ਸਜਾਵਲਪੁਰ ’ਚ ਮਾਂ ਨੂੰ ਸਮਰਪਿਤ ਸ਼ਾਇਰਾਨਾ ਸ਼ਾਮ ਜੁੜੀ
ਸਵ. ਅਮਰ ਕੌਰ ਮੰਡੇਰ ਦੇ ਜੀਵਨ ਸਫ਼ਰ ਨੂੰ ਯਾਦ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 13 ਸਤੰਬਰ, 2026
ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਦੇ ਸਾਬਕਾ ਪ੍ਰਧਾਨ ਗੁਰਨੇਕ ਸ਼ੇਰ ਦੇ ਪਿੰਡ ਸਜਾਵਲਪੁਰ ਵਿਖੇ ਮਾਂ ਨੂੰ ਸਮਰਪਿਤ ਜੁੜੀ ਸ਼ਾਇਰਾਨਾ ਸ਼ਾਮ ਯਾਦਗਾਰੀ ਹੋ ਨਿਬੜੀ। ਇਸ ਮੌਕੇ ਸ਼ਾਇਰਾ ਵਲੋਂ ਮਾਂ ਦੀ ਮਮਤਾ ਅਤੇ ਮਾਂ ਦਾ ਆਪਣੇ ਪਰਿਵਾਰ ਅਤੇ ਖਾਸ ਕਰਕੇ ਬੱਚਿਆਂ ਪ੍ਰਤੀ ਵੱਡਮੁੱਲਾ ਯੋਗਦਾਨ ਅੰਕਿਤ ਕਰਦੀਆ ਰਚਨਾਵਾਂ ਦੀ ਸਾਂਝ ਪਾਈ ਗਈ। ਇਹ ਸ਼ਾਮਲ ਸਵ. ਅਮਰ ਕੌਰ ਮੰਡੇਰ ਦੇ ਜੀਵਨ ਸਫ਼ਰ ਨੂੰ ਸਮਰਪਿਤ ਸੀ ਜੋ ਕਿ ਕੈਨੇਡਾ ’ਚ ਬੀਤੀ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ।
ਇਸ ਦੌਰਾਨ ਗੀਤ, ਕਵਿਤਾਵਾਂ ਤੇ ਗ਼ਜ਼ਲਾਂ ਦੀਆਂ ਪੇਸ਼ਕਾਰੀਆਂ ਵਿੱਚ ਪ੍ਰਿੰਸੀਪਲ ਰਾਮ ਨਾਥ ਕਟਾਰੀਆ, ਰਜਨੀ ਸ਼ਰਮਾ, ਦੇਸ ਰਾਜ ਬਾਲੀ, ਹਰੀ ਕਿਸ਼ਨ ਪਟਵਾਰੀ, ਰਾਜਵਿੰਦਰ ਕੌਰ ਨਾਗਰਾ, ਨੀਰੂ ਜੱਸਲ, ਮਨਪ੍ਰੀਤ ਕੌਰ ਸੋਢੀਆਂ, ਅਮਰਜੀਤ ਕੌਰ ਚੰਦਰ ਆਦਿ ਸ਼ਾਮਲ ਸਨ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਕਿਹਾ ਕਿ ਮਾਂ ਦੀ ਹੋਂਦ ਨਾਲ ਪਰਿਵਾਰ ਦੀ ਸਥਾਪਿਤੀ ਸੰਭਵ ਹੈ ਕਿਉਂਕਿ ਮਮਤਾ ਦਾ ਵਾਸ ਜਿੱਥੇ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਅਥਾਹ ਭਾਵਨਾਵਾਂ ਰੱਖਦਾ ਹੈ ਉੱਥੇ ਇੱਕ ਮਾਂ ਮਹਿਲਾ ਦੇ ਰੂਪ ਵਿੱਚ ਪਰਿਵਾਰ ਦੇ ਸਾਰੇ ਜੀਵਾਂ ਲਈ ਸ਼ੁੱਭ ਕਾਮਨਾਵਾਂ ਦਾ ਨਾਤਾ ਨਿਭਾਉਂਦੀ ਹੈ। ਲੇਖਕ ਸੁਰਜੀਤ ਮਜਾਰੀ ਨੇੇ ਵੀ ਮਾਂ ਪ੍ਰਤੀ ਸਤਿਕਾਰ ਸਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਈ।
ਬੀਤੇੇ ਦਿਨੀ ਕੈਨੇਡਾ ਤੋਂ ਵਤਨ ਪਰਤੇ ਗੁਰਨੇਕ ਸ਼ੇਰ ਅਤੇ ਉਹਨਾਂ ਦੇ ਜੀਵਨ ਸਾਥੀ ਬਲਵੀਰ ਕੌੌਰ ਦਾ ਸੰਸਥਾ ਵਲੋਂ ਫੁੱਲ ਮਲਾਵਾਂ ਨਾਲ ਸਵਾਗਤ ਕੀਤਾ ਗਿਆ ਅਤੇ ਉਹਨਾਂ ਕੋਲੋਂ ਉੱਥੇ ਪੰਜਾਬੀ ਪ੍ਰਤੀ ਸੇਵਾਵਾਂ ਦੀ ਅਜੋਕੀ ਸਥਿਤੀ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਗਈ। ਗੁਰਨੇਕ ਸ਼ੇਰ ਨੇ ਦੱਸਿਆ ਕਿ ਨਵਜੋਤ ਸਾਹਿਤ ਸੰਸਥਾ ਦਾ ਇਸ ਕਦਰ ਆਪਣੇ ਸਮੂਹ ਮੈਂਬਰਾਨ ਵਿਚਕਾਰ ਅਪਣੱਤ ਤੇ ਪਰਿਵਾਰਕ ਮਾਹੌਲ ਸਿਰਜਨਾ ਵੱਡੀ ਉਦਾਹਰਣ ਹੈ। ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਪੰਜਾਬੀ ਲੈਕਚਰਾਰ ਰਾਜ ਰਾਣੀ ਨੇ ਸਾਂਝੇ ਕੀਤੇ।