ਅੰਮ੍ਰਿਤਸਰ 'ਚ ASI 'ਤੇ ਹਮਲੇ ਦੀ 'ਤਹਰੀਕ-ਏ-ਤਾਲੀਬਾਨ ਹਿੰਦੁਸਤਾਨ' ਨੇ ਲਈ ਜ਼ਿੰਮੇਵਾਰੀ; ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
Kulwinder Singh/ ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 13 ਸਤੰਬਰ, 2026: ਅੰਮ੍ਰਿਤਸਰ ਦੇ ਭਲਾ ਪਿੰਡ ਨੇੜੇ ਪੁਲਿਸ ਲਾਈਨ ਵਿੱਚ ਤੈਨਾਤ ਏਐਸਆਈ ਜਸਵੰਤ ਸਿੰਘ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਅੱਤਵਾਦੀ ਸੰਗਠਨ 'ਤਹਰੀਕ-ਏ-ਤਾਲੀਬਾਨ ਹਿੰਦੁਸਤਾਨ' (TTH) ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ ਅਤੇ ਨਾਲ ਹੀ ਭਾਰਤੀ ਪੁਲਿਸ ਤੇ ਫੌਜ ਨੂੰ ਮੁੜ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਹਾਲਾਂਕਿ, ਪੁਲਿਸ ਵੱਲੋਂ TTH ਦੇ ਇਸ ਬਿਆਨ 'ਤੇ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ, 11 ਸਤੰਬਰ ਦੀ ਦੇਰ ਸ਼ਾਮ ਡਿਊਟੀ ਖ਼ਤਮ ਕਰਨ ਤੋਂ ਬਾਅਦ ਏਐਸਆਈ ਜਸਵੰਤ ਸਿੰਘ ਆਪਣੇ ਮੋਟਰਸਾਈਕਲ 'ਤੇ ਘਰ (ਅਜਨਾਲਾ) ਵੱਲ ਜਾ ਰਿਹਾ ਸੀ। ਰਾਜਾਸਾਂਸੀ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਭਲਾ ਪਿੰਡ ਸ਼ੂਗਰ ਮਿੱਲ ਨੇੜੇ ਸ਼ਾਮ 7:00 ਤੋਂ 7:30 ਵਜੇ ਦੇ ਵਿਚਕਾਰ ਉਸ ਦੇ ਸਿਰ ਵਿੱਚ ਅਚਾਨਕ ਕੋਈ ਤਿੱਖੀ ਚੀਜ਼ ਲੱਗੀ ਅਤੇ ਖ਼ੂਨ ਵਹਿਣ ਲੱਗ ਪਿਆ। ਏਐਸਆਈ ਅਨੁਸਾਰ ਉਸ ਨੂੰ ਮਹਿਸੂਸ ਹੋਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ 'ਤੇ ਗੋਲੀ ਚਲਾਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੋਟਰਸਾਈਕਲ ਚਲਾ ਕੇ ਰਾਜਾਸਾਂਸੀ ਥਾਣੇ ਪਹੁੰਚਿਆ, ਜਿੱਥੋਂ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਪ੍ਰੀਤ ਨੇ ਦੱਸਿਆ ਕਿ ਪੁਲਿਸ ਵੱਲੋਂ ਕੇਸ ਦਰਜ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਮੁਤਾਬਕ ਜ਼ਖਮੀ ਏਐਸਆਈ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਹਾਲਾਂਕਿ, ਜਾਂਚ ਦੌਰਾਨ ਘਟਨਾ ਵਾਲੀ ਥਾਂ ਤੋਂ ਕੋਈ ਸੀਸੀਟੀਵੀ ਫੁਟੇਜ ਜਾਂ ਵੀਡੀਓ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਡਾਕਟਰਾਂ ਵੱਲੋਂ ਅਧਿਕਾਰਤ ਤੌਰ 'ਤੇ ਸਿਰ 'ਚ ਗੋਲੀ ਲੱਗਣ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।
- Download Babushahi App
-
-