ਚਿੱਟੇ ਦੀ ਭੇਟ ਚੜ੍ਹਿਆ ਇੱਕ ਹੋਰ ਘਰ ਦਾ ਚਿਰਾਗ: ਘਰਿਆਲਾ ਵਿਖੇ 28 ਸਾਲਾ ਨੌਜਵਾਨ ਦੀ ਓਵਰਡੋਜ਼ ਨਾਲ ਮੌਤ, ਪੁਲਿਸ 'ਤੇ ਲੱਗੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਦੇ ਦੋਸ਼
ਬਲਜੀਤ ਸਿੰਘ
ਪੱਟੀ/ਤਰਨ ਤਾਰਨ, 13 ਸਤੰਬਰ, 2026 : ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ 28 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਪਾਲ ਸਿੰਘ ਉਰਫ਼ ਜੱਜ (28) ਪੁੱਤਰ ਦਰਬਾਰਾ ਸਿੰਘ ਚੱਠੂ, ਵਾਸੀ ਪਿੰਡ ਘਰਿਆਲਾ ਵਜੋਂ ਹੋਈ ਹੈ। ਨੌਜਵਾਨ ਦੀ ਮ੍ਰਿਤਕ ਦੇਹ ਘਰਿਆਲਾ-ਰਾੜੀਆਂ ਵਾਲੀ ਸੜਕ 'ਤੇ ਪੁਲਿਸ ਚੌਂਕੀ ਤੋਂ ਕੁਝ ਹੀ ਦੂਰੀ 'ਤੇ ਸ਼ੱਕੀ ਹਾਲਾਤਾਂ ਵਿੱਚ ਮਿਲੀ।
ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ, ਮਾਤਾ ਗੁਰਮੀਤ ਕੌਰ ਅਤੇ ਰਿਸ਼ਤੇਦਾਰ ਗੁਰਮੁਖ ਸਿੰਘ ਨੇ ਰੋ-ਰੋ ਕੇ ਆਪਣਾ ਦਰਦ ਬਿਆਨ ਕੀਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪਿੰਡ ਘਰਿਆਲਾ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਹੁਣ ਛੋਟੇ-ਛੋਟੇ ਬੱਚੇ ਵੀ ਇਸ ਕਾਲੇ ਧੰਦੇ ਵਿੱਚ ਧੱਕੇ ਜਾ ਚੁੱਕੇ ਹਨ। ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅਤੇ ਅੱਜ ਨਸ਼ੇ ਨੇ ਉਨ੍ਹਾਂ ਦੇ ਘਰ ਦਾ ਚਿਰਾਗ ਬੁਝਾ ਕੇ ਬੂਹਾ ਬੰਦ ਕਰ ਦਿੱਤਾ ਹੈ।
ਰਿਸ਼ਤੇਦਾਰਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਦੀ ਕ੍ਰਿਸ਼ਨਾ ਬਸਤੀ, ਮੱਖੀ ਵਾਲੇ ਵਿਹੜੇ ਅਤੇ ਪਿੰਡ ਦੇ ਵਿਚਕਾਰ ਸਥਿਤ ਪੀਰਾਂ ਦੀ ਜਗ੍ਹਾ ਲਾਗੇ ਧੜੱਲੇ ਨਾਲ ਚਿੱਟਾ ਵੇਚਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਥਾਨਕ ਪੁਲਿਸ ਚੌਂਕੀ ਘਰਿਆਲਾ ਨੂੰ ਇਸ ਸਭ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਏਜੰਸੀ ਜਾਂ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਪੁਲਿਸ ਦੀ ਕਾਰਜਪ੍ਰਣਾਲੀ ਤੋਂ ਨਿਰਾਸ਼ ਪਰਿਵਾਰ ਨੇ ਐਲਾਨ ਕੀਤਾ ਕਿ ਉਹ ਬਿਨਾਂ ਪੁਲਿਸ ਕਾਰਵਾਈ ਦੇ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨਗੇ, ਕਿਉਂਕਿ ਪੁਲਿਸ ਇਨਸਾਫ਼ ਦੇਣ ਦੀ ਬਜਾਏ ਪੀੜਤਾਂ ਨੂੰ ਹੀ ਖੱਜਲ-ਖੁਆਰ ਕਰਦੀ ਹੈ।
- Download Babushahi App
-
-