ਵਿਆਹ ਪੁਰਬ ਦੀਆਂ ਖੁਸ਼ੀਆਂ ’ਚ ਗੂੰਜੀ ਪਵਿੱਤਰ ਨਗਰੀ; ਬੇਰ ਸਾਹਿਬ ਤੋਂ ਬਟਾਲਾ ਲਈ ਵਿਸ਼ਾਲ ਨਗਰ ਕੀਰਤਨ ਰਵਾਨਾ
ਪੰਜ ਪਿਆਰਿਆਂ ਦੀ ਅਗਵਾਈ ’ਚ ਸਜੀ ਗੁਰੂ ਨਾਨਕ ਦੇਵ ਜੀ ਦੀ ਬਰਾਤ- ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ
ਸੁਲਤਾਨਪੁਰ ਲੋਧੀ, 16 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)—ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਪਵਿੱਤਰ ਵਿਆਹ ਪੁਰਬ ਦੀਆਂ ਖੁਸ਼ੀਆਂ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਚਰਮ ’ਤੇ ਨਜ਼ਰ ਆਈਆਂ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਪੂਰੀ ਸ਼ਰਧਾ ਅਤੇ ਗੁਰਮਰਿਆਦਾ ਅਨੁਸਾਰ ਵਿਸ਼ਾਲ ਨਗਰ ਕੀਰਤਨ ਬਟਾਲਾ ਲਈ ਰਵਾਨਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਿਆ ਬਰਾਤ ਰੂਪੀ ਨਗਰ ਕੀਰਤਨ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ।
ਨਗਰ ਕੀਰਤਨ ਦੀ ਆਰੰਭਤਾ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਗੁਰਬਾਣੀ ਕੀਰਤਨ ਅਤੇ ‘ਸਤਿਨਾਮ ਵਾਹਿਗੁਰੂ’ ਦੇ ਜੈਕਾਰਿਆਂ ਨਾਲ ਸਮੁੱਚਾ ਇਲਾਕਾ ਗੂੰਜ ਉੱਠਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ‘ਆਪ’ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਮੌਜੂਦ ਸਨ।
ਵਿਆਹ ਪੁਰਬ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਸੀ, ਜਿਸ ਨੇ ਪਵਿੱਤਰ ਨਗਰੀ ਦੀ ਰੌਣਕ ਨੂੰ ਹੋਰ ਚਾਰ ਚੰਨ ਲਾ ਦਿੱਤੇ।
ਨਗਰ ਕੀਰਤਨ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਸਵਾਗਤ ਲਈ ਪ੍ਰਬੰਧ ਕੀਤੇ ਗਏ ਹਨ। ਲੰਗਰ ਅਤੇ ਛਬੀਲਾਂ ਰਾਹੀਂ ਸੰਗਤ ਦੀ ਸੇਵਾ ਕੀਤੀ ਜਾ ਰਹੀ ਹੈ, ਜਦਕਿ ਧਾਰਮਿਕ ਜਥਿਆਂ ਵੱਲੋਂ ਕੀਤੇ ਜਾ ਰਹੇ ਗੁਰਬਾਣੀ ਕੀਰਤਨ ਨਾਲ ਸਮੁੱਚਾ ਮਾਹੌਲ ਰੂਹਾਨੀਅਤ ਨਾਲ ਭਰਿਆ ਹੋਇਆ ਹੈ।
- Download Babushahi App
-
-