ਕਿਸ਼ੋਰੀਆਂ ਦੀ ਸਿਹਤ ਤੇ ਸੁਰੱਖਿਆ ਲਈ ਲੁਧਿਆਣਾ ਪੁਲਿਸ ਦੀ ਵਿਸ਼ੇਸ਼ ਮੁਹਿੰਮ
---12 ਤੋਂ 18 ਸਾਲ ਦੀਆਂ ਲੜਕੀਆਂ ਨੂੰ ਸਿਹਤ, ਕਾਨੂੰਨੀ ਅਧਿਕਾਰਾਂ, ਡਿਜੀਟਲ ਸਾਖਰਤਾ ਤੇ ਕਰੀਅਰ ਬਾਰੇ ਕੀਤਾ ਜਾਵੇਗਾ ਜਾਗਰੂਕ
ਸੁਖਮਿੰਦਰ ਭੰਗੂ
ਲੁਧਿਆਣਾ, 18 ਸਤੰਬਰ 2026
ਕਿਸ਼ੋਰੀਆਂ ਦੀ ਸਿਹਤ, ਸੁਰੱਖਿਆ, ਸਿੱਖਿਆ ਅਤੇ ਸਰਵਪੱਖੀ ਵਿਕਾਸ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ 12 ਤੋਂ 18 ਸਾਲ ਦੀਆਂ ਲੜਕੀਆਂ ਲਈ ਵਿਸ਼ੇਸ਼ ਜਾਗਰੂਕਤਾ ਤੇ ਸਸ਼ਕਤੀਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਲਾਈਨਜ਼ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ, ਆਈ.ਪੀ.ਐੱਸ., ਵਿਸ਼ੇਸ਼ ਡੀ.ਜੀ.ਪੀ., ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਨੇ ਕੀਤੀ।
ਮੀਟਿੰਗ ਵਿੱਚ ਪੁਲਿਸ, ਸਿਹਤ, ਸਿੱਖਿਆ ਵਿਭਾਗ, ਡੀ.ਐੱਮ.ਸੀ., ਐੱਨ.ਜੀ.ਓਜ਼ ਅਤੇ ਹੋਰ ਸਬੰਧਤ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮੁਹਿੰਮ ਤਹਿਤ ਸਰੀਰਕ ਤੇ ਮਾਨਸਿਕ ਸਿਹਤ, ਪੋਸ਼ਣ, ਮਾਹਵਾਰੀ ਸਫ਼ਾਈ, ਕਾਨੂੰਨੀ ਤੇ ਸੁਰੱਖਿਆ ਜਾਗਰੂਕਤਾ, ਡਿਜੀਟਲ-ਵਿੱਤੀ ਸਾਖਰਤਾ, ਕਰੀਅਰ ਗਾਈਡੈਂਸ ਅਤੇ ਲੀਡਰਸ਼ਿਪ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਮੁਹਿੰਮ ਦਾ ਦਾਇਰਾ ਸਕੂਲਾਂ-ਕਾਲਜਾਂ ਤੋਂ ਇਲਾਵਾ ਸਕੂਲ ਛੱਡ ਚੁੱਕੀਆਂ, ਆਰਥਿਕ ਤੌਰ ’ਤੇ ਕਮਜ਼ੋਰ, ਪ੍ਰਵਾਸੀ ਪਰਿਵਾਰਾਂ ਨਾਲ ਸਬੰਧਤ ਅਤੇ ਬਾਲ ਮਜ਼ਦੂਰੀ ਜਾਂ ਛੋਟੀ ਉਮਰ ਦੇ ਵਿਆਹ ਦੇ ਖ਼ਤਰੇ ਵਾਲੀਆਂ ਲੜਕੀਆਂ ਤੱਕ ਵੀ ਵਧਾਇਆ ਜਾਵੇਗਾ।
ਇਸ ਲਈ ਸਿਹਤ ਜਾਂਚ, ਵੋਕੇਸ਼ਨਲ ਟ੍ਰੇਨਿੰਗ, ਨੁੱਕੜ ਨਾਟਕ, ਜਾਣਕਾਰੀ ਭਰਪੂਰ ਵੀਡੀਓਜ਼ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਦਾ ਸਹਾਰਾ ਲਿਆ ਜਾਵੇਗਾ। ਮੁਹਿੰਮ ਦੀ ਸਮੱਗਰੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਉਪਲਬਧ ਕਰਵਾਈ ਜਾਵੇਗੀ।
ਮੀਟਿੰਗ ਵਿੱਚ ਸ੍ਰੀਮਤੀ ਰੁਪਿੰਦਰ ਭੱਟੀ, ਪੀ.ਪੀ.ਐੱਸ., ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ, ਇਨਵੈਸਟੀਗੇਸ਼ਨ-ਕਮ-ਡਿਸਟ੍ਰਿਕਟ ਕਮਿਊਨਿਟੀ ਪੁਲਿਸਿੰਗ ਅਫ਼ਸਰ, ਲੁਧਿਆਣਾ, ਸਿਵਲ ਸਰਜਨ ਡਾ. ਰਾਮਨਦੀਪ ਕੌਰ, ਡੀ.ਐੱਮ.ਸੀ. ਲੁਧਿਆਣਾ ਤੋਂ ਡਾ. ਅਨੁਰਾਗ, ਡੀ.ਸੀ.ਪੀ.ਓ. ਲੁਧਿਆਣਾ ਤੋਂ ਸ੍ਰੀਮਤੀ ਰਸ਼ਮੀ, ਆਈ.ਡੀ.ਆਰ.ਐੱਫ. ਚੰਡੀਗੜ੍ਹ ਦੇ ਖੋਜਕਰਤਾ, ਸਿੱਖਿਆ ਵਿਭਾਗ ਤੋਂ ਅਮਨਦੀਪ ਸਿੰਘ ਅਤੇ ਡੂ ਗੁੱਡ ਫਾਊਂਡੇਸ਼ਨ ਲੁਧਿਆਣਾ ਤੋਂ ਜੈਸਮੀਨ ਪਾਹਵਾ ਸਮੇਤ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
- Download Babushahi App
-
-