ਤਕਨਾਲੋਜੀ ਤੇ ਖਣਿਜਾਂ ਦਾ ਹਥਿਆਰੀਕਰਨ ਸਾਂਝੀ ਤਰੱਕੀ 'ਚ ਵੱਡੀ ਰੁਕਾਵਟ: ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਚੇਤਾਵਨੀ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 13 ਸਤੰਬਰ, 2026 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 18ਵੇਂ ਬ੍ਰਿਕਸ ਸੰਮੇਲਨ ਦੇ ਦੂਜੇ ਦਿਨ ਸੰਬੋਧਨ ਕਰਦਿਆਂ ਆਗਾਹ ਕੀਤਾ ਹੈ ਕਿ ਤਕਨਾਲੋਜੀ ਅਤੇ ਮਹੱਤਵਪੂਰਨ ਖਣਿਜਾਂ (Critical Minerals) ਦਾ ਹਥਿਆਰੀਕਰਨ ਬ੍ਰਿਕਸ ਦੇਸ਼ਾਂ ਦੀ ਸਾਂਝੀ ਤਰੱਕੀ ਵਿੱਚ ਵੱਡੀ ਰੁਕਾਵਟ ਬਣ ਸਕਦਾ ਹੈ। 'ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ: ਸਮਾਵੇਸ਼ੀ ਗਲੋਬਲ ਵਿਕਾਸ ਲਈ ਭਵਿੱਖ ਨੂੰ ਆਕਾਰ ਦੇਣਾ' ਵਿਸ਼ੇ 'ਤੇ ਆਯੋਜਿਤ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਤਕਨਾਲੋਜੀ ਨੂੰ ਅਪਣਾਉਣ ਵੇਲੇ ਸਭ ਦੀ ਸਮੂਲੀਅਤ ਅਤੇ ਸਮਾਵੇਸ਼ੀ ਨੀਤੀ ਅਪਣਾਉਣ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬ੍ਰਿਕਸ ਲੌਜਿਸਟਿਕ ਸਪਲਾਈ ਚੇਨ ਸਹਿਯੋਗ ਫਰੇਮਵਰਕ ਸਪਲਾਈ ਲੜੀ ਨੂੰ ਵਧੇਰੇ ਭਰੋਸੇਮੰਦ ਅਤੇ ਮਜ਼ਬੂਤ ਬਣਾਏਗਾ। ਨਵੀਨਤਾ ਨੂੰ ਹੁੰਗਾਰਾ ਦੇਣ ਲਈ ਬ੍ਰਿਕਸ ਇਨਕਿਊਬੇਟਰ ਨੈੱਟਵਰਕ ਰਾਹੀਂ ਸਟਾਰਟਅੱਪਸ ਨੂੰ ਜੋੜਿਆ ਜਾਵੇਗਾ ਅਤੇ ਬ੍ਰਿਕਸ ਸਟਾਰਟਅੱਪ ਇਨੋਵੇਸ਼ਨ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਡਿਜੀਟਲ ਖੇਤੀਬਾੜੀ ਰਾਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਭੂ-ਸਥਾਨਕ ਤਕਨਾਲੋਜੀ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਕਿਸਾਨਾਂ ਦੀਆਂ ਅਸਲ ਜ਼ਰੂਰਤਾਂ ਨਾਲ ਜੋੜ ਕੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਕਸ ਵਿੱਚ 'ਗਲੋਬਲ ਸਾਊਥ' ਦੇਸ਼ਾਂ ਦਾ ਵਿਸ਼ਵਾਸ ਲਗਾਤਾਰ ਵਧਿਆ ਹੈ ਕਿਉਂਕਿ ਇੱਥੇ ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੈ ਅਤੇ ਹੱਲ ਉਨ੍ਹਾਂ ਦੇ ਨਾਲ ਮਿਲ ਕੇ ਤਿਆਰ ਕੀਤੇ ਜਾਂਦੇ ਹਨ। ਬ੍ਰਿਕਸ ਦੀ ਅਸਲ ਤਾਕਤ ਇਸ ਦੀ ਵਿਭਿੰਨਤਾ ਅਤੇ ਆਪਸੀ ਸਹਿਯੋਗ ਵਿੱਚ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਪਣਾਏ ਗਏ 'ਨਵੀਂ ਦਿੱਲੀ ਐਲਾਨਨਾਮੇ' ਵਿੱਚ ਵੀ ਮਹੱਤਵਪੂਰਨ ਖਣਿਜਾਂ ਦੀਆਂ ਲਚਕੀਲੀਆਂ, ਨਿਰਪੱਖ ਅਤੇ ਟਿਕਾਊ ਸਪਲਾਈ ਚੇਨਾਂ ਬਣਾਉਣ 'ਤੇ ਸਹਿਮਤੀ ਪ੍ਰਗਟਾਈ ਗਈ ਸੀ। ਐਲਾਨਨਾਮੇ ਵਿੱਚ ਸਰੋਤ-ਅਮੀਰ ਦੇਸ਼ਾਂ ਦੇ ਆਪਣੇ ਖਣਿਜਾਂ ਉੱਤੇ ਪ੍ਰਭੂਸੱਤਾ ਸੰਪੰਨ ਅਧਿਕਾਰਾਂ ਦਾ ਸਮਰਥਨ ਕਰਦਿਆਂ ਮੰਨਿਆ ਗਿਆ ਕਿ ਇਹ ਖਣਿਜ ਘੱਟ-ਨਿਕਾਸ ਵਾਲੀਆਂ ਊਰਜਾ ਤਕਨਾਲੋਜੀਆਂ ਅਤੇ ਊਰਜਾ ਸੁਰੱਖਿਆ ਲਈ ਬਹੁਤ ਜ਼ਰੂਰੀ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸੰਮੇਲਨ ਨੂੰ ਇੱਕ ਅਜਿਹੇ ਬ੍ਰਿਕਸ ਦੇ ਪ੍ਰਤੀਬਿੰਬ ਵਜੋਂ ਦਰਸਾਇਆ ਜੋ ਵਿਆਪਕ ਪਹੁੰਚ ਅਤੇ ਮਜ਼ਬੂਤ ਇਰਾਦੇ ਨਾਲ ਅੱਗੇ ਵਧ ਰਿਹਾ ਹੈ।
- Download Babushahi App
-
-