ਦਿਸ਼ਾਹੀਣ ਸਮਾਜ ਦੀ ਦਸ਼ਾ
ਤਰਲੋਚਨ ਮੀਰ
"ਸਿਰਨਾਵਾਂ" ਗੁਰਪ੍ਰੀਤ ਕੌਰ ਪ੍ਰੀਤ ਦੀ ਪਹਿਲੀ ਕਾਵਿ ਪੁਸਤਕ ਹੈ। ਸੋਸ਼ਲ ਮੀਡੀਆ ਉੱਤੇ ਅਕਸਰ ਉਹ ਕਵਿਤਾ ਸਾਂਝੀ ਕਰਦੇ ਰਹਿੰਦੇ ਨੇ।ਪ੍ਰੀਤ ਇੱਕ ਪਾਸੇ ਅਧਿਆਤਮਵਾਦੀ ਹੈ, ਦੂਜੇ ਪਾਸੇ ਪੂੰਜੀ ਪਸਾਰੇ ਨੇ ਉਹਨਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲਿਆ ਹੋਇਆ ਹੈ।ਜਿਸ ਤਰ੍ਹਾਂ ਦੇ ਸਮਾਜਿਕ ਵਾਤਾਵਰਣ ਵਿੱਚ ਉਹ ਵੱਡੇ ਹੋਏ ਉਹ ਵਾਤਾਵਰਨ ਵੱਡੀ ਸਾਧਨਾ, ਕਠਿਨ ਤਪੱਸਿਆ ਤੇ ਪਹਿਚਾਣ ਦੀ ਤੰਗਦਸਤੀ ਦਾ ਹੈ।ਕਾਮੇ ਕਿਰਤੀ ਦਾ ਪੈਰਾਂ ਉੱਤੇ ਸਿੱਧੇ ਖੜ੍ਹੇ ਹੋਣਾ ਤੇ ਆਪਣਾ, ਆਪਣੇ ਪਰਿਵਾਰ ਦਾ ਬੋਝ ਮੋਢਿਆਂ ਉੱਤੇ ਚੁੱਕ ਕੇ ਪਰਿਵਾਰ ਨੂੰ ਭੈੜੀ ਰਹਿਤਲ ਵਿੱਚੋਂ ਬਾਹਰ ਕੱਢ ਲੈਣ ਤੋਂ ਬਾਅਦ ਸਮਾਜ ਉਸਦੇ ਹਾਣ ਦਾ ਨਾ ਹੋਵੇ ਤਾਂ ਸਾਰੇ ਸੁਪਨੇ ਟੁੱਟਦੇ ਨੇ।ਉਹ ਉਸ ਅਣਦਿਸਦੇ ਵੱਲ ਜਾਣ ਦੀ ਇੱਛਾ ਰੱਖਦੀ ਹੈ ਜਿੱਥੇ ਮਨੁੱਖੀ ਸਿਰਨਾਵਾਂ ਨਹੀਂ। ਬਲਕਿ ਇੱਕ ਅਜਨਬੀ ਥਾਂ, ਨਾ ਤੇਰ ਨਾ ਮੇਰ। ਇਹ ਸੰਕਲਪ ਜਿੱਥੇ ਰੱਬ ਨਾਲ਼ ਮੇਲ ਵੱਲ ਇਸ਼ਾਰਾ ਹੈ ਓਥੇ ਭਾਰਤ ਵਿੱਚ ਹੋਏ ਪੂੰਜੀ ਦੇ ਪਸਾਰੇ ਨੇ ਮਨੁੱਖ ਲਈ ਕੋਈ ਸੰਤੁਲਿਤ ਜੀਵਨ ਨਹੀਂ ਬਖਸ਼ਿਆ। ਬਲਕਿ ਉਸਨੂੰ ਹੋਰ ਵੀ ਬੇਪਛਾਣ ਕਰ ਦਿੱਤਾ। ਤੇ ਸਮਾਜਿਕ ਦੋਹਰੇਪਣ ਦਾ ਸ਼ਿਕਾਰ ਹੋ ਕੇ ਰਹਿ ਗਿਆ। ਨੌਕਰੀ ਪੇਸ਼ੇ ਵਿੱਚ ਆਇਆ ਕਿਰਤੀ ਪਰਿਵਾਰ ਪੈਸੇ ਪੱਖੋਂ ਸੌਖਾ ਹੋ ਕੇ ਪਛੜੇ ਵਰਗ ਤੋਂ ਮੂੰਹ ਮੋੜ ਗਿਆ ।ਉਸ ਕੋਲ ਕੇਵਲ ਫ਼ੋਕੀ ਹਮਦਰਦੀ ਹੈ। ਉਹਨਾਂ ਦੇ ਹੱਕਾਂ ਲਈ ਸੰਘਰਸ਼ ਕਰਨਾ ਉਹਨਾਂ ਦੇ ਵਸ ਦੀ ਗੱਲ ਨਹੀਂ। ਏਦਾਂ ਦੀਆਂ ਅਨੇਕਾਂ ਸੰਗਤੀਆਂ ਵਿਸੰਗਤੀਆਂ ਵਿੱਚੋਂ ਗੁਜਰਦੀ ਹੋਈ ਪ੍ਰੀਤ ਦੀ ਕਵਿਤਾ ਨੀਰਸਤਾ ਤੇ ਨਿਰਾਸ਼ਾ ਦੇ ਆਲਮ ਵਿੱਚ ਉਲਾਂਭੇ ਭਰੇ ਵਿਰੋਧ ਕਰਦੀ ਹੈ।
ਫੋਕੀਆਂ ਫੜ੍ਹਾਂ ਮਾਰ ਦਿਹਾੜੀ ਛਡਾਉਂਦੇ ਨੇ,
ਕਿਹੜੇ ਥੋਡੇ ਨਾਂ ਤੇ ਇਹ ਕਿੱਲੇ ਕਰਾਉਂਦੇ ਨੇ,
ਕਰਦੇ ਫੰਡ ਇਕੱਠਾ ਪਾਰਟੀ ਖ਼ਾਤਰ ਜੋ,
ਥੋਡੀ ਜੇਬ 'ਚੋਂ ਪੀਣ ਸ਼ਰਾਬਾਂ ਮੁੜੋ ਵੇ,
ਹੁਣ ਉੱਠੋ ਜਾਗੋ ਸੁੱਤਿਓ ਮਜ਼ਦੂਰੋ ਵੇ।
ਉਪਰੋਕਤ ਸਤਰਾਂ ਕਿਰਤ ਦੀ ਦੋਹਰੀ ਲੁੱਟ ਵੱਲ ਸੰਕੇਤ ਹੈ। ਕਿਰਤੀਆਂ ਦੀ ਬੌਧਿਕ ਤੰਗੀ ਦਾ ਫ਼ਾਇਦਾ ਝੂਠੇ ਹਮਦਰਦ ਚੁੱਕ ਰਹੇ ਨੇ।
ਔਰਤ ਨਾਲ਼ ਬੇਇਨਸਾਫ਼ੀ ਆਜ਼ਾਦੀ ਤੋਂ ਪਹਿਲਾਂ ਵੀ ਸੀ ਤੇ ਆਜ਼ਾਦੀ ਤੋਂ ਬਾਅਦ ਵੀ ਹੈ।ਪ੍ਰੀਤ ਨੂੰ ਇਹ ਤਕਲੀਫ਼ ਹੈ ਕਿ ਆਜ਼ਾਦੀ ਤੋਂ ਬਾਅਦ ਤਾਂ ਔਰਤ ਆਜ਼ਾਦ ਹੁੰਦੀ।ਉਸ ਉੱਤੇ ਹੋ ਰਹੇ ਜ਼ੁਲਮ ਰੁਕਦੇ ਨਹੀਂ, ਔਰਤ ਵਿਰੋਧੀ ਪ੍ਰਬੰਧ ਉਸੇ ਤਰ੍ਹਾਂ ਕਾਇਮ ਹੈ।
ਨਿੱਕੀ ਬਾਲੜੀ ਡਰਦੀ ਕੱਲੀ ਹੱਟੀ ਤੱਕ ਨਾ ਜਾਵੇ ਵੇ,
ਆਪਣੇ ਹੀ ਘਰ ਦੀ ਡਿਉਢੀ ਤੋਂ ਇਹਨੂੰ ਡਰ ਜਿਹਾ ਆਵੇ ਵੇ।
ਤੂੰ ਹੀ ਦੱਸ ਭਲਾ ਮਹਿਫੂਜ਼ ਰਹੂ ਕਿੱਥੇ ਹੋਰ ਵੇ ਰੱਬਾ।
ਇਉਂ ਅੱਜ ਵੀ ਧੀਆਂ ਦੇਸ਼ ਦੀਆਂ ਕਮਜ਼ੋਰ ਵੇ ਰੱਬਾ।
ਸੱਭਿਆਚਾਰ ਕੋਈ ਠੋਸ ਵਸਤੂ ਨਹੀਂ ਜਿਸ ਨੂੰ ਜਿਸ ਤਰ੍ਹਾਂ ਮਰਜ਼ੀ ਰੱਖਿਆ ਜਾਵੇ। ਸੱਭਿਆਚਾਰ ਆਰਥਿਕਤਾ ਉੱਤੇ ਟਿਕਿਆ ਹੁੰਦਾ ਹੈ। ਜਦੋਂ ਆਰਥਿਕ ਪ੍ਰਬੰਧ ਬਦਲਦੇ ਨੇ ਸੱਭਿਆਚਾਰ ਬਦਲ ਜਾਂਦਾ ਹੈ। ਆਰਥਿਕ ਸਾਧਨਾਂ ਦੀ ਤਬਦੀਲੀ ਸੱਭਿਆਚਾਰ 'ਚ ਤਬਦੀਲੀ ਲੈ ਆਉਂਦੀ ਹੈ। ਪਰ ਕਵਿੱਤਰੀ ਨੂੰ ਇਸ ਤਰ੍ਹਾਂ ਦੀ ਤਬਦੀਲੀ ਮਨਜ਼ੂਰ ਨਹੀਂ। ਉਹ ਆਪਣੇ ਪੁਰਾਣੇ ਸੱਭਿਆਚਾਰ ਨੂੰ ਆਵਾਜ਼ਾਂ ਮਾਰਦੀ ਹੈ।
ਨਵੇਂ ਸੰਗ ਰਲ ਕੇ ਪੁਰਾਣੇ ਨਾ ਭੁੱਲੋ,
ਪਾਵੇ ਲਾਹਨਤਾਂ ਜ਼ਮੀਰ ਸਾਨੂੰ ਇਸ ਦੀ ।
ਛੂੰਹਦਾ ਏ ਆਕਾਸ਼ ਦੀ ਬੁਲੰਦੀ ਨੂੰ ਵੀ ਉਹੀ ,
ਚੰਗੀ ਸੱਭਿਅਤਾ ਹੁੰਦੀ ਹੈ ਜਿਹੜੀ ਦੇਸ਼ ਦੀ।
ਪ੍ਰੀਤ ਦੀ ਕਲਮ ਵਾਲਾ ਸੱਚ ਆਖੇ ਗੀਤ,
ਸਾਨੂੰ ਸਾਰਿਆਂ ਨੂੰ ਸੋਚਾਂ ਵਿੱਚ ਪਾਈ ਜਾਂਦਾ ਹੈ।
ਅਜੇ ਵੀ ਸੰਭਾਲ ਲਓ ਪੰਜਾਬੀਓ ਪੰਜਾਬਣੋਂ
ਸਾਡਾ ਸੱਭਿਆਚਾਰ ਕੁਰਲਾਈ ਜਾਂਦਾ ਏ।
ਅਖੌਤੀ ਵਿਕਾਸ ਮਨੁੱਖ ਦੇ ਵਿਨਾਸ਼ ਦਾ ਕਾਰਨ ਬਣਦਾ। ਪ੍ਰੀਤ ਨੂੰ ਇਹ ਤਕਲੀਫ਼ ਹੈ ਕਿ ਮਨੁੱਖ ਨੇ ਜਿਹੜਾ ਵਿਕਾਸ ਕੀਤਾ ਹੈ, ਜਿਹੜੀ ਕੁਦਰਤ ਨਾਲ ਲੜਾਈ ਲੜ ਰਿਹਾ ਹੈ, ਆਖ਼ਰ ਉਸਨੂੰ ਹਾਰਨਾ ਪਵੇਗਾ। ਕਿਉਂ ਕਿ ਜੋ ਕੁਦਰਤ ਦੇ ਨਿਯਮ ਨੇ, ਉਹਨਾਂ ਨਿਯਮਾਂ ਤਹਿਤ ਚੱਲ ਕੇ ਹੀ ਉਹ ਜਿੰਦਾ ਰਹਿ ਸਕਦਾ ਹੈ ।
ਮਾਂ ਧਰਤੀ ਪਿਤਾ ਪਾਣੀ,
ਪਵਨ ਗੁਰੂ ਧੁੰਦਲੇ ਕਰ ਦਿੱਤੇ।
ਸੋਹਣੇ ਰੱਬ ਦੇ ਨਿਯਮ,
ਪਤੰਦਰਾਂ ਸਿੱਕੇ ਟੰਗ ਦਿੱਤੇ।
ਆਪਣੇ ਗੁਨਾਹਾਂ ਦਾ ਚਿੱਠਾ,
ਇਥੋਂ ਪੜ੍ਹਿਆ ਨਹੀਂ ਜਾਣਾ।
ਨਾ ਲੜ ਉਸ ਕੁਦਰਤ ਨਾਲ,
ਸੱਜਣਾਂ ਲੜਿਆ ਨਹੀਂ ਜਾਣਾ ।
ਵਰਤਮਾਨ ਪ੍ਰਬੰਧ ਇਕੱਲੇ ਕਾਰੇ ਮਨੁੱਖ ਦੀ ਕਦਰ ਨਹੀਂ ਕਰਦਾ। ਸਮਾਜਿਕ ਤੌਰ ਤੇ ਪਛੜਿਆ ਮਨੁੱਖ ਹਮੇਸ਼ਾਂ ਪਛੜ ਕੇ ਰਹਿ ਜਾਂਦਾ ਹੈ। ਆਉਂਦੇ ਜਾਂਦੇ ਲੋਕ ਉਸ ਵੱਲ ਧਿਆਨ ਨਹੀਂ ਦਿੰਦੇ। ਉਸ ਦਾ ਜੀਵਨ ਬਿਲਕੁਲ ਬੇਪਹਿਚਾਣ ਰੋਹੀ ਦੇ ਫੁੱਲ ਵਰਗਾ ਹੁੰਦਾ ਹੈ। ਪ੍ਰੀਤ ਨੇ ਰੋਹੀ ਦੇ ਫੁੱਲ ਨੂੰ ਲੈ ਕੇ ਬੜੀ ਸਿੰਬੋਲਿਕ ਕਵਿਤਾ ਸਿਰਜੀ ਹੈ।
ਪੰਛੀ ਉੱਪਰੋਂ ਲੰਘ ਜਾਂਦੇ ਨੇ,
ਲੰਬੀਆਂ ਬੰਨ੍ਹ ਕਤਾਰਾਂ।
ਉਸਦੀ ਟਾਹਣੀ ਕਦੇ ਨਾ ਬੈਠਣ,
ਘੁੱਗੀਆਂ ਅਤੇ ਗੁਟਾਰਾਂ।
ਰਾਹਾਂ ਦੇ ਵਿੱਚ ਨੈਣ ਵਿਛਾ ਕੇ,
ਰਹਿੰਦਾ ਹਉਂਕੇ ਭਰਦਾ।
ਰੋਹੀ ਦੇ ਫੁੱਲ ਨੂੰ ਵੇ ਅੜਿਆ, ਕੌਣ ਹੈ ਵਾੜਾਂ ਕਰਦਾ।
ਇਸ ਮੰਡੀ ਦੇ ਦੌਰ ਵਿੱਚ ਧਰਮ, ਕਰਮ, ਕੁਰਬਾਨੀ ਪਿੱਛੇ ਰਹਿ ਜਾਂਦੀ ਹੈ। ਲੋਕ ਨਿੱਜੀ ਸਵਾਰਥਾਂ ਲਈ ਹਰ ਤਰ੍ਹਾਂ ਦੇ ਗ਼ਲਤ ਤਰੀਕੇ ਵਰਤ ਕੇ ਅੱਗੇ ਵਧਣਾ ਚਾਹੁੰਦੇ ਹਨ।ਐਸੇ ਦੌਰ ਵਿੱਚ ਕੁਰਬਾਨੀ ਦਾ ਜਜ਼ਬਾ ਕਾਇਮ ਰੱਖਣਾ ਅਤਿ ਮੁਸ਼ਕਲ ਹੈ। ਪ੍ਰੀਤ ਪੰਜਾਬ ਦੇ ਜੁਝਾਰੂ ਵਿਰਸੇ ਨੂੰ ਸਾਹਮਣੇ ਰੱਖ ਕੇ ਪੰਜਾਬੀਆਂ ਨੂੰ ਵੰਗਾਰਦੀ ਹੈ ਤੇ ਯਾਦ ਕਰਾਉਂਦੀ ਹੈ ਕਿ ਆਪਣੀ ਵਿਰਾਸਤ ਨਾ ਭੁੱਲੋ। ਸਿੱਖੀ ਕੁਰਬਾਨੀਆਂ ਨਾਲ਼ ਭਰੀ ਹੋਈ ਹੈ। ਇਸਦੀ ਸੰਭਾਲ ਕਰਨ ਤਾਂ ਜੋ ਪੰਜਾਬੀਅਤ ਕਾਇਮ ਰਹਿ ਸਕੇ।
ਸੀਸ ਦੇ ਕੇ ਸਿੱਖੀ ਮਿਲੀ ਆਪਾਂ ਨੂੰ,
ਲਵੋ ਰਲ ਮਿਲ ਇਸ ਨੂੰ ਸੰਭਾਲ ਜੀ,
ਪੜ੍ਹ ਲਵੋ ਇਤਿਹਾਸ ਸਾਰੇ ਜੱਗ ਦਾ,
ਕਿਤੋਂ ਲੱਭਣੀ ਨਾ ਏਦਾਂ ਦੀ ਮਿਸਾਲ ਜੀ।
ਪ੍ਰੀਤ ਕਰੇ ਅਰਜੋਈ ਹੱਥ ਜੋੜ ਕੇ,
ਸਿੱਖ ਕੌਮ ਰਹੇ ਹਰੀ ਤੇ ਭਰੀ,
ਲੜੇ ਅਜੀਤ ਤੇ ਜੁਝਾਰ ਹਿੱਕਾਂ ਤਾਣ ਕੇ,
ਦੇਖੋ ਚਮਕੌਰ ਦੀ ਗੜ੍ਹੀ।
ਇਸੇ ਤਰ੍ਹਾਂ ਦੀ ਉਹਨਾਂ ਦੀ ਇੱਕ ਹੋਰ ਕਵਿਤਾ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਜਵਾਨੀ ਨੂੰ ਵੰਗਾਰਦੀ ਹੈ ਕਿ ਖੰਡੇ ਨੂੰ ਹੱਥ ਪਾਉਣ ਵਾਲੇ ਹੱਥ ਆਪ ਖੜ ਖੜ ਕਰਦੇ ਨੇ ਤੇ ਉਹਨਾਂ ਦੀਆਂ ਨਬਜ਼ਾਂ 'ਚ ਟੀਕੇ ਲੱਗ ਰਹੇ ਨੇ। ਪੰਜਾਬ ਦੀ ਵਿਰਾਸਤ ਖ਼ਤਮ ਹੋ ਰਹੀ ਹੈ। ਇਸ ਜਵਾਨੀ ਨੂੰ ਸੰਭਾਲਣ ਦੀ ਲੋੜ ਹੈ। ਇਸ ਬਾਰੇ ਪ੍ਰੀਤ ਬਹੁਤ ਫ਼ਿਕਰਮੰਦ ਹੈ। ਉਸ ਨੂੰ ਫ਼ਿਕਰ ਹੈ ਕਿ ਪੰਜਾਬ ਦੀਆਂ ਲੜਕੀਆਂ ਲੜਕੇ ਨਸ਼ੇ 'ਚ ਫਸ ਰਹੇ ਨੇ। ਉਹਨਾਂ ਤੋਂ ਵਿਰਾਸਤ ਵਿੱਚ ਮਿਲੀ ਕੁਰਬਾਨੀ ਭਰੀ ਪਹੁੰਚ ਪ੍ਰਾਪਤ ਕਰਨੀ ਜਾਂ ਇਹ ਆਸ ਰੱਖਣੀ ਬੜੀ ਮੁਸ਼ਕਿਲ ਹੈ।
ਕੀ ਉਹਨਾਂ ਖੰਡਾ ਖੜਕਾਉਣਾ, ਖੜ ਖੜ ਕਰਦੇ ਆਪ ਜੋ।
ਆਪਣੀਆਂ ਨਬਜ਼ਾਂ ਟੀਕਿਆਂ ਨਾਲ ਵਿੰਨ੍ਹ ਰਹੇ ਨੇ ਆਪ ਜੋ।
ਇਸ ਤਰ੍ਹਾਂ ਪ੍ਰੀਤ ਦੀ ਕਵਿਤਾ ਸਮੁੱਚੇ ਆਰਥਿਕ ਸਮਾਜਿਕ ਵਰਤਾਰੇ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਆਰਥਿਕ ਤਬਦੀਲੀਆਂ ਨੇ ਸਮਾਜਿਕ ਤਬਦੀਲੀਆਂ ਕੀਤੀਆਂ ਜਿਸ ਦਾ ਨਤੀਜਾ ਟੁੱਟ ਰਹੀ ਭਾਈਚਾਰਕ ਸਾਂਝ , ਭੈਣ ਭਰਾ ਦੀ
ਸਾਂਝ ,ਆਪਸੀ ਰਿਸ਼ਤੇ ਨਾਤਿਆਂ ਦਾ ਦੂਰ ਹੋਣਾ ਹੈ। ਮਾਪਿਆਂ ਦਾ ਔਲਾਦ ਅੱਗੇ ਲਾਚਾਰ ਹੋਣਾ,ਅਨੇਕਾਂ ਹੀ ਹੋਰ ਵਿਸ਼ੇ ਹਨ ਜਿਹੜੇ ਖਾਸ ਤੌਰ ਤੇ ਪੰਜਾਬੀਆਂ ਨੂੰ ਸੁਚੇਤ ਕਰਦੇ ਨੇ। ਉਹ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆ ਕੇ ਪੰਜਾਬੀਅਤ ਭੁੱਲ ਰਹੇ ਨੇ ਤੇ ਆਪਣੇ ਵਡਾਰੂਆਂ ਦੀ ਦਿੱਤੀ ਹੋਈ ਕੁਰਬਾਨੀ ਅਤੇ ਇਸ ਦੇ ਜਜ਼ਬੇ ਨੂੰ ਦਿਲੋਂ ਵਿਸਾਰ ਰਹੇ ਨੇ। ਔਰਤ ਨਾਲ ਹੋ ਰਹੀ ਧੱਕੇਸ਼ਾਹੀ ਪ੍ਰੀਤ ਨਹੀਂ ਜਰ ਸਕਦੀ। ਆਜ਼ਾਦੀ ਦੇ ਐਨੇ ਵਰ੍ਹਿਆਂ ਬਾਅਦ ਵੀ ਜੇਕਰ ਵਰਤਮਾਨ ਹਾਲਾਤ ਸਾਡੇ ਪੱਖ 'ਚ ਨਹੀਂ ਹੋਏ ਤਾਂ ਆਉਣ ਵਾਲੇ ਸਮੇਂ 'ਚ ਕੀ ਉਮੀਦ ਕਰੀ ਜਾ ਸਕਦੀ ਹੈ। ਇਸ ਤਰ੍ਹਾਂ ਪ੍ਰੀਤ ਦਾ ਮਨ ਸੰਵੇਦਨਸ਼ੀਲ ਹੈ ਜੋ ਹਰ ਤਰ੍ਹਾਂ ਦੇ ਗ਼ਲਤ ਵਰਤਾਰੇ ਬਾਰੇ ਕਿੰਤੂ ਕਰਦਾ ਹੈ। ਉਸ ਦੀਆਂ ਕਵਿਤਾਵਾਂ ਵਿੱਚ ਸੱਚੀ ਮੁੱਚੀ ਦਾ ਫ਼ਿਕਰ ਹੈ ਜੋ ਸ਼ਾਇਰ ਲਈ ਲਾਜ਼ਮੀ ਹੁੰਦਾ। ਏਦਾਂ ਦੀ ਪੁਸਤਕ ਨੂੰ ਖੁਸ਼ਾਮਦੀਦ ਕਹਿਣਾ ਬਣਦਾ ਹੈ। ਮੈਂ ਇਸ ਪੁਸਤਕ ਨੂੰ ਖੁਸ਼ਾਮਦੀਦ ਕਹਿੰਦਾਂ ਤੇ ਪ੍ਰੀਤ ਨੂੰ ਮੁਬਾਰਕਬਾਦ ਦਿੰਨਾਂ ਹਾਂ।

-
ਤਰਲੋਚਨ ਮੀਰ, ਲੇਖਕ
...
9417587243
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.