ਕਸ਼ਮੀਰ ਹਮਲੇ ਦੀ ਪੀੜਤ ਵਿਧਵਾ ਹਿਮਾਂਸ਼ੀ ਨਰਵਾਲ ਨੂੰ ਟਰੋਲ ਕਰਨ ਦੀ ਸਖ਼ਤ ਨਿੰਦਾ, ਬ੍ਰਹਮਪੁਰਾ ਨੇ ਕੇਂਦਰ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ
ਕਸ਼ਮੀਰੀਆਂ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼, ਹਿਮਾਂਸ਼ੀ ਨਰਵਾਲ ਦੀ ਟਰੋਲਿੰਗ ਇਸੇ ਸਾਜ਼ਿਸ਼ ਦਾ ਹਿੱਸਾ - ਬ੍ਰਹਮਪੁਰਾ
* ਹਿਮਾਂਸ਼ੀ ਨਰਵਾਲ ਨਾਲ ਪੂਰਾ ਦੇਸ਼, ਨਫ਼ਰਤੀ ਤਾਕਤਾਂ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ - ਬ੍ਰਹਮਪੁਰਾ
ਚੰਡੀਗੜ੍ਹ/ਸ੍ਰੀਨਗਰ 06 ਮਈ 2025 - ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਰਦਨਾਕ ਅੱਤਵਾਦੀ ਹਮਲੇ ਦੇ ਪੀੜਤ, ਜਿਸ ਵਿੱਚ ਉਸਨੇ ਆਪਣੇ ਪਤੀ ਨੂੰ ਗਵਾਇਆ, ਹਿਮਾਂਸ਼ੀ ਨਰਵਾਲ ਨੂੰ ਸੋਸ਼ਲ ਮੀਡੀਆ 'ਤੇ ਸ਼ਰਾਰਤੀ ਅਨਸਰਾਂ ਦੁਆਰਾ ਟਰੋਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਸ਼ਰਮਨਾਕ ਕਾਰਵਾਈ ਵਿਰੁੱਧ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਬ੍ਰਹਮਪੁਰਾ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਅਤੇ ਸ਼ਰਮਨਾਕ ਹੈ ਕਿ ਜਿਸ ਲੜਕੀ ਨੇ ਇਸ ਭਿਆਨਕ ਹਮਲੇ ਵਿੱਚ ਆਪਣਾ ਸਭ ਕੁਝ ਗਵਾ ਦਿੱਤਾ, ਜਿਸ ਵਕਤ ਉਸਨੂੰ ਸਭ ਤੋਂ ਵੱਧ ਸਹਾਰੇ ਅਤੇ ਹਮਦਰਦੀ ਦੀ ਲੋੜ ਹੈ, ਉਸ ਵਕਤ ਉਸਨੂੰ ਨਿਸ਼ਾਨਾ ਬਣਾ ਕੇ ਟਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿਮਾਂਸ਼ੀ ਨਰਵਾਲ ਨੇ ਆਪਣੇ ਨੌਜਵਾਨ ਪਤੀ, ਇੱਕ ਦੇਸ਼ ਭਗਤ ਨੇਵੀ ਅਫ਼ਸਰ ਲੈਫਟੀਨੈਂਟ ਵਿਨੇ ਨਾਰਵਲ, ਨੂੰ ਹਮੇਸ਼ਾ ਲਈ ਖੋਹ ਲਿਆ ਹੈ। ਇਹ ਦਰਦ ਅਤੇ ਸਦਮਾ ਅਸਹਿ ਹੈ ਅਤੇ ਅਜਿਹੇ ਸਮੇਂ ਉਸਨੂੰ ਟਰੋਲ ਕਰਨਾ ਮਨੁੱਖਤਾ ਵਿਰੋਧੀ ਕਾਰਵਾਈ ਹੈ।
ਬ੍ਰਹਮਪੁਰਾ ਨੇ ਕਿਹਾ, "ਮੈਂ ਅਜਿਹੇ ਟਰੋਲ ਕਰਨ ਵਾਲੇ ਲੋਕਾਂ ਨੂੰ ਸਖ਼ਤ ਤਾੜਨਾ ਕਰਦਾ ਹਾਂ। ਉਹ ਕਿਹੜੇ ਲੋਕ ਹਨ ਜੋ ਇੱਕ ਪੀੜਤ ਵਿਧਵਾ ਨੂੰ ਵੀ ਬਖਸ਼ ਨਹੀਂ ਰਹੇ? ਉਹ ਕਿਹੜੀਆਂ ਤਾਕਤਾਂ ਹਨ ਜੋ ਦੇਸ਼ ਦੇ ਜ਼ਖਮਾਂ 'ਤੇ ਮੱਲ੍ਹਮ ਲਗਾਉਣ ਦੀ ਬਜਾਏ, ਉਨ੍ਹਾਂ ਨੂੰ ਹੋਰ ਖੁਰਚ ਰਹੀਆਂ ਹਨ? ਇਹ ਬੇਹੱਦ ਘਿਨੌਣੀ ਅਤੇ ਕਾਇਰਤਾ ਭਰੀ ਹਰਕਤ ਹੈ।"
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਿਮਾਂਸ਼ੀ ਨੇ ਕਸ਼ਮੀਰੀਆਂ ਜਾਂ ਮੁਸਲਮਾਨਾਂ ਨਾਲ ਨਫ਼ਰਤ ਰੱਖਣ ਲਈ ਨਹੀਂ ਕਿਹਾ ਸੀ। ਉਸਨੇ ਤਾਂ ਸਿਰਫ਼ ਇਹ ਅਪੀਲ ਕੀਤੀ ਸੀ ਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਅੱਤਵਾਦੀਆਂ ਅਤੇ ਇਸਦੇ ਮੁੱਖ ਸਾਜ਼ਿਸ਼ਘਾੜਿਆਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ ਤਾਂ ਜੋ ਦੁਬਾਰਾ ਕੋਈ ਅਜਿਹੀ ਹਿੰਮਤ ਨਾ ਕਰੇ। ਉਨ੍ਹਾਂ ਕਿਹਾ ਕਿ ਅਜਿਹੇ ਦੁੱਖ ਦੀ ਘੜੀ ਵਿੱਚ, ਜਦੋਂ ਉਸਨੇ ਆਪਣਾ ਸਾਰਾ ਕੁਝ ਵਾਰ ਦਿੱਤਾ, ਇਸਦੇ ਬਾਵਜੂਦ ਉਸਨੇ ਦੇਸ਼ ਨੂੰ ਇੱਕ ਰੱਖਣ ਦੀ ਗੱਲ ਕੀਤੀ, ਜੋ ਕਿ ਬਹੁਤ ਵੱਡੀ ਅਤੇ ਪ੍ਰਸ਼ੰਸਾਯੋਗ ਗੱਲ ਹੈ ਅਤੇ ਉਸਦੇ ਮਜ਼ਬੂਤ ਇਰਾਦੇ ਨੂੰ ਦਰਸਾਉਂਦੀ ਹੈ।
ਬ੍ਰਹਮਪੁਰਾ ਨੇ ਚੇਤਾਵਨੀ ਦਿੰਦਿਆਂ ਕਿਹਾ, "ਇਹ ਸਪੱਸ਼ਟ ਹੈ ਕਿ ਇਹ ਟਰੋਲ ਕਰਨ ਵਾਲੇ ਲੋਕ ਉਹ ਤਾਕਤਾਂ ਹਨ ਜੋ ਦੇਸ਼ ਨੂੰ ਤੋੜਨਾ ਚਾਹੁੰਦੀਆਂ ਹਨ, ਜੋ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ। ਜਿਸ ਤਰ੍ਹਾਂ ਇਸ ਹਮਲੇ ਤੋਂ ਬਾਅਦ ਕਸ਼ਮੀਰੀਆਂ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹ ਦੇਸ਼ ਦੇ ਏਕੇ ਅਤੇ ਸਦਭਾਵਨਾ ਲਈ ਬਹੁਤ ਖਤਰਨਾਕ ਹੈ।" ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਅਜਿਹੇ ਦੇਸ਼ ਵਿਰੋਧੀ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਤੁਰੰਤ ਇਸ ਮਾਮਲੇ ਦਾ ਨੋਟਿਸ ਲਵੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਇੱਕ ਪੀੜਤ ਔਰਤ ਨੂੰ ਟਰੋਲ ਕਰਕੇ ਅਤੇ ਦੇਸ਼ ਵਿੱਚ ਨਫ਼ਰਤ ਫੈਲਾ ਕੇ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਜਿਹੀ ਨਫ਼ਰਤੀ ਮੁਹਿੰਮ ਨੂੰ ਤੁਰੰਤ ਰੋਕਿਆ ਜਾਵੇ ਅਤੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ।
ਬ੍ਰਹਮਪੁਰਾ ਨੇ ਅੰਤ ਵਿੱਚ ਕਿਹਾ ਕਿ ਉਹ ਹਿਮਾਂਸ਼ੀ ਨਰਵਾਲ ਅਤੇ ਉਸਦੇ ਪਰਿਵਾਰ ਪ੍ਰਤੀ ਪੂਰੀ ਹਮਦਰਦੀ ਪ੍ਰਗਟ ਕਰਦੇ ਹਨ ਅਤੇ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦੇਣ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਇੱਕਜੁੱਟ ਰਹਿਣ।