾ ਸਾਰੀ ਉਮਰ ਆਪਣੀ ਸਾਫ਼ ਸੁਥਰੀ ਜ਼ਿੰਦਗੀ ਜਿਉਂਏ। ਉਹਨਾਂ ਨੇ ਆਪਣੇ ਜੀਵਨ ਵਿੱਚ ਕਦੇ ਕਿਸੇ ਨਾਲ਼ ਧੋਖਾ , ਬੇਈਮਾਨੀ ਜਾਂ ਬੇਵਫ਼ਾਈ ਨਹੀਂ ਸੀ ਕੀਤੀ। ਉਹ ਕਦੇ ਕਿਸੇ ਅੱਗੇ ਝਿਪੇ ਨਹੀਂ ਸਨ। ਆਪਣੀ ਗੱਲ ਕਹਿਣ ਲੱਗੇ ਮਿੰਟ ਲਾਉਂਦੇ। ਉਸਦਾ ਨਤੀਜਾ ਜੋ ਮਰਜ਼ੀ ਹੁੰਦਾ।
ਮੈਨੂੰ ਬਸ ਥੋੜ੍ਹਾ ਥੋੜ੍ਹਾ ਯਾਦ ਹੈ। ਅਸੀਂ ਉਦੋਂ ਮਾਸਟਰਾਂ ਵਾਲੇ ਘਰ ਕਿਰਾਏ ਤੇ ਰਹਿੰਦੇ ਹੁੰਦੇ ਸਾਂ। ਮੈਂ ਬਹੁਤ ਛੋਟੀ ਸਾਂ। ਸਾਡੇ ਮੁਹੱਲੇ ਵਿੱਚੋਂ ਪਾਪਾ ਹੀ ਬਹੁਤ ਪੜ੍ਹੇ ਲਿਖੇ ਸਨ। ਪਾਪਾ ਨੂੰ ਮਹਾਰਿਸ਼ੀ ਬਾਲਮੀਕ ਦੇ ਜਨਮ ਦਿਵਸ ਉੱਤੇ ਬੁਲਾਇਆ ਗਿਆ। ਉਥੇ ਉਹ ਮਹਾਰਿਸ਼ੀ ਬਾਲਮੀਕ ਜੀ ਦੀ ਉਸਤਤ ਵਿੱਚ ਕਾਫੀ ਲੰਬਾ ਬੋਲੇ। ਵਿਚਕਾਰ ਹੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਵੀ ਕਿਰਤ ਕਰਨ ਲਈ ਬੋਲੇ। ਉਸ ਸਮਾਗਮ ਵਿੱਚ ਸਾਡੇ ਪਿੰਡ ਦੇ ਬਹੁਤ ਸਾਰੇ ਪਤਵੰਤੇ ਸੱਜਣ ਵੀ ਆਏ ਹੋਏ ਸਨ। ਉਹਨਾਂ (ਪਾਪਾ ) ਨੇ ਪਖੰਡਵਾਦ ਦੀ ਵਿਰੋਧਤਾ ਕੀਤੀ ਅਤੇ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਦੇ ਅਸਲੀ ਅਰਥਾਂ ਵੱਲ ਇਸ਼ਾਰਾ ਕੀਤਾ । ਉਹਨਾਂ ਸਾਰੇ ਪਿੰਡ ਦੇ ਰਸੂਖਦਾਰ ਲੋਕਾਂ ਨੇ ਪਾਪਾ ਦੀ ਵਿਦਵਤਾ ਦੀ ਕਾਫੀ ਸ਼ਲਾਘਾ ਕੀਤੀ । ਪਰ ਕੁਝ ਲੋਕਾਂ, (ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ) ਵਿੱਚ ਈਰਖਾ ਦੀ ਭਾਵਨਾ ਦਾ ਆਉਣਾ ਸੁਭਾਵਕ ਹੀ ਸੀ। ਉਹਨਾਂ ਨੇ ਪਾਪਾ ਦੇ ਬੋਲਣ ਤੋਂ ਬਾਅਦ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੱਤਾ। ਗੱਲ ਹੁੰਦੀ -ਹਵਾਉਂਦੀ ਪਾਪਾ ਕੋਲ਼ ਵੀ ਪਹੁੰਚ ਗਈ। ਉਹ ਕਹਿਣ ਲੱਗੇ ਕਿ ਜੋ ਤੁਸੀਂ ਬੋਲਿਆ, ਮਾਫ਼ੀ ਮੰਗੋ। ਪਾਪਾ ਕਹਿਣ ਕਿ ਮੈਂ ਜੋ ਕਿਹਾ, ਸਹੀ ਕਿਹਾ, ਅਤੇ ਅੱਗੇ ਤੋਂ ਵੀ ਕਹਾਂਗਾ ।ਇਹ ਸਾਡੇ ਗੁਰੂ ਸਾਹਿਬਾਨਾਂ ਦੀ ਵੀ ਇਹ ਸਿੱਖਿਆ ਹੈ ਕਿ 'ਕਰਮ ਕਰੋ, ਵੰਡ ਛਕੋ ,ਨਾਮ ਜਪੋ '। ਪਾਪਾ ਆਪਣੀ ਗੱਲ ਤੇ ਅੜੇ ਰਹੇ। ਗੁਰੂ ਰਵਿਦਾਸ ਜੀ ਦੇ ਦੇ ਪੈਰੋਕਾਰਾਂ ਨੇ ਸਾਰੇ ਭਾਈਚਾਰੇ ਦਾ ਗੁਰਦੁਆਰੇ ਇਕੱਠ ਬੁਲਾ ਲਿਆ। ਮੂਹਰਲੇ ਘੜੰਮ ਚੌਧਰੀਆਂ ਨੇ ਸਾਡਾ ਭਾਂਡਾ ਤਿਆਗ ਦਿੱਤਾ। ਭਾਵ ਖੁਸ਼ੀ ਗਮੀ ਨਾ ਉਹ ਸਾਡੇ ਆਉਣਗੇ ਤੇ ਨਾ ਅਸੀਂ ਉਹਨਾਂ ਦੇ ਜਾਵਾਂਗੇ। ਮਾਂ ਅਨਪੜ੍ਹ ਹੋਣ ਕਰਕੇ ਉਸ ਉੱਤੇ ਇਸ ਘਟਨਾ ਦਾ ਬਹੁਤ ਅਸਰ ਹੋਇਆ। ਪਾਪਾ ਨੇ ਕੋਈ ਪਰਵਾਹ ਨਾ ਕੀਤੀ। ਸਾਡੇ ਗਵਾਂਢ ਵਿੱਚ, ਮੇਰੇ ਦਾਦੀ ਦੇ ਥਾਂ ਲੱਗਦੀ ਸੀ 'ਅੰਬੋ ਕਰਤਾਰੋ'। ਅੰਬੋ ਦਾ ਸਵਾ ਛੇ ਫੁੱਟ ਕੱਦ। ਐਡੀ ਉੱਚੀ ਲੰਮੀ। ਬੰਦਿਆਂ ਵਰਗੀ ਆਵਾਜ਼ ।ਸਧਾਰਨ ਵੀ ਬੋਲਦੀ, ਤਾਂ ਇਉਂ ਲੱਗਦਾ ਜਿਵੇਂ ਲੜਦੀ ਹੋਵੇ। ਇੱਕ ਦਿਨ ਆਥਣੇ, ਮੈਂ ਪਾਪਾ ਦੀ ਉਂਗਲ ਫੜੀ ਹੋਈ ਤੇ ਮੇਰੀ ਮਾਂ ਦਰਵਾਜੇ ਤੇ ਖੜ੍ਹੇ ਸਾਂ। ਗਲ਼ੀ ਵਿਚੋਂ ਅੰਬੋ ਕਰਤਾਰੋ ਵੀ ਆ ਗਈ। ਉਹਨੇ ਉੱਚੀ ਆਵਾਜ਼ ਵਿੱਚ ਕਿਹਾ, " ਵੇ ਭੂਰਿਆ, ਕਿਵੇਂ ਸਾਰਾ ਟੱਬਰ ਕੱਠੇ ਹੋਏ ਖੜ੍ਹੇ ਓਂ ? ਸੁੱਖ ਤਾਂ ਹੈ?"
"ਹਾਂ ਤਾਈ, ਊਈਂ ਖੜ੍ਹੇ ਆਂ।" ਪਾਪਾ ਤਾਂ ਇੰਨਾ ਕਹਿ ਕੇ ਅੰਦਰ ਚਲੇ ਗਏ। ਮੈਂ ਤੇ ਮਾਂ ਉੱਥੇ ਹੀ ਖੜ੍ਹੀਆਂ ਰਹੀਆਂ। ਅੰਬੋ ਨੇ ਬਾਹਲ਼ਾ ਹੀ ਗੁੱਸਾ ਕੀਤਾ।
"ਕਿਉਂ ਕੁੜੇ ਰਣਜੀਤ ਕੁਰੇ , ਭੂਰਾ ਮੇਰੇ ਨਾਲ ਗੁੱਸੇ ਆ? , ਚਾਹ ਦਾ ਵੀ ਨਾਂ ਨੀ ਲਿਆ ।"
"ਨਹੀਂ ਬੇਬੇ, ਗੁੱਸੇ ਤਾਂ ਕਾਹਨੂੰ ਆਂ , ਉਹਨੂੰ ਹੋਊ ਵੀ ਤੁਸੀਂ ਸਾਡੇ ਘਰ ਦੀ ਚਾਹ ਨੀ ਪੀਣੀ।"
"ਕਿਉਂ ਕੁੜੇ, ਇਹੋ ਜਾ ਕੀ ਹੋ ਗਿਆ?"ਅੰਬੋ ਨੇ ਡਾਹਢੀ ਹੈਰਾਨੀ ਨਾਲ ਮਾਂ ਵੱਲ ਵੇਖਿਆ।
"ਬੇਬੇ ਤੈਨੂੰ ਨੀ ਪਤਾ, ਆਹ ਦਸ ਕੁ ਦਿਨ ਹੋਏ ਸਾਡਾ ਭਾਂਡਾ ਤਿਆਗਤਾ।"
"ਨੀ ਹੈਂ! ਦੁਰ ਫਿੱਟੇ ਮੂੰਹ, ਫੋਟ, ਮੈਂ ਤਾਂ ਕੁੜੀ ਕੋਲੇ ਗਈ ਹੋਈ ਸੀ, ਹਜੇ ਕੱਲ੍ਹ ਹੀ ਆਈ ਆਂ। ਨਾ ਕੀਹਨੇ ਭਾਂਡਾ ਤਿਆਗਤਾ, ਹੁਣੇ ਦੱਸ , ਮੇਰੇ ਪਿਓ ਦੇ ਸਾਲ਼ੇ ਦੀ ਪੱਟਾਂ ਮੈਂ ਦਾੜ੍ਹੀ। ਮਸਾ ਸੌ ਸੁੱਖਣਾ ਦਾ ਸਾਡੇ ਵਿਹੜੇ ਦਾ ਇੱਕ ਪਾੜਾ ਮੁੰਡਾ।"
ਅੰਬੋ ਨੇ ਮਾਂ ਦੀ ਬਾਂਹ ਫੜੀ ਅਤੇ ਪਾਪਾ ਦੇ ਮਗਰੇ ਆ ਗਈ।
"ਵੇ ਭੂਰਿਆ, ਤੂੰ ਮੈਨੂੰ ਦੱਸਿਆ ਕਿਉਂ ਨਾ ਵੇ? ਕਿਹੜਾ ਚੌਰਾ ਜੰਮਿਆ ਸੋਡਾ ਭਾਂਡਾ ਤਿਆਗਣ ਵਾਲਾ। ਮੇਰੇ ਪਿਓ ਦੇ ਸਾਲੇ਼ ਦੇ ਮਾਰ ਮਾਰ ਛਿੱਤਰ ਗੰਜਾ ਨਾ ਕਰਤਾ"।
"ਕੋਈ ਨਾ ਤਾਈ, ਬਹਿਜਾ। ਸਾਰੀ ਗੱਲ ਦੱਸਦਾਂ।"
ਮੇਰੀ ਮਾਂ ਤੇ ਪਾਪਾ ਨੇ ਅੰਬੋ ਨੂੰ ਬਾਲਮੀਕ ਮੰਦਰ ਵਾਲੀ ਸਾਰੀ ਗੱਲ ਦੱਸੀ।
ਅੰਬੋ ਨੇ ਉੱਚੀ ਆਵਾਜ਼ ਵਿੱਚ ਬੜੇ ਧੜੱਲੇ ਨਾਲ ਕਿਹਾ, "ਚਲੋ ਮੇਰੇ ਘਰੇ ਆਓ, ਮੈਂ ਦੇਖਦੀ ਆ ਕੌਣ ਰੋਕਦਾ ਸੋਨੂੰ?
ਆਵਦੇ ਚਰਖ਼ੇ ਤਾਂ ਸੰਭਾਲੇ਼ ਨੀ ਜਾਂਦੇ,ਤੁਰ ਪੈਂਦੇ ਨੇ ਹੇੜਾਂ ਬੰਨ੍ਹ ਕੇ ਭਾਂਡੇ ਸਿੱਟਣ।"
ਪਾਪਾ, ਨਾਲ਼ੇ ਤਾਂ ਉੱਚੀ ਉੱਚੀ ਹੱਸੀ ਜਾਣ ,ਨਾਲ਼ੇ ਅੰਬੋ ਨੂੰ ਕਹੀ ਜਾਣ ,"ਕੋਈ ਨਾ ਤਾਈ, ਕੋਈ ਨਾ, ਕੱਲ੍ਹ ਨੂੰ ਆਵਾਂਗੇ।"
ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਅਸਲ ਵਿੱਚ ਗੱਲ ਕੀ ਸੀ?
ਪਾਪਾ ਨੂੰ ਮੈਂ ਕਈ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਸੀ , ਕਿ ਪਾਪਾ ਹੋਇਆ ਕੀ ਸੀ? ਪਰ ਪਾਪਾ ਮੇਰੀ ਗੱਲ ਟਾਲਦੇ ਟਾਲਦੇ ਆਪ ਹੀ ਜ਼ਿੰਦਗੀ ਤੋਂ ਟਾਲ਼ਾ ਵੱਟ ਗਏ। "ਬ੍ਰਹਿਮੰਡ ਦੀ ਸੈਰ ਜਲਦੀ ਖ਼ਤਮ ਕਰਕੇ ਫਿਰ ਧਰਤੀ ਤੇ ਜਨਮ ਲਵੋ ਪਾਪਾ"।
ਅੰਮ੍ਰਿਤਪਾਲ ਕਲੇਰ
ਸੰਪ.8699693680

-
ਅੰਮ੍ਰਿਤਪਾਲ ਕਲੇਰ , writer
ashokbti34@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.