ਬਿਜਲੀ ਮੰਤਰੀ ਵੱਲੋਂ ਵੇਦਾਂਤਾ ਪਾਵਰ ਦੇ ਟੀਐਸਪੀਐਲ ਵਿਖੇ ਬਿਜਲੀ ਪ੍ਰਬੰਧਾਂ ਸਬੰਧੀ ਵਿਚਾਰ ਵਟਾਂਦਰਾ
ਅਸ਼ੋਕ ਵਰਮਾ
ਮਾਨਸਾ, 6 ਮਈ 2025: ਪੰਜਾਬ ਵਿੱਚ ਸ਼ੁਰੂ ਹੋ ਚੁੱਕੇ ਗਰਮੀ ਦੇ ਮੌਸਮ ਦੌਰਾਨ ਲੋੜ ਅਨੁਸਾਰ ਬਿਜਲੀ ਦੀ ਸਪਲਾਈ ਨੂੰ ਯਕੀਨ ਨਹੀਂ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਪੰਜਾਬ ਸਰਕਾਰ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਮੰਤਰੀ ਹਰਭਜਨ ਸਿੰਘ ਈਟੀਓ ਨੇ ਮਾਨਸਾ ਵਿਖੇ ਸਥਾਪਿਤ ਤਲਵੰਡੀ ਸਾਬੋ ਪਾਵਰ ਲਿਮਿਟੇਡ (TSPL) ਪਲਾਂਟ ਦਾ ਦੌਰਾ ਕਰਕੇ ਆਉਣ ਵਾਲੇ ਝੋਨੇ ਦੇ ਸੀਜਨ ਨੂੰ ਮੁੱਖ ਰੱਖਦਿਆਂ ਬਿਜਲੀ ਪ੍ਰਬੰਧਾਂ ਸਬੰਧੀ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਉਹਨਾਂ ਨਾਲ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ , ਬਿਜਲੀ ਮਹਿਕਮੇ ਦੇ ਪ੍ਰਿੰਸੀਪਲ ਸਕੱਤਰ ਅਤੇ ਪਾਵਰ ਕੌਮ ਦੇ ਸੀਐਮਡੀ ਅਜੋਏ ਕੁਮਾਰ ਸਿਨਹਾ ਤੋਂ ਅਲਾਵਾ ਪਾਵਰ ਕੌਮ ਦੇ ਅਧਿਕਾਰੀ ਵੀ ਹਾਜ਼ਰ ਸਨ। ਬਿਜਲੀ ਮੰਤਰੀ ਅਤੇ ਹੋਰ ਅਧਿਕਾਰੀਆਂ ਨੂੰ ਟੀਐਸਪੀਐਲ ਦੇ ਮੁੱਖ ਸੰਚਾਲਨ ਅਧਿਕਾਰੀ ਸ਼੍ਰੀ ਪੰਕਜ ਸ਼ਰਮਾ ਅਤੇ ਥਰਮਲ ਪਲਾਂਟ ਦੇ ਉੱਚ ਅਧਿਕਾਰੀਆਂ ਨੇ ਜੀ ਆਇਆ ਆਖਿਆ।
ਬਿਜਲੀ ਮੰਤਰੀ ਨੇ ਪਲਾਂਟ ਦਾ ਵਿਸਥਾਰਪੂਰਵਕ ਦੌਰਾ ਕਰਦਿਆਂ ਹੋਇਆਂ ਓਥੇ ਚੱਲ ਰਹੇ ਸਭ ਕੰਮਾਂ ਦੀ ਸਮੀਖਿਆ ਕੀਤੀ ਅਤੇ ਵੇਖਿਆ ਕਿ ਪਲਾਂਟ ਪੰਜਾਬ ਦੀ ਬਿਜਲੀ ਮੰਗ ਨੂੰ ਪੂਰਾ ਕਰਨ ਲਈ ਕਿੰਨਾ ਤਿਆਰ ਹੈ, ਜੋ ਆਮਤੌਰ ਤੇ ਜੂਨ ਦੀ ਸ਼ੁਰੂਆਤ ’ਚ ਧਾਨ ਦੀ ਬਿਜਾਈ ਨਾਲ ਵਧ ਜਾਂਦੀ ਹੈ ਅਤੇ ਖਰੀਫ ਮੌਸਮ ਤੱਕ ਜਾਰੀ ਰਹਿੰਦੀ ਹੈ।ਬਿਜਲੀ ਮੰਤਰੀ ਸ਼੍ਰੀ ਹਰਭਜਨ ਸਿੰਘ ਈਟੀਓ ਨੇ ਕਿਹਾ, “ਅੱਜ ਮੈਂ ਤਲਵੰਡੀ ਸਾਬੋ ਪਲਾਂਟ ਦਾ ਦੌਰਾ ਕੀਤਾ ਹੈ ਅਤੇ ਮੈਂ ਇੱਥੇ ਚੱਲ ਰਹੀਆਂ ਕਾਰਵਾਈਆਂ ਤੋਂ ਸੰਤੁਸ਼ਟ ਹਾਂ। ਉਹਨਾਂ ਕਿਹਾ ਕਿ 660 ਮੇਗਾਵਾਟ ਦੀ ਸਮਰੱਥਾ ਵਾਲੀਆਂ ਤਿੰਨੋਂ ਯੂਨਿਟਾਂ ਸੁਚੱਜੀ ਤਰ੍ਹਾਂ ਚੱਲ ਰਹੀਆਂ ਹਨ ਜੋ ਇਥੇ ਮੌਜੂਦ ਪ੍ਰਣਾਲੀਆਂ ਦੀ ਯੋਜਨਾਬੱਧਤਾ ਨੂੰ ਦਰਸਾਉਂਦੀਆਂ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਲਈ ਨਿਰਵਿਘਨ ਅਤੇ ਭਰੋਸੇਜੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ।” ਇਸ ਮੌਕੇ ਬਿਜਲੀ ਮੰਤਰੀ ਨੇ ਵਾਤਾਵਰਨ ਬਚਾਉਣ ਦੀ ਮੁਹਿੰਮ ਤਹਿਤ ਪੌਦੇ ਵੀ ਲਾਏ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਟੀਐਸਪੀਐਲ ਵੱਲੋਂ ਖੇਤਰ ਵਿੱਚ ਕੀਤੇ ਜਾ ਰਹੇ ਸਮਾਜਿਕ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ, ਖਾਸ ਕਰਕੇ ਸਿੱਖਿਆ, ਸਿਹਤ, ਹੁਨਰ ਵਿਕਾਸ ਅਤੇ ਟਿਕਾਊ ਖੇਤੀ ਨੂੰ ਲੈ ਕੇ ਚਲ ਰਹੇ ਕਾਰਜਾਂ ਦੀ, ਜਿਨ੍ਹਾਂ ਰਾਹੀਂ ਆਮ ਆਦਮੀ ਦੀ ਆਮਦਨ ਵਿੱਚ ਵਾਧਾ ਹੋਇਆ ਹੈ।ਕੰਪਨੀ ਦੇ ਸੀਨੀਅਰ ਆਗੂਆਂ ਵੱਲੋਂ ਬਿਜਲੀ ਸਪਲਾਈ ਨੂੰ ਨਿਰਵਿਘਨ ਰੱਖਣ ਅਤੇ ਜ਼ਿੰਮੇਵਾਰ ਕਾਰੋਬਾਰੀ ਪ੍ਰਚਾਲਨਾਂ ਨੂੰ ਜਾਰੀ ਰੱਖਣ ਦੀ ਭਰੋਸਗੀ ਦਿੱਤੀ ਗਈ। ਸੀ.ਓ.ਓ ਸ਼੍ਰੀ ਪੰਕਜ ਸ਼ਰਮਾ ਨੇ ਦੱਸਿਆ ਕਿ ਟੀਐਸਪੀਐਲ ਪੰਜਾਬ ਦੀਆਂ ਬਿਜਲੀ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਕੰਮ ਕਰ ਰਿਹਾ ਹੈ ਅਤੇ ਟਿਕਾਊ ਵਿਕਾਸ ਅਤੇ ਸਮਾਜਿਕ ਭਲਾਈ ਕਾਰਜਾਂ ਵਿਚ ਵੀ ਲਗਾਤਾਰ ਵਾਧਾ ਕਰ ਰਿਹਾ ਹੈ I
ਉਹਨਾਂ ਕਿਹਾ ਕਿ ਬਿਜਲੀ ਮੰਤਰੀ ਦਾ ਇਹ ਦੌਰਾ ਪੰਜਾਬ ਦੀ ਊਰਜਾ ਢਾਂਚੇ ਵਿੱਚ ਟੀਐਸਪੀਐਲ ਦੀ ਰਣਨੀਤਕ ਭੂਮਿਕਾ ਨੂੰ ਦਰਸਾਉਂਦਾ ਹੈ, ਜੋ ਵੱਡੇ ਪੈਮਾਨੇ ਉੱਤੇ ਬਿਜਲੀ ਉਤਪਾਦਨ ਨੂੰ ਲੰਬੇ ਸਮੇਂ ਦੀ ਵਾਤਾਵਰਣਕ ਤੇ ਸਮਾਜਕ ਜ਼ਿੰਮੇਵਾਰੀ ਨਾਲ ਜੋੜਦਾ ਹੈ। ਵਧ ਰਹੀ ਬਿਜਲੀ ਦੀ ਖਪਤ ਦੇ ਮੱਦੇਨਜ਼ਰ, ਟੀਐਸਪੀਐਲ ਦੀ ਕਾਰਗੁਜ਼ਾਰੀ ਅਤੇ ਤਿਆਰੀ ਪੰਜਾਬ ਦੀ ਊਰਜਾ ਸੁਰੱਖਿਆ ਲਈ ਇੱਕ ਮਜ਼ਬੂਤ ਥੰਮ੍ਹ ਵਜੋਂ ਸਾਹਮਣੇ ਆਈ ਹੈ। ਗੌਰ ਤਲਬ ਹੈ ਕਿ ਇਹ ਪਲਾਂਟ ਵੇਦਾਂਤਾ ਗਰੁੱਪ ਦਾ ਹੈ ਜੋ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਨਿੱਜੀ ਥਰਮਲ ਪਾਵਰ ਉਤਪਾਦਕ ਹੈ। 1980 ਮੇਗਾਵਾਟ ਦੀ ਸਮਰੱਥਾ ਨਾਲ, ਟੀਐਸਪੀਐਲ ਇਸ ਵੇਲੇ ਪੰਜਾਬ ਦੀ ਕੁੱਲ ਬਿਜਲੀ ਦੀ ਮੰਗ ਦਾ ਲਗਭਗ 30% ਪੂਰਾ ਕਰ ਰਿਹਾ ਹੈ।