ਕਪੂਰਥਲਾ : ਵਿਆਹ ਪੁਰਬ ਦੇ ਨਗਰ ਕੀਰਤਨ ਦੌਰਾਨ ਖੂਨੀ ਝੜਪ
ਟਰੈਫਿਕ ਨੂੰ ਲੈ ਕੇ ਨਿਹੰਗ ਸਿੰਘਾਂ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਾਲੇ ਤਕਰਾਰ, ਇੱਕ ਜ਼ਖਮੀ
ਘਟਨਾ ਸੀਸੀਟੀਵੀ ਚ ਕੈਦ
ਕਪੂਰਥਲਾ 17 ਸਤੰਬਰ, 2026
: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਅੱਜ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਵਿਖੇ ਟਰੈਫਿਕ ਨੂੰ ਲੈ ਕੇ ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਸੇਵਾਦਾਰਾਂ ਵਿਚਾਲੇ ਤਕਰਾਰ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਨਗਰ ਕੀਰਤਨ ਵਿੱਚ ਸ਼ਾਮਲ ਗੱਡੀਆਂ ਦੀ ਲੰਮੀ ਕਤਾਰ ਕਾਰਨ ਭੰਡਾਲ ਬੇਟ ਵਿਖੇ ਜਾਮ ਲੱਗ ਗਿਆ ਸੀ। ਇਸ ਦੌਰਾਨ ਕੁਝ ਨਿਹੰਗ ਸਿੰਘਾਂ ਦੀਆਂ ਗੱਡੀਆਂ ਵੀ ਜਾਮ ਵਿੱਚ ਫਸ ਗਈਆਂ।
ਪ੍ਰਤੱਖ ਦਰਸ਼ੀਆਂ ਮੁਤਾਬਕ ਗੱਡੀ ਪਾਸੇ ਕਰਨ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਬਹਿਸ ਹੋਈ। ਨਿਹੰਗ ਸਿੰਘਾਂ ਵੱਲੋਂ ਕਥਿਤ ਤੌਰ ’ਤੇ ਅੱਗੇ ਰਸਤਾ ਬੰਦ ਹੋਣ ਦੀ ਗੱਲ ਕਹੀ ਗਈ, ਪਰ ਮਾਮਲਾ ਗੱਲਬਾਤ ਤੋਂ ਵਧ ਕੇ ਤਕਰਾਰ ਅਤੇ ਫਿਰ ਝੜਪ ਵਿੱਚ ਬਦਲ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਨਿਹੰਗ ਸਿੰਘ ਵੱਲੋਂ ਕਿਰਪਾਨ ਨਾਲ ਵਾਰ ਕੀਤੇ ਜਾਣ ਕਾਰਨ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਇੱਕ ਮੁਲਾਜ਼ਮ ਜ਼ਖਮੀ ਹੋ ਗਿਆ। ਜ਼ਖਮੀ ਨੂੰ ਪਹਿਲਾਂ ਸਥਾਨਕ ਨਿੱਜੀ ਡਾਕਟਰ ਕੋਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਸਾਥੀ ਮੁਲਾਜ਼ਮ ਐਂਬੂਲੈਂਸ ਰਾਹੀਂ ਉਸ ਨੂੰ ਵੱਡੇ ਹਸਪਤਾਲ ਲਈ ਲੈ ਗਏ।
ਘਟਨਾ ਦੌਰਾਨ ਮੌਕੇ ’ਤੇ ਮੌਜੂਦ ਪੱਤਰਕਾਰਾਂ ਨਾਲ ਵੀ ਕਥਿਤ ਤੌਰ ’ਤੇ ਬਦਸਲੂਕੀ ਹੋਣ ਦੀ ਗੱਲ ਸਾਹਮਣੇ ਆਈ ਹੈ। ਪੱਤਰਕਾਰਾਂ ਵੱਲੋਂ ਘਟਨਾ ਦੀ ਵੀਡੀਓ ਬਣਾਉਣ ਅਤੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੈਮਰੇ ਅੱਗੇ ਹੱਥ ਰੱਖਣ ਅਤੇ ਵੀਡੀਓ ਬਣਾਉਣ ਤੋਂ ਰੋਕਣ ਦੇ ਦੋਸ਼ ਲੱਗੇ ਹਨ।
ਹਾਲਾਂਕਿ ਮੌਕੇ ’ਤੇ ਮੌਜੂਦ ਪੁਲਿਸ ਫੋਰਸ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਨਿਹੰਗ ਸਿੰਘ ਅਗਲੀ ਮੰਜ਼ਿਲ ਵੱਲ ਰਵਾਨਾ ਹੋ ਗਏ, ਜਦਕਿ ਜ਼ਖਮੀ ਸ਼੍ਰੋਮਣੀ ਕਮੇਟੀ ਮੁਲਾਜ਼ਮ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਸਬੰਧੀ ਦੋਹਾਂ ਧਿਰਾਂ ਦਾ ਪੱਖ ਅਤੇ ਪੁਲਿਸ ਦੀ ਅਧਿਕਾਰਤ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।
- Download Babushahi App
-
-