ਸ਼ੰਭੂ ਥਾਣੇ ਦੇ ਘਿਰਾਓ ਦਾ ਮਾਮਲਾ: ਜਗਜੀਤ ਸਿੰਘ ਡੱਲੇਵਾਲ ਸਮੇਤ ਅਨੇਕਾਂ ਕਿਸਾਨ ਆਗੂ ਪੁਲਿਸ ਨੇ ਸਵੇਰੇ ਹੀ ਘਰਾਂ ’ਚੋਂ ਚੁੱਕੇ
ਰਵੀ ਜੱਖੂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 5 ਮਈ, 2025: ਕਿਸਾਨਾਂ ਅਤੇ ਕਿਸਾਨ ਆਗੂਆਂ ਉੱਤੇ ਕੀਤੇ ਗਏ ਜ਼ਬਰ ਵਿਰੁੱਧ 6 ਮਈ ਨੂੰ ਸ਼ੰਭੂ ਥਾਣੇ ਦੇ ਘਿਰਾਓ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਨਜ਼ਰਬੰਦ ਜਾਂ ਗਿਰਫ਼ਤਾਰ ਕਰਨਾ ਸ਼ੁਰੂ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਨਾਲ ਸੰਬੰਧਿਤ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਆਦਿ ਆਗੂ ਘਰਾਂ ਵਿੱਚ ਪੁਲਿਸ ਵੱਲੋਂ ਕੀਤੇ ਗਏ ਨਜ਼ਰਬੰਦ ਅਤੇ ਸੁਖਜੀਤ ਸਿੰਘ ਹਰਦੋ ਝੰਡੇ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ਬਟਾਲਾ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸਾਰੇ ਪ੍ਰਮੁੱਖ ਆਗੂ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਹਨ। ਕੁਲਵਿੰਦਰ ਸਿੰਘ ਪੰਜੋਲਾ ਪੁਲਿਸ ਚੌਂਕੀ ਪੁਰਖਾਲੀ ਰੋਪੜ, ਹਰਦੇਵ ਸਿੰਘ ਚਿੱਟੀ ਥਾਣਾ ਦੋਰਾਂਗਲਾ, ਗੁਰਦਾਸਪੁਰ, ਗੁਰਪ੍ਰੀਤ ਸਿੰਘ ਛੀਨਾ, ਅੰਗਰੇਜ਼ ਸਿੰਘ ਬੂਟੇ ਵਾਲਾ,ਸ਼ੇਰਾ ਅਠਵਾਲ ਅਤੇ ਹਰਵਿੰਦਰ ਸਿੰਘ ਮਸਾਣੀਆਂ ਸੂਬਾ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਗ੍ਰਿਫਤਾਰ ਕਰਕੇ ਸੇਖਵਾਂ ਥਾਣੇ ਲਜਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਹੋਰ ਕਈ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਵੱਖ ਵੱਖ ਥਾਣਿਆਂ ਵਿਚ ਲਿਜਾਇਆ ਗਿਆ।