Babushahi Special ਬੱਸ ਅੱਡਾ: ਲੱਗੀ ਜੇ ਕਲੇਜੇ ਹਾਲੇ ਛੁਰੀ ਨਹੀਂ,ਇਹ ਨਾ ਸਮਝ ਸ਼ਹਿਰ ਤੇਰੇ ਦੀ ਹਾਲਤ ਬੁਰੀ ਨਹੀਂ
ਅਸ਼ੋਕ ਵਰਮਾ
ਬਠਿੰਡਾ, 5ਅਪ੍ਰੈਲ 2025:ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਦੌਰਾਨ ਆਗੂਆਂ ਨੇ ਅੱਜ ਬੱਸ ਅੱਡਾ ਸ਼ਹਿਰੋਂ ਬਾਹਰ ਕੱਢਣ ਦੇ ਨਫੇ ਨੁਕਸਾਨ ਦੀ ਗੱਲ ਕਰਦਿਆਂ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਗਿੱਲ ਤੇ ਰੱਜ ਕੇ ਤਵੇ ਲਾਏ। ਆਗੂਆਂ ਨੇ ਕਿਹਾ ਕਿ ਸਮਝੋਂ ਬਾਹਰ ਹੈ ਕਿ ਵਿਧਾਇਕ ਬੱਸ ਅੱਡਾ ਸ਼ਿਫਟ ਕਰਨ ਲਈ ਐਨੇ ਤਰਲੋਮੱਛੀ ਕਿਓਂ ਹੋਏ ਪਏ ਹਨ ਜਦੋਂਕਿ ਇਸ ਫੈਸਲੇ ਦੀ ਮਾਰ ਹੇਠ ਆਉਣ ਵਾਲਿਆਂ ਦੇ ਸੰਘੋਂ ਹੇਠਾਂ ਬੁਰਕੀ ਲੰਘਣੋ ਔਖੀ ਹੋਈ ਪਈ ਹੈ। ਆਗੂਆਂ ਨੇ ਬਠਿੰਡਾ ਵਾਸੀਆਂ ਨੂੰ ਮੌਜੂਦਾ ਹਾਲਾਤ ਬਦਲਣ ਲਈ ਸਾਂਝੇ ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਦਿੱਤਾ। ਸੰਘਰਸ਼ ਕਮੇਟੀ ਅੱਜ ਪਹਿਲਾਂ ਨਾਲੋਂ ਆਸਵੰਦ ਨਜ਼ਰ ਆਈ ਕਿਉਂਕਿ ਪੱਕੇ ਮੋਰਚੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਵੇਖਣ ਨੂੰ ਮਿਲ ਰਹੀ ਹੈ ।
ਇਸ ਫੈਸਲੇ ਦੀ ਮਾਰ ਹੇਠ ਆਉਣ ਵਾਲੇ ਦਰਜਨਾਂ ਦੀ ਗਿਣਤੀ ਵਿੱਚ ਛੋਟੇ ਵੱਡੇ ਦੁਕਾਨਦਾਰਾਂ ਦਾ ਹਵਾਲਾ ਦਿੰਦਿਆਂ ਸੰਘਰਸ਼ ਕਮੇਟੀ ਆਗੂਆਂ ਨੇ ਯਾਦ ਦਿਵਾਇਆ ਕਿ ਜਿਸ ਅੱਗ ਦਾ ਸੇਕ ਇੰਨ੍ਹਾਂ ਲੋਕਾਂ ਨੂੰ ਲੱਗਣ ਲੱਗਾ ਹੈ, ਇਹ ਲਾਟਾਂ ਉਨ੍ਹਾਂ ਦੇ ਘਰਾਂ ਨੂੰ ਵੀ ਸਾੜ ਕੇ ਸੁਆਹ ਕਰਨਗੀਆਂ ਜੋ ਅੱਜ ਹਕੂਮਤ ਦੇ ਜਬਰ ਰੂਪੀ ਅੱਗ ਨੂੰ ਬਸੰਤਰ ਸਮਝ ਕੇ ਹਾਲੇ ਤੱਕ ਵੀ ਚੁੱਪ ਵੱਟੀ ਬੈਠੇ ਹਨ। ਆਗੂਆਂ ਨੇ ਸਮੂਹ ਵਰਗਾਂ ਨੂੰ ਮੁਸਤੈਦ ਹੋਣ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਜੇਕਰ ਹੁਣ ਨਾਂ ਜਾਗੇ ਤਾਂ ਗੁਆਚੇ ਤੋਂ ਜਾਗ ਖੁੱਲ੍ਹਣ ਕਗਰੋਂ ਕੁੱਝ ਵੀ ਹੱਥ ਨਹੀਂ ਆਉਣਾ ਹੈ। ਕਈ ਰੇਹੜੀ ਵਾਲਿਆਂ ਦਾ ਕਹਿਣਾ ਸੀ ਕਿ ਐਮਐਲਏ ਦੀ ਗੱਲ ਸੁਣਕੇ ਉਨ੍ਹਾਂ ਦੇ ਫਿਕਰ ਵਧ ਗਏ ਹਨ ਜਿਸ ਕਰਕੇ ਉਨ੍ਹਾਂ ਨੇ ਚੱਲ ਰਹੇ ਪੱਕੇ ਮੋਰਚੇ ਵੱਲ ਮੂੰਹ ਕੀਤਾ ਹੈ।

ਸਾਲਾਂ ਤੋਂ ਬੱਸ ਅੱਡੇ ਦੇ ਅੰਦਰ ਅਖਬਾਰਾਂ ਅਤੇ ਲਾਟਰੀ ਦਾ ਸਟਾਲ ਚਲਾਉਣ ਵਾਲੇ ਸੱਤਪਾਲ ਵੋਹਰਾ ਨੇ ਬੱਸ ਅੱਡਾ ਤਬਦੀਲ ਕਰਨ ਵਾਲਾ ਫੈਸਲਾ ਬਦਲਣ ਦੀ ਪੁਰਜੋਰ ਮੰਗ ਕੀਤੀ ਹੈ। ਸਾਲ 1972 ’ਚ ਜਦੋਂ ਬੱਸ ਅੱਡਾ ਬਣਨ ਲੱਗਿਆ ਸੀ ਤਾਂ ਅੱਜ ਪੁੱਤਾਂ ਦੋਹਤਿਆਂ ਵਾਲੇ ਸੱਤਪਾਲ ਤੇ ਉਦੋਂ ਜਵਾਨੀ ਫੁੱਟਣ ਲੱਗੀ ਸੀ । ਉਦੋਂ ਉਸ ਨੇ ਇੱਕ ਨਿਊਜ਼ ਏਜੰਸੀ ਤੇ ਨੌਕਰੀ ਕਰਨੀ ਸ਼ੁਰੂ ਕੀਤੀ ਸੀ। ਕਾਫੀ ਸਮਾਂ ਕੰਮ ਕਰਨ ਤੋਂ ਬਾਅਦ ਉਸ ਨੇ ਆਪਣਾ ਸਟਾਲ ਖੋਹਲ ਲਿਆ ਜੋ ਹਣ ਤੱਕ ਚੱਲ ਰਿਹਾ ਹੈ। ਸੱਤਪਾਲ ਵੋਹਰਾ ਦੱਸਦੇ ਹਨ ਕਿ ਬੱਸ ਅੱਡੇ ਦੇ ਇੱਕ ਤਰਫ ਉੱਚੀ ਥਾਂ ਸੀ ਜਿੱਥੇ ਬੱਸਾਂ ਨੂੰ ਸਟਾਰਟ ਕਰਨ ਲਈ ਖੜ੍ਹਾਇਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਸ ਬੱਸ ਅੱਡੇ ਦੀ ਉਸਾਰੀ ਮੁਕੰਮਲ ਹੋ ਗਈ ਤਾਂ ਇੰਜ ਜਾਪਦਾ ਸੀ ਕਿ ਅਰਮਾਨਾਂ ਨੂੰ ਖੰਭ ਲੱਗ ਗਏ ਹੋਣ।
ਉਨ੍ਹਾਂ ਦੱਸਿਆ ਕਿ ਵਕਤ ਨਾਲ ਇਹ ਬੱਸ ਅੱਡਾ ਲੋਕਾਂ ਦੇ ਦਿਲਾਂ ਦੀ ਧੜਕਣ ਅਤੇ ਵਿਰਾਸਤ ਬਣ ਗਿਆ ਹੈ ਜਿਸ ਨੂੰ ਹੁਣ ਮੁੱਠੀ ਭਰ ਲੋਕਾਂ ਖਾਤਰ ਬਦਲਿਆ ਜਾਣ ਲੱਗਾ ਹੈ ਜੋ ਸਹੀ ਨਹੀਂ ਹੈ। ਸੱਤਪਾਲ ਵੋਹਰਾ ਨੇ ਦੱਸਿਆ ਕਿ ਜਦੋਂ ਵੀ ਇਹ ਗੱਲ ਹੁੰਦੀ ਹੈ ਤਾਂ ਲੱਗਦਾ ਹੈ ਕਿ ਬੰਦੇ ਚੋਂ ਰੂਹ ਕੱਢਕੇ ਬੁੱਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਪੁਕਾਰ ਸੁਣੇ ਤੇ ਫੈਸਲਾ ਵਾਪਿਸ ਲਵੇ। ਉਨ੍ਹਾਂ ਬੱਸ ਅੱਡਾ ਬਾਹਰ ਕੱਢਣ ਦੀ ਥਾਂ ਵਰਕਸ਼ਾਪ ਤਬਦੀਲ ਕਰਨ ਅਤੇ ਮਾਨਸਾ ਤਰਫ ਦੇ ਰੂਟਾਂ ਦੀਆਂ ਬੱਸਾਂ ਰਜਿੰਦਰਾ ਕਾਲਜ ਵੱਲ ਦੀ ਚਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਕੱਲੇ ਬਠਿੰੰਡਾ ਨੂੰ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਸ਼ਹਿਰਾਂ ਨਾਲ ਵਿਚਾਰਨ ਮਗਰੋਂ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਹੈ।
ਰੇਹੜੀ ਚਾਲਕਾਂ ਨੂੰ ਧੁੜਕੂ ਲੱਗਿਆ
ਬੱਸ ਅੱਡੇ ਦੇ ਨਜ਼ਦੀਕ ਰੇਹੜੀ ਲਾਉਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ 35 ਸਾਲ ਪਹਿਲਾਂ ਉਸ ਦੇ ਪਿਤਾ ਨੇ ਇਸ ਤਰਫ ਫਲਾਂ ਦੀ ਰੇਹੜੀ ਲਾਉਣੀ ਸ਼ੁਰੂ ਕੀਤੀ ਸੀ ਜਿਸ ਦੀ ਕਮਾਈ ਨਾਲ ਉਨ੍ਹਾਂ ਘਰ ਬਣਾਇਆ ਅਤੇ ਤਿੰਨ ਭੈਣ ਭਰਾਵਾਂ ਦੇ ਵਿਆਹ ਕੀਤੇ। ਉਨ੍ਹਾਂ ਦੱਸਿਆ ਕਿ ਹੁਣ ਕਿਸਮਤ ਇਸ ਤਰਾਂ ਸ਼ਰੀਕ ਬਣਕੇ ਟੱਕਰੇਗੀ ਕਦੇ ਸੋਚਿਆ ਵੀ ਨਹੀਂ ਸੀ। ਇਹ ਇਕੱਲਾ ਨਹੀਂ ਬਲਕਿ ਬੱਸ ਅੱਡੇ ਦੇ ਨਜ਼ਦੀਕ ਤਕਰੀਬਨ ਹਰ ਦੁਕਾਨਦਾਰ ਦੀ ਕਹਾਣੀ ਇੱਕੋ ਜਿਹੀ ਸੀ ।
ਹਕੂਮਤਾਂ ਸੌਂ ਜਾਣ ਤਾਂ ਤਬਾਹੀ
ਸੰਘਰਸ਼ ਕਮੇਟੀ ਆਗੂ ਗੁਰਿਵੰਦਰ ਸ਼ਰਮਾ ਕਹਿਣਾ ਸੀ ਕਿ ਜਦੋਂ ਸਰਕਾਰਾਂ ਜਾਗਦੀਆਂ ਹੋਣ ਤਾਂ ਲੋਕਾਂ ਤੇ ਪਈ ਹਰ ਬਿਪਤਾ ਸਾਂਝੀ ਹੁੰਦੀ ਹੈ ਪਰ ਜਦੋਂ ਹਕੂਮਤਾਂ ਸੌਂ ਜਾਣ ਤਾਂ ਆਮ ਆਦਮੀ ਨੂੰ ਤਬਾਹੀ ਦੇ ਰਾਹ ਪੈਣਾ ਪੈਂਦਾ ਹੈ। ਉਨ੍ਹਾਂ ਇਹ ਵੀ ਦੁਹਾਈ ਦਿੱਤੀ ਕਿ ਸਿਆਸੀ ਲੀਡਰ ਇਸ ਪਾਸੇ ਗੇੜਾ ਮਾਰਕੇ ਪੁੱਛਣ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਊ ਕਿ ਜੇ ਬੱਸ ਅੱਡਾ ਚਲਾ ਗਿਆ ਤਾਂ ਲੋਕਾਂ ਨੂੰ ਕਿੰਨ੍ਹਾਂ ਹਾਲਾਤਾਂ ਵਿੱਚੋਂ ਲੰਘਣਾ ਪੈ ਸਕਦਾ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਖੁਦ ਨੂੰ ਆਮ ਆਦਮੀ ਹੋਣ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਨੇ ਬਠਿੰਡਾ ਦੇ ਆਮ ਆਦਮੀਆਂ ਦੀ ਸਾਰ ਨਹੀਂ ਲਈ ਹੈ।
ਸਬਰ ਪਰਖ ਰਹੀ ਸਰਕਾਰ
ਪੰਜਾਬ ਸਰਕਾਰ ਨੇ ਬਠਿੰਡਾ ਮੋਰਚੇ ਨੂੰ ਇੱਕ ਤਰਾਂ ਨਾਲ ਨਜ਼ਰ ਅੰਦਾਜ਼ ਕੀਤਾ ਹੋਇਆ ਹੈ ਜਿਸ ਕਰਕੇ ਸੰਘਰਸ਼ ਕਮੇਟੀ ਲੰਮੀ ਲੜਾਈ ਲੜਨ ਦੇ ਰੌਂਅ ਵਿੱਚ ਨਜ਼ਰ ਆ ਰਹੀ ਹੈ। ਕਮੇਟੀ ਆਗੂ ਬਲਤੇਜ ਸਿੰਘ ਵਾਂਦਰ ਦਾ ਕਹਿਣਾ ਸੀ ਕਿ ਅਸਲ ਵਿਚ ਪੰਜਾਬ ਸਰਕਾਰ ਸਬਰ ਪਰਖਣ ਦੀ ਨੀਤੀ ਤੇ ਚੱਲ ਰਹੀ ਹੈ ਜਿਸ ਦੀ ਪੂਰੀ ਤਰਾਂ ਪਰਖ ਕਰਵਾਉਣ ਮਗਰੋਂ ਹੀ ਲੋਕ ਸਾਹ ਲੈਣਗੇ।