Canada: ਸੀਕਿਉਰਿਟੀ ਕਲੀਅਰੈਂਸ ਨਾ ਮਿਲਣ ਕਾਰਨ ਡਾ. ਗੁਲਜ਼ਾਰ ਸਿੰਘ ਚੀਮਾ ਆਸਟਰੇਲੀਆ ਵਿਚ ਕੈਨੇਡੀਅਨ ਕੌਂਸਲ ਜਨਰਲ ਨਿਯੁਕਤ ਨਾ ਹੋ ਸਕੇ
ਡਾ. ਚੀਮਾ ਵੱਲੋਂ ਇਸ ਫੈਸਲੇ ਵਿਰੁੱਧ ਅਦਾਲਤ ਵਿਚ ਰੀਵਿਊ ਪਟੀਸ਼ਨ ਦਾਇਰ
ਹਰਦਮ ਮਾਨ
ਸਰੀ, 6 ਅਪ੍ਰੈਲ 2025-ਪ੍ਰਿਵੀ ਕੌਂਸਲ ਦੇ ਦਫਤਰ ਵੱਲੋਂ ਸੀਕਿਉਰਿਟੀ ਕਲੀਅਰੈਂਸ ਦੇਣ ਤੋਂ ਇਨਕਾਰ ਕੀਤੇ ਜਾਣ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਨਾਮਵਰ ਡਾਕਟਰ ਅਤੇ ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ ਦੀ ਆਸਟਰੇਲੀਆ ਵਿਚ ਕੈਨੇਡੀਅਨ ਕੌਂਸਲ ਜਨਰਲ ਦੇ ਮਹੱਤਵਪੂਰਨ ਅਹੁਦੇ ਲਈ ਨਿਯੁਕਤੀ ਨਹੀਂ ਹੋ ਸਕੀ। ਕੈਨੇਡਾ ਦੇ ਪ੍ਰਸਿੱਧ ਅਖਬਾਰ ‘ਦਿ ਗਲੋਬ ਐਂਡ ਮੇਲ’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਕ ਰਿਪੋਰਟ ਵਿਚ ਡਾ. ਗੁਲਜ਼ਾਰ ਚੀਮਾ ਨੇ ਇਸ ਅਣਉਚਿਤ ਫੈਸਲੇ ਵਿਰੁੱਧ ਫੈਡਰਲ ਕੋਰਟ ਤੱਕ ਪਹੁੰਚ ਕੀਤੀ ਹੈ।
ਜ਼ਿਕਰਯੋਗ ਹੈ ਕਿ ਡਾ. ਗੁਲਜ਼ਾਰ ਚੀਮਾ ਮੈਨੀਟੋਬਾ ਵਿਚ ਪਹਿਲੇ ਪੰਜਾਬੀ ਐਮਐਲਏ ਬਣੇ ਸਨ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਮੰਤਰੀ ਰਹਿ ਚੁੱਕੇ ਹਨ। ਉਹ ਲੰਬੇ ਸਮੇਂ ਤੋਂ ਇਕ ਪੇਸ਼ੇਵਰ ਡਾਕਟਰ ਅਤੇ ਸਿਆਸਤਦਾਨ ਵਜੋਂ ਵਿਚਰਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਵੱਲੋਂ ਉਹਨਾਂ ਨੂੰ ਆਸਟ੍ਰੇਲੀਆ ਵਿਚ ਕੌਂਸਲ ਜਨਰਲ ਨਿਯੁਕਤ ਕੀਤੇ ਜਾਣ ਦੀ ਸਿਫਾਰਸ਼ ਕੀਤੀ ਗਈ ਸੀ। ਪਰ ਪ੍ਰਿਵੀ ਕੌਸਲ ਦਫਤਰ ਵੱਲੋਂ ਉਹਨਾਂ ਦੀ ਸੀਕਿਉਰਿਟੀ ਕਲੀਅਰੈਂਸ ਰੱਦ ਕਰਨ ਸਬੰਧੀ ਫੈਸਲਾ ਸੁਣਾਇਆ ਹੈ ਅਤੇ ਉਹਨਾਂ ਨੇ ਇਸ ਫੈਸਲੇ ਵਿਰੁੱਧ ਅਦਾਲਤ ਵਿਚ ਰੀਵਿਊ ਪਟੀਸ਼ਨ ਦਾਇਰ ਕੀਤੀ ਹੈ। ਇਕ ਡਾਕਟਰ ਅਤੇ ਸਿਆਸਤਦਾਨ ਵਜੋਂ ਸਾਲਾਂ ਤੋਂ ਵਿਦੇਸ਼ੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਜਾਂ ਮਿਲਦੇ ਹੋਣ ਕਾਰਨ ਉਹਨਾਂ ਉਪਰ ਕਈ ਸਵਾਲ ਉਠਾਏ ਗਏ ਹਨ।
ਉਹਨਾਂ ਆਪਣੀ ਰੀਵਿਊ ਪਟੀਸ਼ਨ ਵਿਚ ਪ੍ਰਿਵੀ ਕੌਂਸਲ ਦੇ ਫੈਸਲੇ ਖਿਲਾਫ ਉਹਨਾਂ ਨੂੰ ਲੋੜੀਦੀ ਜਾਣਕਾਰੀ ਨਾ ਦੇਣ ਅਤੇ ਮੌਕਾ ਪ੍ਰਦਾਨ ਨਾ ਕੀਤੇ ਜਾਣ ਲਈ ਗ਼ੈਰਵਾਜਿਬ ਠਹਿਰਾਇਆ ਹੈ। ਦਾਇਰ ਕੀਤੀ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਹ ਆਸਟ੍ਰੇਲੀਆ ਵਿਚ ਕੌਂਸਲ ਜਨਰਲ ਦੀ ਪੋਸਟ ਲਈ ਬਿਨੈਕਾਰ ਸਨ ਅਤੇ ਉਹਨਾਂ ਨੇ ਮਈ 2024 ਵਿਚ ਸੀਕਿਉਰਿਟੀ ਕਲੀਅਰੈਂਸ ਲਈ ਅਪਲਾਈ ਕੀਤਾ ਸੀ। ਪ੍ਰਿਵੀ ਕੌਂਸਲ ਵੱਲੋਂ ਅਕਤੂਬਰ 2024 ਵਿਚ ਲਈ ਗਈ ਇੰਟਰਵਿਊ ਵਿਚ ਉਹਨਾਂ ਨੇ ਅਧਿਕਾਰੀਆਂ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਸਪੱਸ਼ਟ ਜਵਾਬ ਦਿੱਤੇ ਸਨ। ਉਹ ਸੀਕਿਉਰਿਟੀ ਕਲੀਅਰੈਂਸ ਦੇ ਨਾਲ ਭਰੋਸੇਯੋਗਤਾ ਲਈ ਸਕਰੀਨਿੰਗ ਵਿਚ ਵੀ ਸ਼ਾਮਲ ਹੋਏ ਪਰ ਇਸ ਦੇ ਬਾਵਜੂਦ ਉਹਨਾਂ ਦੀ ਕਲੀਅਰੈਂਸ ਰੱਦ ਕਰ ਦਿੱਤੀ ਗਈ।
ਉਹਨਾਂ ਰੀਵਿਊ ਪਟੀਸ਼ਨ ਵਿਚ ਕਿਹਾ ਹੈ ਕਿ ਉਹ 1988 ਤੋਂ 1993 ਤੱਕ ਮੈਨੀਟੋਬਾ ਵਿਚ ਵਿਧਾਇਕ ਅਤੇ 2001 ਤੋਂ 2004 ਤੱਕ ਬ੍ਰਿਟਿਸ਼ ਕੋਲੰਬੀਆ ਵਿਚ ਇਕ ਵਿਧਾਇਕ ਅਤੇ ਮੰਤਰੀ ਰਹਿਣ ਦੇ ਨਾਲ ਇਕ ਪ੍ਰੋਫੈਸ਼ਨਲ ਡਾਕਟਰ ਹਨ। ਉਹਨਾਂ ਦਾ ਕਈ ਲੋਕਾਂ, ਜਿਹਨਾਂ ਵਿਚ ਵਿਦੇਸ਼ੀ ਅਧਿਕਾਰੀ ਵੀ ਹੋ ਸਕਦੇ ਹਨ, ਨਾਲ ਵਾਹ ਵਾਸਤਾ ਹੈ। ਉਹ ਅੱਜ ਵੀ ਸਰੀ ਵਿਚ ਇਕ ਪਰਿਵਾਰਕ ਡਾਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਰੀਵਿਊ ਪਟੀਸ਼ਨ ਵਿਚ ਉਹਨਾਂ ਪ੍ਰਿਵੀ ਕੌਂਸਲ ਦਫਤਰ ਵਲੋਂ ਸੁਰੱਖਿਆ ਜਾਂਚ ਲਈ ਸਰਕਾਰੀ ਮਾਪਦੰਡਾਂ ਦੀ ਪਾਲਣਾ ਨਾ ਕਰਨ ਅਤੇ ਉਹਨਾਂ ਦੀ ਸਥਿਤੀ ਅਤੇ ਸੇਵਾਵਾਂ ਦੀ ਅਣਦੇਖੀ ਕੀਤੇ ਜਾਣ ਬਾਰੇ ਸਵਾਲ ਉਠਾਏ ਗਏ ਹਨ।
ਜ਼ਿਕਰਯੋਗ ਹੈ ਕਿ ਡਾ ਗੁਲਜਾਰ ਸਿੰਘ ਚੀਮਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਫੀ ਕਰੀਬੀ ਸਮਝੇ ਜਾਂਦੇ ਹਨ। ਉਹਨਾਂ ਦੀ ਕੌਂਸਲ ਜਨਰਲ ਦੇ ਮਹੱਤਵਪੂਰਨ ਅਹੁਦੇ ਲਈ ਨਿਯੁਕਤੀ ਦੀ ਸਿਫਾਰਸ਼ ਉਹਨਾਂ ਦੇ ਸ਼ਾਨਦਾਰ ਪ੍ਰੋਫਾਈਲ ਨੂੰ ਵੇਖਦਿਆਂ ਕੀਤੀ ਗਈ ਸੀ। ਪਰ ਪ੍ਰਿਵੀ ਕੌਂਸਲ ਵਲੋਂ ਉਹਨਾਂ ਦੀ ਸੀਕਿਊਰਿਟੀ ਕਲੀਅਰੈਂਸ ਤੋਂ ਇਨਕਾਰ ਕਰਨਾ ਸੁਰੱਖਿਆ ਏਜੰਸੀਆਂ ਦੇ ਕੰਮਕਾਰ ਦੇ ਢੰਗ ਤਰੀਕਿਆਂ ਉਪਰ ਵੱਡਾ ਸਵਾਲ ਪੈਦਾ ਕਰਦਾ ਹੈ।