ਅਕਾਲੀ ਦਲ ਲੰਬੇ-ਲੰਬੇ ਬਿਜਲੀ ਕੱਟਾਂ ਦੇ ਖਿਲਾਫ 16 ਸਤੰਬਰ ਨੂੰ ਹਲਕਾ ਪੱਧਰ ’ਤੇ ਰੋਸ ਵਿਖਾਵਾ ਕਰੇਗਾ: ਸੁਖਬੀਰ ਸਿੰਘ ਬਾਦਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 13 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਲੱਗ ਰਹੇ ਲੰਬੇ-ਲੰਬੇ ਬਿਜਲੀ ਕੱਟਾਂ ਵਿਰੁੱਧ 16 ਸਤੰਬਰ ਨੂੰ ਸੂਬੇ ਭਰ ਵਿਚ ਹਲਕਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰੇਗਾ ਕਿਉਂਕਿ ਇਹਨਾਂ ਬਿਜਲੀ ਕੱਟਾਂ ਦਾ ਕਿਸਾਨਾਂ ਤੇ ਨਾਗਰਿਕਾਂ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ।
ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇਸ ਵੇਲੇ ਗੰਭੀਰ ਬਿਜਲੀ ਸੰਕਟ ਦੀ ਲਪੇਟ ਵਿਚ ਹੈ। ਉਹਨਾਂ ਕਿਹਾ ਕਿ ਰੋਜ਼ਾਨਾ 10-10 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ ਜਿਸ ਕਾਰਨ ਆਮ ਪਰਿਵਾਰਾਂ ਨੂੰ ਬਰਦਾਸ਼ਤ ਕਰਨਾ ਔਖਾ ਹੋ ਗਿਆ ਹੈ ਅਤੇ ਵਪਾਰਕ ਅਦਾਰਿਆਂ ਤੇ ਉਦਯੋਗਾਂ ਨੂੰ ਮੁਸ਼ਕਿਲਾਂ ਦੇ ਨਾਲ-ਨਾਲ ਵੱਡੇ ਘਾਟਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਸਿਰਫ ਬਿਜਲੀ ਦੀ ਘਾਟ ਨਹੀਂ ਪ੍ਰਸ਼ਾਸਕੀ ਅਸਫਲਤਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਜਵਾਬ ਦੇਣ ਕਿ ਉਹ ਸੂਬੇ ਵਿਚ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਢੁਕਵੇਂ ਪ੍ਰਬੰਧ ਕਰਨ ਵਿਚ ਨਾਕਾਮ ਕਿਉਂ ਸਾਬਤ ਹੋਏ ਹਨ। ਉਹਨਾਂ ਨੇ ਹਰ ਪੰਜਾਬੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਵਾਜ਼ ਬੁਲੰਦ ਕਰੇ ਅਤੇ ਇਹਨਾਂ ਰੋਸ ਵਿਖਾਵਿਆਂ ਦਾ ਹਿੱਸਾ ਬਣੇ। ਉਹਨਾਂ ਕਿਹਾ ਕਿ ਸਰਕਾਰ ਨੂੰ ਬਿਜਲੀ ਸਪਲਾਈ ਬਹਾਲ ਕਰਨ ਵਾਸਤੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਮੁਹਾਜ਼ ’ਤੇ ਆਪਣੀ ਅਸਫਲਤਾ ਲਈ ਬਹਾਨੇ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
- Download Babushahi App
-
-