ਧਰਮਗੜ੍ਹ ’ਚ ਖੜ੍ਹੇ ਦੋ ਟਰੱਕਾਂ ਦੇ 10 ਟਾਇਰ ਰਿੰਮਾ ਸਮੇਤ ਚੋਰੀ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਸਤੰਬਰ 2026: ਲਾਲੜੂ ਥਾਣੇ ਅਧੀਨ ਪੈਂਦੇ ਪਿੰਡ ਧਰਮਗੜ੍ਹ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਸੰਪਰਕ ਸੜਕ ’ਤੇ ਖੜ੍ਹੇ ਦੋ ਟਰਾਲਿਆਂ ਦੇ 10 ਟਾਇਰ ਰਿੰਮਾਂ ਸਮੇਤ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰਾਲਾ ਮਾਲਕਾਂ ਵੱਲੋਂ ਇਸ ਸਬੰਧੀ ਥਾਣਾ ਲਾਲੜੂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਟਰਾਲਾ ਮਾਲਕ ਰਾਜ ਕੁਮਾਰ ਪਿੰਡ ਧਰਮਗੜ੍ਹ ਨੇ ਦੱਸਿਆ ਕਿ ਉਸ ਨੇ ਧਰਮਗੜ੍ਹ ਮੁੱਖ ਸੜਕ ਤੇ ਪਿੰਡ ਤੋਂ ਕਰੀਬ 50 ਮੀਟਰ ਦੀ ਦੂਰੀ ’ਤੇ ਆਪਣਾ ਟਰੱਕ ਖੜ੍ਹਾ ਕੀਤਾ ਹੋਇਆ ਸੀ, ਜਦੋਂ ਸਵੇਰੇ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਟਰਾਲਾ ਇੰਟਰਲਾਕ ਟਾਇਲਾਂ ਤੇ ਖੜਿਆ ਸੀ ਅਤੇ ਇਸ ਦੇ ਟਰਾਲੇ ਦੇ ਪਿਛਲੇ ਦੋਹਾਂ ਪਾਸਿਆਂ ਤੋਂ 8 ਟਾਇਰ ਰਿੰਮਾਂ ਸਮੇਤ ਗਾਇਬ ਸਨ। ਉਸ ਨੇ ਦੱਸਿਆ ਕਿ ਇਹ ਟਾਇਰ ਕਰੀਬ ਇੱਕ ਮਹੀਨਾ ਪਹਿਲਾਂ ਹੀ ਪਵਾਏ ਸਨ, ਜਿਨ੍ਹਾਂ ’ਤੇ ਢਾਈ ਲੱਖ ਰੁਪਏ ਤੋਂ ਵੱਧ ਦਾ ਖਰਚ ਆਇਆ ਸੀ। ਇਸੇ ਤਰ੍ਹਾਂ ਦੂਜੇ ਟਰਾਲਾ ਮਾਲਕ ਓਮ ਪ੍ਰਕਾਸ਼ ਪਿੰਡ ਧਰਮਗੜ੍ਹ ਨੇ ਦੱਸਿਆ ਕਿ ਰਾਜ ਕੁਮਾਰ ਦੇ ਟਰਾਲੇ ਦੇ ਨੇੜੇ ਹੀ ਉਨ੍ਹਾਂ ਦਾ ਟਰਾਲਾ ਖੜਿਆ ਸੀ , ਜਿਸ ਦੇ ਪਿਛਲੇ ਟਾਇਰ ਗਾਇਬ ਸਨ ਅਤੇ ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਦੋਵੇਂ ਨਵੇਂ ਟਾਇਰ ਪਵਾਏ ਸਨ, ਜਿਨ੍ਹਾਂ ਦੀ ਕੀਮਤ 50 ਹਜ਼ਾਰ ਰੁਪਏ ਤੋਂ ਵੱਧ ਸੀ। ਇਹ ਦੋਵੇਂ ਟਾਇਰ ਵੀ ਅਣਪਛਾਤੇ ਵਿਅਕਤੀ ਰਾਤ ਸਮੇਂ ਰਿੰਮਾਂ ਸਮੇਤ ਚੋਰੀ ਕਰਕੇ ਲੈ ਗਏ। ਦੋਵੇਂ ਟਰਾਲਾ ਮਾਲਕਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਥਾਣਾ ਮੁੱਖੀ ਲਾਲੜੂ ਯੋਗੇਸ਼ ਕੁਮਾਰ ਨੇ ਦੱਸਿਆ ਕਿ ਟਰਾਲਾ ਮਾਲਕਾਂ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਰਸਤੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਵੇਖੀ ਜਾ ਰਹੀ ਹੈ।