Babushahi Special-ਰਾਮ ਰਹੀਮ ਨੂੰ ਸਜ਼ਾ ਵਾਲੇ ਦਿਨ ਫਰਲ੍ਹੋ ਸੰਜੋਗ ਜਾਂ ਕੁੱਝ ਵੱਡਾ ਹੋਣ ਸਬੰਧੀ ਚੁੰਝ ਚਰਚਾ ਛਿੜੀ
ਮੀਡੀਆ ਇਸ਼ਤਿਹਾਰਾਂ ਨੇ ਦਿੱਤੀ ਚਰਚਿਆਂ ਨੂੰ ਹਵਾ
ਅਸ਼ੋਕ ਵਰਮਾ
ਬਠਿੰਡਾ , 12 ਸਤੰਬਰ 2026 : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਸਜ਼ਾ ਸੁਨਾਉਣ ਵਾਲੇ ਦਿਨ 25 ਅਗਸਤ 2026 ਨੂੰ 40 ਦਿਨਾਂ ਲਈ ਦਿੱਤੀ ਗਈ ਫਰਲ੍ਹੋ ਕੋਈ ਸੰਜੋਗ ਹੈ ਜਾਂ ਫਿਰ ਡੇਰੇ ਦੇ ਇਤਿਹਾਸ ’ਚ ਕੋਈ ਨਵੀਂ ਪਿਰਤ ਪੈਣ ਜਾ ਰਹੀ ਹੈ। ਸਿਆਸੀ ਤੇ ਸਮਾਜਿਕ ਹਲਕਿਆਂ ’ਚ ਪਿਛਲੇ ਕਈ ਦਿਨਾਂ ਤੋਂ ਇਸ ਸਬੰਧੀ ਚੁੰਝ ਚਰਚਾ ਛਿੜੀ ਹੋਈ ਹੈ ਜਿਸ ਨੂੰ ਅੱਜ ਡੇਰਾ ਸਿਰਸਾ ਵੱਲੋਂ ਕੁੱਝ ਅਖਬਾਰਾਂ ’ਚ ਛਪਵਾਏ ਇਸ਼ਤਿਹਾਰਾਂ ਨੇ ਹਵਾ ਦੇਣ ਦਾ ਕੰਮ ਕੀਤਾ ਹੈ। ਹਾਲਾਂਕਿ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਡੇਰਾ ਸਿਰਸਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਨੇ ਇਨ੍ਹਾਂ ਤੱਥਾਂ ਦੀ ਤਰਦੀਦ ਕੀਤੀ ਹੈ ਪਰ ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਭਾਜਪਾ ਦੀ ਨਸ਼ਾ ਵਿਰੋਧੀ ਯਾਤਰਾ ਕਾਰਨ ਡੇਰੇ ਦਾ ਇਹ ਪੈਂਤੜਾ ਸਹਿਜ ਨਹੀਂ ਬਲਕਿ ਇਸ ਪਿੱਛੇ ਕੋਈ ਵੱਡੀ ਰਣਨੀਤੀ ਕੰਮ ਕਰ ਰਹੀ ਹੈ।
ਦੂਜੇ ਪਾਸੇ ਡੇਰਾ ਪੈਰੋਕਾਰਾਂ ਵੱਲੋਂ ਇਸ਼ਤਿਹਾਰਾਂ ਨੂੰ ਲੋਕਾਂ ਦੇ ਸਾਹਮਣੇ ਸਚਾਈ ਰੱਖਣ ਵਜੋਂ ਦੇਖਿਆ ਜਾ ਰਿਹਾ ਹੈ। ਅੱਜ ਪ੍ਰਕਾਸ਼ਿਤ ਇਸ਼ਤਿਹਾਰਾਂ ’ਚ ਡੇਰਾ ਸਿਰਸਾ ਨੇ ਪੈਰੋਲ ਅਤੇ ਫਰਲ੍ਹੋ ਸਬੰਧੀ ਆਪਣਾ ਪੱਖ ਰੱਖਿਆ ਤੇ ਡੇਰੇ ਖਿਲਾਫ ਘੜੀਆਂ ਗਈਆਂ ਕਥਿਤ ਸਾਜਿਸ਼ਾਂ ਤੋਂ ਵੀ ਨਾਲ ਪਰਦਾ ਚੁੱਕਿਆ। ਡੇਰੇ ਨੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਅਗਵਾਈ ਹੇਠ ਕੀਤੇ ਜਾਂਦੇ ਸਮਾਜ ਭਲਾਈ ਕਾਰਜਾਂ ਸਬੰਧੀ ਵੀ ਚਾਨਣਾ ਪਾਇਆ ਹੈ। ਸਮੱਗਰੀ ਅਨੁਸਾਰ ਡੇਰਾ ਮੁਖੀ ਨੂੰ ਹੁਣ ਤੱਕ ਪੈਰੋਲ ਜਾਂ ਫਰਲੋ ਹਮੇਸ਼ਾ ਕਾਨੂੰਨ ਅਨੁਸਾਰ ਹੀ ਦਿੱਤੀ ਗਈ। ਇਸ ਦੌਰਾਨ ਨਾਂ ਕੋਈ ਉਲੰਘਣਾ ਹੋਈ ਤੇ ਨਾਂ ਹੀ ਕੋਈ ਵਿਵਾਦ ਹੋਇਆ। ਇੱਕ ਲੋਕ ਹਿੱਤ ਪਟੀਸ਼ਨ ’ਤੇ ਫੈਸਲਾ ਸੁਣਾਉਂਦਿਆਂ ਹਾਈ ਕੋਰਟ ਨੇ ਡੇਰਾ ਮੁਖੀ ਨੂੰ ਦਿੱਤੀ ਪੈਰੋਲ ਨੂੰ ਕਾਨੂੰਨ ਅਨੁਸਾਰ ਦੱਸਿਆ ਸੀ। ਹਾਈਕੋਰਟ ਦੇ ਹੁਕਮਾਂ ਖਿਲਾਫ ਜਦੋਂ ਮਾਮਲਾ ਸੁਪਰੀਮ ਕੋਰਟ ਗਿਆ ਤਾਂ ਦੇਸ਼ ਦੀ ਸਰਵਉੱਚ ਅਦਾਲਤ ਨੇ ਵੀ ਹਾਈਕੋਰਟ ਦੇ ਫੈਸਲੇ ’ਤੇ ਆਪਣੀ ਮੋਹਰ ਲਾਈ ਸੀ।
ਇਸੇ ਤਰਾਂ ਡੇਰਾ ਮੁਖੀ ਖਿਲਾਫ ਅਦਾਲਤੀ ਮਾਮਲਿਆਂ ਨੂੰ ਇੱਕ ਤਰਾਂ ਨਾਲ ਸਾਜਿਸ਼ ਕਰਾਰ ਦਿੱਤਾ ਗਿਆ ਹੈ। ਇਸ਼ਤਿਹਾਰ ਅਨੁਸਾਰ ਰਾਮ ਰਹੀਮ ਦੀ ਪ੍ਰੇਰਣਾ ਨਾਲ ਜਦੋਂ ਲੋਕ ਸਮਾਜ ’ਚ ਨਸ਼ੇ ਤਿਆਗਣ ਲੱਗੇ ਤਾਂ ਨਸ਼ਾ ਮਾਫੀਆ ਅਤੇ ਡੇਰਾ ਵਿਰੋਧੀ ਤਾਕਤਾਂ ਨੇ ਗੁਰੂ ਜੀ ( ਡੇਰਾ ਮੁਖੀ ) ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਫੀ ਵਾਰ ਕਾਤਲਾਨਾ ਹਮਲੇ ਕੀਤੇ। ਇੰਨ੍ਹਾਂ ਮਾਮਲਿਆਂ ਦੇ ਹਮਲਵਾਰ ਫੜੇ ਵੀ ਗਏ ਅਤੇ ਕਥਿਤ ਸਾਜਿਸ਼ਘਾੜਿਆਂ ਨੂੰ ਅਦਾਲਤ ਚੋਂ ਸਜ਼ਾ ਵੀ ਹੋਈ । ਜਦੋਂ ਇੰਨ੍ਹਾਂ ਤਾਕਤਾਂ ਦੀਆਂ ਕਥਿਤ ਸਾਜਿਸ਼ਾਂ ਸਫਲ ਨਾਂ ਹੋਈਆਂ ਤਾਂ ਡੇਰਾ ਮੁਖੀ ਨੂੰ ਫਸਾਉਣ ਲਈ ਅਦਾਲਤ ’ਚ ਝੂਠੀਆਂ ਗਵਾਹੀਆਂ ਕਰਵਾਈਆਂ ਗਈਆਂ। ਇਸ਼ਤਿਹਾਰ ਅਨੁਸਾਰ ਕੁੱਝ ਡੇਰਾ ਵਿਰੋਧੀਆਂ ਨੇ ਮੀਡੀਆਂ ਨੂੰ ਦਿੱਤੀ ਇੰਟਰਵਿਊ ’ਚ ਇਹ ਮੰਨਿਆ ਵੀ ਹੈ ਪਰ ਇਹ ਲੋਕ ਇਹ ਗੱਲ ਭੁੱਲ ਜਾਂਦੇ ਹਨ ਕਿ ਸੱਚ ਸਾਹਮਣੇ ਆਉਣ ’ਚ ਦੇਰ ਲੱਗ ਸਕਦੀ ਹੈ , ਸੱਚ ਨੂੰ ਹਰਾਇਆ ਨਹੀਂ ਜਾ ਸਕਦਾ ਹੈ।
ਇਸ ਇਸ਼ਤਿਹਾਰ ’ਚ ਡੇਰਾ ਸੱਚਾ ਸੌਦਾ ਸਿਰਸਾ ਦੇ ਹੁਣ ਤੱਕ ਦੇ ਇਤਿਹਾਸ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ । ਮੁਲਕ ਦੇ ਵੱਖ ਵੱਖ ਸੂਬਿਆਂ ਚ ਡੇਰਾ ਸਿਰਸਾ ਦੇ 580 ਡੇਰੇ ਹਨ ਅਤੇ ਸ਼ਰਧਾਲੂਆਂ ਦੀ ਗਿਣਤੀ 7.5 ਕਰੋੜ ਦੱਸੀ ਗਈ ਹੈ। ਇਹ ਸ਼ਰਧਾਲੂ ਡੇਰਾ ਮੁਖੀ ਦੀ ਪ੍ਰੇਰਣਾ ਤਹਿਤ 23 ਸਤੰਬਰ 1990 ( ਗੱਦੀਨਸ਼ੀਨੀ ਦਿਵਸ) ਤੋਂ ਹੁਣ ਤੱਕ ਬੁਰਾਈਆਂ ਛੱਡਕੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਡੇਰਾ ਸਿਰਸਾ ਨੇ ਸੰਸਥਾਪਕ ਸ਼ਾਹ ਮਸਤਾਨਾ ਵੱਲੋਂ 1948 ਤੋਂ 1960 ਤੱਕ 1 ਕਰੋੜ 48277 ਅਤੇ ਦੂਸਰੇ ਮੁਖੀ ਸਤਨਾਮ ਸਿੰਘ ਵੱਲੋਂ 1960 ਤੋਂ 1990 ਤੱਕ 11 ਕਰੋੜ 08429 ਲੋਕਾਂ ਨੂੰ ਡੇਰੇ ਨਾਲ ਜੋੜਨ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸੇ ਲੜੀ ’ਚ ਇਹ ਵੀ ਦੱਸਿਆ ਹੈ ਕਿ ਸ਼ਰਧਾਲੂ ਹੁਣ ਤੱਕ 33 ਲੱਖ 85 ਹਜ਼ਾਰ 396 ਯੂਨਿਟ ਖੂਨਦਾਨ ਕਰ ਚੁੱਕੇ ਹਨ ਜੋਕਿ ਲੀਟਰਾਂ ਦੇ ਹਿਸਾਬ ਨਾਲ 15 ਲੱਖ 23 ਹਜ਼ਾਰ 435 ਲੀਟਰ ਬਣਦਾ ਹੈ।
ਵਾਤਾਵਰਨ ਰਾਖੀ ’ਚ ਯੋਗਦਾਨ
ਧਰਤੀ ਨੂੰ ਹਰਿਆ ਭਰਿਆ ਕਰਨ ਲਈ ਡੇਰਾ ਮੁਖੀ ਵੱਲੋਂ ਚਲਾਈ ਮੁਹਿੰਮ ਤਹਿਤ ਹੁਣ ਤੱਕ ਡੇਰਾ ਸ਼ਰਧਾਲੂਆਂ ਵੱਲੋਂ 35 ਕਰੋੜ 40 ਲੱਖ ਪੌਦੇ ਲਾਏ ਜਾ ਚੁੱਕੇ ਹਨ। ਡੇਰਾ ਸੱਚਾ ਸੌਦਾ ਦਾ ਨਾਮ 15 ਅਗਸਤ 2009 ਨੂੰ ਸਿਰਫ 8 ਘੰਟਿਆਂ ’ਚ 68 ਲੱਖ 73 ਹਜ਼ਾਰ 452 ਪੈਦੇ ਲਾਉਣ ਸਬੰਧੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ’ਚ ਦਰਜ ਹੈ। ਡੇਰਾ ਮੁਖੀ ਨੇ ਹਰ ਸ਼ਰਧਾਲੂ ਨੂੰ ਹਰ ਸਾਲ 12 ਪੌਦੇ ਲਾਉਣ ਦਾ ਅਹਿਦ ਵੀ ਕਰਵਾਇਆ ਹੋਇਆ ਹੈ।
ਸਫਾਈ ਮਹਾਂਅਭਿਆਨ ਮੁਹਿੰਮ
‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ ਮੁਹਿੰਮ ਤਹਿਤ ਹੁਣ ਤੱਕ 36 ਸ਼ਹਿਰਾਂ ’ਚ ਮੈਗਾ ਸਫਾਈ ਮੁਹਿੰਮਾਂ ਚਲਾਈਆਂ ਜਾ ਚੁੱਕੀਆਂ ਹਨ। ਇੰਨ੍ਹਾਂ ਰਾਹੀਂ ਹਰੀਦਵਾਰ , ਰਿਸ਼ੀਕੇਸ਼ , ਜਗਨਨਾਥ ਪੁਰੀ (ਉੜੀਸਾ) , ਅਜਮੇਰ ,ਪੁਸ਼ਕਰ ਵਰਗੇ ਪ੍ਰਸਿੱਧ ਧਾਰਮਿਕ ਸ਼ਹਿਰ , ਪਵਿੱਤਰ ਗੰਗਾ ਨਦੀ ਦੀ ਰਿਸ਼ੀਕੇਸ਼ ਤੋਂ ਰੁੜਕੀ ਤੱਕ ਸਫਾਈ ਤੋਂ ਇਲਾਵਾ ਦਿੱਲੀ , ਮੁੰਬਈ , ਗੁਰੂਗ੍ਰਾਮ , ਜੈਪੁਰ ਅਤੇ ਜੋੋਧਪੁਰ ਵਰਗੇ ਮਹਾਂਨਗਰਾਂ ਨੂੰ ਲਿਸ਼ਕਾਇਆ ਗਿਆ ਹੈ।
ਆਸ਼ਿਆਨਾ ( ਘਰ) ਮੁਹਿੰਮ
ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਲੋੜਵੰਦ ਪ੍ਰੀਵਾਰਾਂ ਨੂੰ ਹੁਣ ਤੱਕ ਹਜ਼ਾਰਾਂ ਮਕਾਨ ਮੁਫਤ ਬਣਕੇ ਦਿੱਤੇ ਜਾ ਚੁੱਕੇ ਹਨ। ਸਾਲ 2001 ’ਚ ਗੁਜਰਾਤ ’ਚ ਆਏ ਭੁਚਾਲ ਕਾਰਨ ਬੇਘਰ ਹੋ ਚੁੱਕੇ ਸੈਂਕੜੇ ਪ੍ਰੀਵਾਰਾਂ ਨੂੰ ਘਰ ਬਣਾਕੇ ਦਿੱਤੇ ਗਏ ਸਨ। ਇਸ ਮੌਕੇ 145 ਪਿੰਡਾਂ ਨੂੰ ਡੇਰੇ ਨੇ ਗੋਦ ਲਿਆ ਸੀ ਜੋ ਡੇਰਾ ਸੱਚਾ ਸੌਦਾ ਦੀ ਆਸ਼ਿਆਨਾ ਮੁਹਿੰਮ ਦੀ ਮੂੰਹ ਬੋਲਦੀ ਤਸਵੀਰ ਹੈ।
- Download Babushahi App
-
-